Connect with us

Punjab

ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ

Published

on

ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵੱਡੇ ਫ਼ਰਕ ਨਾਲ ਹਰਾਇਆ ਹੈ। ਲਾਭ ਦੇ ਵਿਧਾਇਕ ਬਣਨ ਮਗਰੋਂ ਵੀ ਉਸ ਦੀ ਮਾਤਾ ਬਲਦੇਵ ਕੌਰ ਪਿੰਡ ਉਗੋਕੇ ਦੇ ਸਰਕਾਰੀ ਮਿਡਲ ਸਕੂਲ ਵਿੱਚ ਸਫ਼ਾਈ ਸੇਵਿਕਾ ਦੀ ਡਿਊਟੀ ਨਿਭਾ ਰਹੀ ਹੈ। ਲਾਭ ਸਿੰਘ ਨੇ ਚੰਨੀ ਨੂੰ 3500 ਤੋਂ ਵੱਧ ਵੋਟਾਂ ਨਾਲ ਮਾਤ ਦਿੱਤੀ ਹੈ।

ਮਾਤਾ ਬਲਦੇਵ ਕੌਰ ਨੇ ਕਿਹਾ ਕਿ ਲਾਭ ਸਿੰਘ ਤੋਂ ਹਲਕਾ ਭਦੌੜ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ ਕਿ ਉਹ ਹਲਕੇ ਦੇ ਲੋਕਾਂ ਦੀਆਂ ਸਿਹਤ, ਸਿੱਖਿਆ ਸਹੂਲਤਾਂ ਤੋਂ ਇਲਾਵਾ ਪੜ੍ਹੇ-ਲਿਖੇ ਨੌਜਵਾਨਾਂ ਦੇ ਰੁਜ਼ਗਾਰ ਲਈ ਕੰਮ ਕਰੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਉਨ੍ਹਾਂ ਦਾ ਪੁੱਤ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਬਲਦੇਵ ਕੌਰ ਨੇ ਕਿਹਾ ਕਿ ਪੁੱਤ ਦੀ ਜਿੱਤ ਦੀ ਬਹੁਤ ਖੁਸ਼ੀ ਹੈ। ਭਾਵੇਂ ਲਾਭ ਸਿੰਘ ਮੁੱਖ ਮੰਤਰੀ ਚਰਨਜੀਤ ਚੰਨੀ ਖ਼ਿਲਾਫ਼ ਚੋਣ ਲੜ ਰਿਹਾ ਸੀ ਪਰ ਉਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਉਸ ਦੀ ਜਿੱਤ ਦਾ ਭਰੋਸਾ ਸੀ।

ਉਨ੍ਹਾਂ ਕਿਹਾ, ‘‘ਭਾਵੇਂ ਮੇਰਾ ਪੁੱਤ ਵਿਧਾਇਕ ਬਣ ਗਿਆ ਹੈ ਅਤੇ ਪਰ ਮੈਂ ਆਪਣਾ ਕੰਮ ਇਸੇ ਤਰ੍ਹਾਂ ਜਾਰੀ ਰੱਖਾਂਗੀ। ਮੇਰਾ ਪੁੱਤ ਹਲਕਾ ਭਦੌੜ ਵਾਸੀਆਂ ਦੀ ਅਤੇ ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਸੇਵਾ ਕਰਾਂਗੀ।’’ ਉਹ ਪਿਛਲੇ ਕਰੀਬ 22 ਸਾਲ ਤੋਂ ਸਕੂਲ ਵਿੱਚ ਸਫ਼ਾਈ ਸੇਵਿਕਾ ਵਜੋਂ ਕੰਮ ਕਰ ਰਹੀ ਹੈ।