India
ਰਾਜਵਿੰਦਰ ਸਿੰਘ ਦੀ ਸ਼ਹਾਦਤ ‘ਤੇ ਪੰਜਾਬ ਤੇ ਪੂਰੇ ਦੇਸ਼ ਨੂੰ ਮਾਣ – ਧਰਮਸੋਤ

ਪਟਿਆਲਾ, 10 ਜੁਲਾਈ : ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦੀ ਤਰਫ਼ੋਂ ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ ਖੇਤਰ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਨੌਜਵਾਨ ਸੈਨਿਕ ਨਾਇਕ ਰਾਜਵਿੰਦਰ ਸਿੰਘ ਦੇ ਜੱਦੀ ਪਿੰਡ ਦੋਦੜਾ ਜਾ ਕੇ ਸ਼ਹੀਦ ਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ। ਉਨ੍ਹਾਂ ਦੇ ਨਾਲ ਹਲਕਾ ਸ਼ੁਤਰਾਣਾ ਦੇ ਵਿਧਾਇਕ ਸ. ਨਿਰਮਲ ਸਿੰਘ ਅਤੇ ਹਲਕਾ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਧਰਮਸੋਤ ਨੇ ਸ਼ਹੀਦ ਦੇ ਪਿਤਾ ਅਵਤਾਰ ਸਿੰਘ ਅਤੇ ਮਾਤਾ ਮਹਿੰਦਰ ਕੌਰ ਨੂੰ ਧੰਨ ਆਖਦਿਆਂ ਕਿਹਾ ਕਿ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਰਾਜਵਿੰਦਰ ਸਿੰਘ ਨੇ ਜਿਸ ਬਹਾਦਰੀ ਨਾਲ ਲੜਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਕਰਨ ਲਈ ਅਤਿਵਾਦੀਆਂ ਦਾ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਤਾ ਉਹ ਲਾਮਿਸਾਲ ਹੈ। ਉਨ੍ਹਾਂ ਕਿਹਾ ਕਿ ਰਾਜਵਿੰਦਰ ਸਿੰਘ ਨੇ ਆਪਣੀ ਜਾਨ ਦੇਸ਼ ਦੇ ਲੇਖੇ ਲਾਈ ਹੈ ਜਿਸ ਕਰਕੇ ਉਸਦੀ ਸ਼ਹੀਦੀ ਨੂੰ ਸਦਾ ਯਾਦ ਰੱਖਿਆ ਜਾਵੇਗਾ। ਧਰਮਸੋਤ ਨੇ ਕਿਹਾ ਕਿ ਸ਼ਹੀਦ ਦਾ ਪਰਿਵਾਰ ਉਨ੍ਹਾਂ ਦਾ ਅਤੇ ਪੰਜਾਬ ਸਰਕਾਰ ਦਾ ਆਪਣਾ ਪਰਿਵਾਰ ਹੈ ਅਤੇ ਪਰਿਵਾਰ ਕੋਈ ਚਿੰਤਾ ਨਾ ਕਰੇ।
ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਪਰਨੀਤ ਕੌਰ ਅਤੇ ਪੰਜਾਬ ਸਰਕਾਰ, ਸ਼ਹੀਦ ਦੇ ਪਰਿਵਾਰ ਲਈ ਪੈਦਾ ਹੋਈ ਇਸ ਦੁੱਖ ਦੀ ਘੜੀ ‘ਚ ਰਾਜਵਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸ਼ਹੀਦਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਪ੍ਰੰਤੂ ਸ਼ਹੀਦਾਂ ਦਾ ਸਤਿਕਾਰ ਕਰਦਿਆਂ ਮੁੱਖ ਮੰਤਰੀ ਪਹਿਲਾਂ ਹੀ ਸ਼ਹੀਦ ਦੇ ਪਰਿਵਾਰ ਲਈ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਯੋਗ ਜੀਅ ਨੂੰ ਨੌਕਰੀ ਦੇਣ ਦੇ ਐਲਾਨ ਕਰ ਚੁੱਕੇ ਹਨ। ਇਸ ਤੋਂ ਬਿਨ੍ਹਾਂ ਪਰਿਵਾਰ ਅਤੇ ਗ੍ਰਾਮ ਪੰਚਾਇਤ ਪਿੰਡ ਦੋਦੜਾ ਦੀ ਮੰਗ ਮੁਤਾਬਕ ਸ਼ਹੀਦ ਦੀ ਢੁਕਵੀਂ ਯਾਦਗਾਰ ਵੀ ਬਣਾਈ ਜਾਵੇਗੀ।