Connect with us

National

ਪੈਰਿਸ ਓਲੰਪਿਕਸ ਵਿੱਚ ਬਾਬੇ ਨਾਨਕ ਦੀਆਂ ਸਤਰਾਂ ਦਾ ਮਹੱਤਵ

Published

on

26 ਜੁਲਾਈ 2024 ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਓਲੰਪਿਕਸ ਖੇਡਾਂ ਦਾ ਰੰਗਾ-ਰੰਗ ਆਗ਼ਾਜ਼ ਹੋਇਆ। ਜੇ ਤੁਸੀਂ ਧਿਆਨ ਦਿੱਤਾ ਹੋਵੇ ਤਾਂ ਓਲੰਪਿਕ ਇਤਿਹਾਸ ਵਿੱਚ ਪਹਿਲੀ ਵਾਰ ਉਦਘਾਟਨੀ ਸਮਾਗਮ ਸਟੇਡੀਅਮ ’ਚ ਨਹੀਂ ਸਗੋਂ ਇੱਥੋਂ ਦੀ ਸੀਨ ਨਦੀ ਦੇ ਕੰਢੇ ਕਰਵਾਇਆ ਗਿਆ। ਮਾਰਚ ਵਿਚ ਸ਼ਾਮਲ ਵੱਖ ਵੱਖ ਦੇਸ਼ਾਂ ਦੇ 6800 ਅਥਲੀਟਾਂ ਨੇ 90 ਤੋਂ ਵੱਧ ਕਿਸ਼ਤੀਆਂ ਵਿਚ ਸਵਾਰ ਹੋ ਕੇ ਸੀਨ ਨਦੀ ਰਸਤੇ 6 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ।

ਫਰਾਂਸ ਦੀ ਸੀਨ ਨਦੀ ਦੁਨੀਆ ਦੀਆਂ ਸਭ ਤੋਂ ਵੱਕਾਰੀ ਨਦੀਆਂ ਵਿੱਚੋਂ ਇੱਕ ਹੈ। ਜਿਸ ਨੂੰ ਇਤਿਹਾਸ ਅਤੇ ਸਾਹਿਤ ਵਿੱਚ ਸਭ ਤੋਂ ਰੋਮਾਂਟਿਕ ਨਦੀ ਕਿਹਾ ਜਾਂਦਾ ਹੈ। ਇਹ ਬਰਗੰਡੀ ਤੋਂ ਪੈਰਿਸ ਹੁੰਦੇ ਹੋਏ ਨੌਰਮੰਡੀ ਦੇ ਸਮੁੰਦਰ ਤੱਕ 780 ਕਿਲੋਮੀਟਰ ਦਾ ਪੈਂਡਾ ਤੈਅ ਕਰਦੀ ਹੈ। ਸੀਨ ਨਦੀ ਰਾਜਧਾਨੀ ਪੈਰਿਸ ਤੋਂ ਉੱਤਰ-ਪੱਛਮ ਦਿਸ਼ਾ ਵੱਲ ਵਗਦੀ ਹੈ।ਇਹ ਨਦੀ ਪੈਰਿਸ ਦੀ ਇੱਕ ਪਛਾਣ ਰਹੀ ਹੈ ਕਿਉਂਕਿ ਇਸਦੀ ਸਥਾਪਨਾ ਪ੍ਰਾਚੀਨ ਰੋਮਨਾਂ ਨੇ ਕੀਤੀ ਸੀ। ਵਪਾਰੀ ਸਭ ਤੋਂ ਪਹਿਲਾਂ ਮੱਧ ਯੁੱਗ ਵਿੱਚ ਇਸ ਨਦੀ ਦੇ ਕੰਢੇ ਵਸੇ ਸਨ। ਇਸ ਨਦੀ ਦੇ ਕੰਢੇ, ਦੁਨੀਆ ਦੇ ਸਭ ਤੋਂ ਵਧੀਆ ਆਰਕੀਟੈਕਟਾਂ ਨੇ ਐਫਿਲ ਟਾਵਰ ਅਤੇ ਨੋਟਰੇ ਡੈਮ ਗਿਰਜਾਘਰ ਵਰਗੇ ਅਜਾਇਬ ਘਰ ਬਣਾਏ। ਇਹ ਕਿਹਾ ਜਾਂਦਾ ਹੈ ਕਿ ਸੀਨ ਨਦੀ ਕਰਕੇ ਹੀ ਪੈਰਿਸ ਵਸਾਇਆ ਗਿਆ ਸੀ।

