Connect with us

Punjab

ਮੀਤ ਹੇਅਰ ਨੇ ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ਦੇ ਉਪ ਜੇਤੂ ਜੋਸ਼ਨੂਰ ਢੀਂਡਸਾ ਨੂੰ ਮਿਲ ਕੇ ਕੀਤੀ ਹੌਸਲਾ ਅਫ਼ਜ਼ਾਈ

Published

on

ਚੰਡੀਗੜ:

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਹਿਰੀਨ ਵਿਖੇ ਬੀਤੇ ਦਿਨੀਂ ਸੰਪੰਨ ਹੋਈ ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਉਪ ਜੇਤੂ ਰਹੀ ਭਾਰਤੀ ਵਾਲੀਬਾਲ ਟੀਮ ਦੇ ਅਹਿਮ ਖਿਡਾਰੀ ਜੋਸ਼ਨੂਰ ਢੀਂਡਸਾ ਨੂੰ ਨਿੱਜੀ ਤੌਰ ਉਤੇ ਮਿਲ ਕੇ ਮੁਬਾਰਕਬਾਦ ਦਿੰਦਿਆਂ ਹੌਸਲਾ ਅਫ਼ਜ਼ਾਈ ਕੀਤੀ।

ਅੱਜ ਇਥੇ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ਉਤੇ ਜੋਸ਼ਨੂਰ ਢੀਂਡਸਾ ਨੂੰ ਮੁਲਾਕਾਤ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਮੁੜ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਹੈ। ਜੋਸ਼ਨੂਰ ਜਿਹੇ ਉਭਰਦੇ ਖਿਡਾਰੀ ਸੂਬੇ ਦਾ ਭਵਿੱਖ ਹੈ। ਉਨਾਂ ਕਿਹਾ ਕਿ ਇਸ ਖਿਡਾਰੀ ਨੂੰ ਅੱਗੇ ਵਧਣ ਲਈ ਖੇਡ ਵਿਭਾਗ ਵੱਲੋਂ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਜੋਸ਼ਨੂਰ ਦੀ ਪ੍ਰਾਪਤੀ ਛੋਟੀ ਉਮਰ ਦੇ ਖਿਡਾਰੀਆਂ ਲਈ ਪ੍ਰੇਰਨਾ ਬਣੇਗੀ। ਖੇਡ ਮੰਤਰੀ ਨੇ ਉਸ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਮੀਤ ਹੇਅਰ ਨੇ ਕਿਹਾ ਕਿ ਖੇਡ ਵਿਭਾਗ ਨਵੀਂ ਖੇਡ ਨੀਤੀ ਵੀ ਬਣਾ ਰਿਹਾ ਹੈ ਜਿਸ ਤਹਿਤ ਪ੍ਰਤਿਭਾਵਾਨ ਖਿਡਾਰੀਆਂ ਨੂੰ ਅੱਗੇ ਲਿਜਾਣ, ਵੱਡੇ ਖਿਡਾਰੀਆਂ ਦੇ ਮਾਣ-ਸਨਮਾਨ ਅਤੇ ਖਿਡਾਰੀਆਂ ਦੀ ਨੌਕਰੀ ਸਬੰਧੀ ਹਰ ਪੱਖ ਕਵਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਇਕ ਸ਼ੁਰੂਆਤ ਹੈ ਅਤੇ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਜ਼ਿਕਰਯੋਗ ਹੈ ਕਿ ਭਾਰਤ ਨੇ ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ਵਿੱਚ 28 ਵਰਿਆਂ ਬਾਅਦ ਕੋਈ ਤਮਗਾ ਜਿੱਤਿਆ ਹੈ। ਟੀਮ ਦਾ ਅਹਿਮ ਖਿਡਾਰੀ ਜੋਸ਼ਨੂਰ ਢੀਂਡਸਾ ਮਾਨਸਾ ਦਾ ਰਹਿਣ ਵਾਲਾ ਹੈ ਜੋ ਕਿ ਪਬਲਿਕ ਕਾਲਜ ਸਮਾਣਾ ਵਿਖੇ ਬੀ.ਏ.ਭਾਗ ਦੂਜਾ ਦਾ ਵਿਦਿਆਰਥੀ ਹੈ। ਜੋਸ਼ਨੂਰ ਇਸ ਤੋਂ ਪਹਿਲਾਂ ਸੀਨੀਅਰ ਏਸ਼ੀਆ ਕੱਪ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਹੈ। ਮੀਤ ਹੇਅਰ ਨੇ ਇਸ ਮੌਕੇ ਜੋਸ਼ਨੂਰ ਦੇ ਪਿਤਾ ਸੁਖਵਿੰਦਰ ਸਿੰਘ ਢੀਂਡਸਾ, ਉਸ ਦੇ ਕੋਚ ਚਮਨ ਸਿੰਘ ਤੇ ਪਬਲਿਕ ਕਾਲਜ ਸਮਾਣਾ ਦੇ ਪ੍ਰਿੰਸੀਪਲ ਡਾ. ਜਤਿੰਦਰ ਦੇਵ ਨੂੰ ਵੀ ਵਧਾਈ ਦਿੱਤੀ।