Punjab
ਪੰਜਾਬ ਵਿੱਚ ਠੰਢ ਦਾ ਕਹਿਰ ਜਾਰੀ
PUNJAB WEATHER : ਉੱਤਰੀ ਭਾਰਤ ਸਮੇਤ ਪੰਜਾਬ ਵਿੱਚ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ‘ਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸਿਹਤ ਮਾਹਿਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਵਿਭਾਗ ਅਨੁਸਾਰ ਫਰੀਦਕੋਟ ਅਤੇ ਪਠਾਨਕੋਟ ਸੂਬੇ ਵਿੱਚ ਸਭ ਤੋਂ ਠੰਢੇ ਰਹੇ। ਫਰੀਦਕੋਟ ਜ਼ਿਲ੍ਹੇ ਵਿੱਚ ਘੱਟੋ-ਘੱਟ ਤਾਪਮਾਨ 3 ਡਿਗਰੀ, ਪਠਾਨਕੋਟ ਵਿੱਚ 4.3 ਡਿਗਰੀ, ਬਠਿੰਡਾ ਵਿੱਚ 4.6 ਡਿਗਰੀ ਅਤੇ ਪਟਿਆਲਾ ਵਿੱਚ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ‘ਚ ਘੱਟੋ-ਘੱਟ ਤਾਪਮਾਨ 5 ਡਿਗਰੀ ਜਦਕਿ ਲੁਧਿਆਣਾ ‘ਚ ਘੱਟੋ-ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਰਿਹਾ।
ਬੱਚੇ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ…
ਵਧਦੀ ਠੰਡ ਨੇ ਛੋਟੇ ਅਤੇ ਨਵਜੰਮੇ ਬੱਚਿਆਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਵਿੱਚ ਪਾ ਦਿੱਤਾ ਹੈ ਜਿਸ ਕਾਰਨ ਉਹ ਛਾਤੀ ਦੀਆਂ ਬਿਮਾਰੀਆਂ, ਜ਼ੁਕਾਮ, ਤੇਜ਼ ਬੁਖਾਰ, ਸਾਹ ਲੈਣ ਵਿੱਚ ਤਕਲੀਫ਼, ਪੇਟ ਦੀਆਂ ਬਿਮਾਰੀਆਂ ਤੋਂ ਇਲਾਵਾ ਨਿਮੋਨੀਆ ਤੋਂ ਪੀੜਤ ਹਨ। ਇਸ ਦੌਰਾਨ ਬੱਚਿਆਂ ਦੀ ਸਿਹਤ ਖ਼ਰਾਬ ਹੋਣ ਕਾਰਨ ਉਹ ਮਾਹਿਰ ਡਾਕਟਰਾਂ ਕੋਲ ਜਾਣ ਲਈ ਮਜਬੂਰ ਹਨ। ਇਨ੍ਹਾਂ ਬਿਮਾਰੀਆਂ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਨੇ ਦੱਸਿਆ ਕਿ ਵਧਦੀ ਠੰਡ ਕਾਰਨ ਤਾਪਮਾਨ ਵਿੱਚ ਕਾਫੀ ਗਿਰਾਵਟ ਆ ਗਈ ਹੈ, ਜਿਸ ਕਾਰਨ ਬੱਚੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗ ਪਏ ਹਨ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਰਦੀਆਂ ਵਿੱਚ ਬਾਜ਼ਾਰ ਦਾ ਸਾਮਾਨ ਖਰੀਦਣ ਤੋਂ ਗੁਰੇਜ਼ ਕਰਨ ਅਤੇ ਆਪਣੇ ਬੱਚਿਆਂ ਨੂੰ ਗਰਮ ਕੱਪੜੇ ਪਾਉਣ।