ਪਰ ਇਸ ਨਦੀ ਦਾ ਇੱਕ ਕੌੜਾ ਸੱਚ ਵੀ ਹੈ। ਇਸ ਇਤਿਹਾਸਕ ਨਦੀ ਨੇ ਪਿਛਲੇ ਕੁਝ ਦਹਾਕਿਆਂ ਤੋਂ ਪ੍ਰਦੂਸ਼ਣ ਦਾ ਭਾਰੀ ਬੋਝ ਵੀ ਝੱਲਿਆ ਹੈ। ਇਹ ਨਦੀ ਇੰਨੀ ਪ੍ਰਦੂਸ਼ਿਤ ਹੈ ਕਿ ਇਸ ਵਿਚ ਤੈਰਾਕੀ ‘ਤੇ 100 ਸਾਲ ਤੋਂ ਵੱਧ ਸਮੇਂ ਤੋਂ ਪਾਬੰਦੀ ਹੈ। ਕਿਹਾ ਜਾਂਦਾ ਹੈ ਕਿ 16ਵੀਂ ਸਦੀ ਵਿੱਚ ਜੰਗਾਂ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਸੀਨ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਸਨ। ਹਾਲ ਹੀ ਦੇ ਦਹਾਕਿਆਂ ਵਿੱਚਟੀਵੀ ਸੈੱਟ, ਮੋਟਰਸਾਈਕਲ ਅਤੇ ਹੋਰ ਵੱਡੀਆਂ ਵਸਤੂਆਂ ਨੂੰ ਨਦੀ ਵਿੱਚ ਸੁੱਟਿਆ ਜਾਂਦਾ ਰਿਹਾ ਹੈ, ਜੋ ਲਗਾਤਾਰ ਇਸ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ।ਹਾਲਾਂਕਿ, ਆਧੁਨਿਕ ਸਮੇਂ ਵਿੱਚ ਇਸ ਦੇ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਅਣਗਿਣਤ ਟਨ ਗੰਦਾ ਪਾਣੀ ਹੈ। ਘਰੇਲੂ ਅਤੇ ਉਦਯੋਗਿਕ ਸੀਵਰੇਜ ਨੂੰ ਦਰਿਆ ਵਿੱਚ ਛੱਡਣਾ ਪ੍ਰਦੂਸ਼ਣ ਦੀ ਇੱਕ ਵੱਡੀ ਵਜ੍ਹਾ ਹੈ। ਸਥਾਨਕ ਪ੍ਰਸ਼ਾਸਨ ਮੁਤਾਬਕ ਹਰ ਸਾਲ ਸੀਨ ਨਦੀ ਵਿੱਚੋਂ 360 ਟਨ ਵੱਡੀਆਂ ਵਸਤਾਂ ਬਾਹਰ ਕੱਢੀਆਂ ਜਾਂਦੀਆਂ ਹਨ।

ਸੀਨ ਨਦੀ ਦੀ ਸਫ਼ਾਈ ਕਰਨਾ ਵੀ ਦਹਾਕਿਆਂ ਤੋਂ ਫਰਾਂਸ ਵਿੱਚ ਇੱਕ ਸਿਆਸੀ ਮੁੱਦਾ ਰਿਹਾ ਹੈ। 1990 ਵਿੱਚਪੈਰਿਸ ਦੇ ਉਸ ਸਮੇਂ ਦੇ ਮੇਅਰ ਅਤੇ ਬਾਅਦ ਵਿੱਚ ਫਰਾਂਸ ਦੇ ਰਾਸ਼ਟਰਪਤੀ ਰਹੇ ਜੈਕ ਸ਼ਿਰਾਕ ਨੇ ਐਲਾਨ ਕੀਤਾ ਸੀ ਕਿ ਉਹ ਤਿੰਨ ਸਾਲਾਂ ਦੇ ਅੰਦਰ ਸੀਨ ਨਦੀ ਨੂੰ ਸਾਫ਼ ਕਰਨ ਅਤੇ ਇਸ ਵਿੱਚ ਤੈਰਾਕੀ ਕਰਨ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕਰਨਗੇ। ਹਾਲਾਂਕਿ, ਯੋਜਨਾ ਸਾਲਾਂ ਬੱਧੀ ਲਮਕੀ ਰਹੀ ਅਤੇ 2019 ਵਿੱਚ ਸ਼ਿਰਾਕ ਦੀ ਮੌਤ ਹੋ ਗਈ।

2016 ਵਿੱਚ ਫਰਾਂਸ ਨੇ ਜਦੋਂ 2024 ਓਲੰਪਿਕ ਖੇਡਾਂ ਲਈ ਬੋਲੀ ਜਿੱਤੀ ਤਾਂਉਸ ਸਮੇਂ ਪੈਰਿਸ ਦੀ ਮੌਜੂਦਾ ਮੇਅਰਹਿਡਾਲਗੋਨੇ ਵਾਅਦਾ ਕੀਤਾ ਸੀ ਕਿ ਸ਼ਹਿਰ 2024 ਤੱਕ ਇੱਕ ਵਿਆਪਕ ਵਾਤਾਵਰਣ ਤਬਦੀਲੀ ਤੋਂ ਗੁਜ਼ਰੇਗਾ। ਉਨ੍ਹਾਂ ਦੀ ਬੋਲੀ ਦਾ ਮੁੱਖ ਨੁਕਤਾ ਸੀਨ ਨਦੀ ਨੂੰ ਓਲੰਪਿਕ ਐਥਲੀਟਾਂ ਲਈ ਤੈਰਾਕੀ ਕਰਨ ਦੇ ਯੋਗ ਬਣਾਉਣਾ ਸੀ।

ਫਰਾਂਸੀਸੀ ਓਲੰਪਿਕ ਪ੍ਰਬੰਧਕ ਕਈ ਸਾਲਾਂ ਤੋਂ ਇਸ ਨਦੀ ਦੀ ਸਫਾਈ ‘ਤੇ ਕੰਮ ਕਰ ਰਹੇ ਹਨ। ਦੁਨੀਆ ਦੀ ਸਭ ਤੋਂ ਰੋਮਾਂਟਿਕ ਨਦੀ ਨੂੰ ਸਾਫ ਕਰਨ ਲਈ ਅਰਬਾਂ ਡਾਲਰ ਖਰਚ ਕੀਤੇ ਗਏ। ਭਾਰੀ ਬਾਰਸ਼ਾਂ ਅਤੇ ਤੂਫਾਨਾਂ ਦੌਰਾਨ ਪਾਣੀ ਦੇ ਵੱਡੇ ਵਹਾਅ ਨੂੰ ਰੋਕਣ ਲਈ ਸੀਨ ਨਦੀ ਦੇ ਹੇਠਾਂ ਇੱਕ ਵਿਸ਼ਾਲ ਟੈਂਕ ਬਣਾਉਣ ਲਈ $1.5 ਬਿਲੀਅਨ ਯਾਨਿ ਲਗਭਗ 125 ਅਰਬ ਰੁਪਏ ਖਰਚ ਕੀਤੇ ਗਏ।

ਸੀਨ ਨਦੀ ਨੂੰ ਸਾਫ਼ ਕਰਨ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ, ਓਲੰਪਿਕ ਖੇਡਾਂ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ, ਟੈਸਟਿੰਗ ਦੌਰਾਨ ਨਦੀ ਵਿੱਚ ਬੈਕਟੀਰੀਆ ਦੇ ਅਸੁਰੱਖਿਅਤ ਪੱਧਰ ਦਾ ਖੁਲਾਸਾ ਹੋਇਆ।ਸੀਨ ਨਦੀ ਦੀ ਸਫਾਈ ਅਤੇ ਸੁਰੱਖਿਆ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕਰਨ ਲਈ ਪੈਰਿਸ ਦੀ ਮੇਅਰ ਐਨੀ ਹਿਡਾਲਗੋ ਅਤੇ ਪੈਰਿਸ ਓਲੰਪਿਕਸ 2024 ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਟੋਨੀ ਐਸਟੈਂਗੁਏਟ ਨੇ 17 ਜੁਲਾਈ ਨੂੰ ਨਦੀ ਵਿੱਚ ਇੱਕ ਚੁੱਭੀਵੀ ਲਾਈ। ਮੇਅਰ ਹਿਡਾਲਗੋ ਨੇ ਇਸ਼ਨਾਨ ਕਰਨ ਤੋਂ ਬਾਅਦ ਐਲਾਨ ਕੀਤਾ ਕਿ, ‘ਖੇਡਾਂ ਤੋਂ ਬਾਅਦ ਅਸੀਂ ਸਾਰੇ ਲੋਕਾਂ ਲਈ ਨਦੀ ਵਿੱਚ ਇੱਕ ਸਵਿਮਿੰਗ ਪੂਲ ਬਣਾਵਾਂਗੇ।’

ਹੁਣ ਆਖ਼ਰਕਾਰ ਇਹ ਫੈਸਲਾ ਲਿਆ ਗਿਆ ਕਿ ਹਰ ਇਵੈਂਟ ਵਾਲੇ ਦਿਨ ਤੜਕੇ 3:30 ਵਜੇ ਇੱਕ ਮੀਟਿੰਗ ਹੋਵੇਗੀ ਕਿ ਅਥਲੀਟ ਸੀਨ ਨਦੀ ਵਿੱਚ ਮੁਕਾਬਲਾ ਕਰਨਗੇ ਜਾਂ ਨਹੀਂ। ਮੀਟਿੰਗ ਪੈਰਿਸ ਅਥਾਰਟੀਜ਼, ਪੈਰਿਸ 2024 ਓਲੰਪਿਕ ਅਧਿਕਾਰੀਆਂ, ਖੇਡ ਫੈਡਰੇਸ਼ਨਾਂ, ਖੇਤਰੀ ਅਥਾਰਟੀਆਂ ਅਤੇ ਫਰਾਂਸੀਸੀ ਮੌਸਮ ਵਿਗਿਆਨ ਸੰਗਠਨ ਵਿਚਕਾਰ ਹੋਵੇਗੀ ਅਤੇ ਜੇਕਰ ਮੁਕਾਬਲੇ ਵਾਲੇ ਦਿਨਾਂ ‘ਤੇ ਨਦੀ ਅਸੁਰੱਖਿਅਤ ਪਾਈ ਜਾਂਦੀ ਹੈ ਤਾਂ ਟ੍ਰਾਈਥਲੋਨ ਨੂੰ ਮੁਲਤਵੀ ਕਰਨ ਜਾਂ ਤੈਰਾਕੀ ਵਾਲੇ ਹਿੱਸੇ ਨੂੰ ਪੂਰੀ ਤਰ੍ਹਾਂ ਛੱਡਣ ਦੀਆਂ ਵੀ ਯੋਜਨਾਵਾਂ ਹਨ।

ਪੈਰਿਸ ਓਲੰਪਿਕਸ ਦੇ ਪ੍ਰਬੰਧਨ ਅਤੇ ਸੀਨ ਨਦੀ ‘ਚ ਵਧੇ ਪ੍ਰਦੂਸ਼ਣ ਦੇ ਵਿਚਾਲੇ ਹੁਣ ਸਵਾਲ ਇਹ ਹੈ ਕਿ ਦੁਨੀਆ ਵਿੱਚ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਤੋਂ ਅਸੀਂ ਕੀ ਸਿੱਖਿਆ? ਇਸ ਲਈ ਇੱਥੇ ਜ਼ਿਕਰ ਕਰਨਾ ਬਣਦਾ ਹੈ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਚਾਰੀਆਂ ਇਹ ਪਾਵਨ ਸਤਰਾਂ ਨੂੰ ਚੇਤੇ ਰੱਖਣ ਦਾ, ਜੋ ਅੱਜ ਵੀ ਪੂਰੀ ਦੁਨੀਆ ਨੂੰ ਚੁਗਿਰਦਾ ਸੰਭਾਲਣ ਦਾ ਸੁਨੇਹਾ ਦਿੰਦੀਆਂ ਨੇ।

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਭਾਰਤ ਵਿੱਚ ਗੰਗਾ ਨਦੀ ਦੀ ਗੱਲ ਹੋਵੇ, ਸਾਡੇ ਪੰਜਾਬ ਅੰਦਰ ਪਵਿੱਤਰ ਵੇਈਂ ਨਦੀ ਜਾਂ ਫਿਰ ਬੁੱਢਾ ਨਾਲਾ। ਅਸੀਂ ਵੀ ਤਾਂ ਅਵੇਸਲੇ ਹੋ ਕੇ ਇਨ੍ਹਾਂ ਪਵਿੱਤਰ ਸਮਝੇ ਜਾਂਦੇ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਧੜਾਧੜ ਗੰਧਲਾ ਕਰ ਰਹੇ ਹਾਂ। ਤੇ ਫਿਰ ਆਸ ਕਰਦੇ ਹਾਂ ਕਿ ਸੰਤ ਸੀਂਚੇਵਾਲ ਵਰਗਾ ਕੋਈ ਮਨੁੱਖ ਆਵੇਗਾ ਜੋ ਇਕੱਲ੍ਹਾ ਹੀ ਕੋਈ ਮਿਸ਼ਨ ਚਲਾ ਕੇ ਸਾਡੇ ਲਈ ਇਨ੍ਹਾਂ ਨਦੀਆਂ ਨੂੰ ਸਾਫ ਕਰੇਗਾ ਜਾਂ ਫਿਰ ਸਰਕਾਰਾਂ ਤੋਂ ਆਸ ਕਰਦੇ ਹਾਂ ਕਿ ਉਹ ਕੁਝ ਕਰਨਗੀਆਂ ਤਾਂ ਸਾਡੇ ਇਹ ਜ਼ਿੰਦਗੀ ਦੇ ਸਰੋਤ ਸਾਫ ਹੋਣਗੇ। ਫਰਾਂਸ ਜੇ ਅਰਬਾਂ ਦਾ ਖਰਚਾ ਕਰਕੇ ਵੀ ਆਪਣੀ ਨਦੀ ਨੂੰ ਸਾਫ ਨਹੀਂ ਕਰ ਪਾ ਰਿਹਾ ਤਾਂ ਅਸੀਂ ਕਿਸ ਦੀ ਉਡੀਕ ਕਰ ਰਹੇ ਹਾਂ? ਆਓ ਅੱਜ ਤੋਂ ਹੀ ਜਾਗੀਏ ਤੇ ਆਪਣਾ ਫਰਜ਼ ਸਮਝੀਏ…. ਸਾਡੇ ਗੁਰੂ ਪ੍ਰਤੀ, ਪਿਤਾ ਪ੍ਰਤੀ ਅਤੇ ਮਾਤਾ ਪ੍ਰਤੀ।

 ਸਟੋਰੀ :  ਬਲਵਿੰਦਰ ਸਿੰਘ, ਨਿਊਜ਼ ਐਡੀਟਰ,  ਵਰਲਡ ਪੰਜਾਬੀ ਟੀਵੀ