Punjab
ਅਕਾਲੀ ਸ਼ਤਰੰਜ ਦੀ ਖੇਡ ਖੇਡਦੇ ਰਹਿ ਜਾਣਗੇ, ਬਾਜ਼ੀ ਕੋਈ ਹੋਰ ਮਾਰ ਜਾਊ !

ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜੇ ਆਪਸ ਵਿੱਚ ਸ਼ਤਰੰਜ ਦੀ ਖੇਡ ਖੇਡਦੇ ਰਹਿ ਜਾਣਗੇ ਤੇ ਬਾਜ਼ੀ ਕੋਈ ਹੋਰ ਮਾਰ ਜਾਊ। ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦਾ ਧੜਾ ਤੇ ਦੂਜੇ ਪਾਸੇ ਸੁਧਾਰ ਲਹਿਰ ਵਾਲ਼ੇ ਪਿਛਲੇ ਕੁੱਝ ਸਮੇਂ ਤੋਂ ਆਪਸ ਵਿੱਚ ਸ਼ਤਰੰਜ ਦੀ ਖੇਡ ਖੇਡਦੇ ਨਜ਼ਰ ਆ ਰਹੇ ਹਨ। ਇਹ ਖੇਡ ਦਿਲਚਸਪ ਉਦੋਂ ਬਣੀ ਜਦੋਂ 2 ਦਸੰਬਰ 2024 ਨੂੰ ਅਕਾਲੀ ਦਲ ਦੇ ਕਈ ਆਗੂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਤੇ ਸਿੰਘ ਸਾਹਿਬਾਨ ਵੱਲੋਂ ਉਨ੍ਹਾਂ ਨੂੰ ਤਨਖਾਹ ਲਗਾਈ ਗਈ। ਉਸ ਵੇਲੇ ਬਾਦਲ ਪਰਿਵਾਰ ਵਿਰੁੱਧ ਸਭ ਤੋਂ ਵੱਡਾ ਫੈਸਲਾ ਇਹ ਲਿਆ ਗਿਆ ਕਿ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰ ਏ ਕੌਮ ਐਵਾਰਡ ਵਾਪਸ ਲੈ ਲਿਆ ਗਿਆ। ਸੁਖਬੀਰ ਸਿੰਘ ਬਾਦਲ ਤੋਂ ਬਰਗਾੜੀ ਕਾਂਡ, ਬੇਅਦਬੀਆਂ, ਸਿਰਸੇ ਵਾਲੇ ਸਾਧ ਦੀ ਮੁਆਫੀ ਸਮੇਤ ਕਈ ਗਲਤੀਆਂ ਸਵੀਕਾਰ ਕਰਵਾਈਆਂ ਗਈਆਂ ਅਤੇ ਉਨ੍ਹਾਂ ਗਲਤੀਆਂ ਲਈ ਮੁਆਫੀ ਮੰਗਵਾਈ ਗਈ। ਦੋਸ਼ ਸੁਧਾਰ ਲਹਿਰ ਵਾਲ਼ੇ ਨੇਤਾਵਾਂ ‘ਤੇ ਵੀ ਲਗਾਏ ਗਏ ਤੇ ਉਨ੍ਹਾਂ ਤੋਂ ਵੀ ਮੁਆਫੀ ਮੰਗਵਾਈ ਗਈ। ਸੁਖਬੀਰ ਬਾਦਲ ਨੇ ਲਗਾਈ ਗਈ ਤਨਖਾਹ ਤਾਂ ਪੂਰੀ ਕੀਤੀ ਪਰ ਉਨ੍ਹਾਂ ਦੇ ਮਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਖੁੰਧਕ ਪੈਦਾ ਹੋ ਗਈ ਕਿਉੰਕਿ ਭਾਂਵੇ ਉਸ ਸਮੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਸਨ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆਨੀ ਹਰਪ੍ਰੀਤ ਸਭ ਤੋਂ ਵੱਧ ਸਰਗਰਮ ਨਜ਼ਰ ਆਏ ਸਨ। ਕੁੱਝ ਸਮੇਂ ਬਾਅਦ ਬਾਦਲ ਦਲ ਨੇ ਆਪਣਾ ਪਾਸਾ ਚਲਦਿਆਂ ਆਪਣੇ ਪਿਆਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਜਾਂਚ ਬੈਠਾ ਦਿੱਤੀ।
ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਉਨ੍ਹਾਂ ਦੇ ਸਾਂਢੂ ਵੱਲੋਂ ਦੋਸ਼ ਲਗਾਏ ਗਏ ਸਨ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਆਪਣੀ ਸਾਲੀ ਨਾਲ ਨਾਜਾਇਜ਼ ਸਬੰਧ ਸਨ। ਕਿਹਾ ਜਾ ਰਿਹਾ ਹੈ ਕਿ ਇਹ ਦੋਸ਼ ਲਗਾਉਣਾ ਵਾਲਾ ਸਤਰੰਜ ਦਾ ਪਿਆਦਾ ਹੀ ਸੀ। ਜਾਂਚ ਦੀ ਰਿਪੋਰਟ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਭਾਵ ਉਨ੍ਹਾਂ ਨੂੰ ਜ਼ਬਰੀ ਸੇਵਾ ਮੁਕਤ ਕਰ ਦਿੱਤਾ ਗਿਆ। ਕੁੱਝ ਸਮੇਂ ਬਾਅਦ ਗਿਆਨੀ ਰਘਬੀਰ ਸਿੰਘ ਨੂੰ ਵੀ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਆਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣਾਇਆ ਗਿਆ। ਇਸੇ ਦੌਰਾਨ ਦੋਵਾਂ ਪਾਸਿਆਂ ਵੱਲੋਂ ਕਈ ਪਾਸੇ ਚੱਲੇ ਗਏ। ਬਾਦਲ ਦਲ ਦਾ ਤਾਂ ਇੱਥੋਂ ਤੱਕ ਵੀ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਬੀਰ ਸਿੰਘ ਸੁਧਾਰ ਲਹਿਰ ਦੇ ਪਿਆਦੇ ਸਨ। ਤੁਸੀਂ ਸਭ ਜਾਣਦੇ ਹੋ ਕਿ ਸੱਤ ਮੈਂਬਰੀ ਕਮੇਟੀ ਮੈਂਬਰਸ਼ਿਪ ਡਰਾਈਵ ਲਈ ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਜਿਸਦੇ ਦੋ ਮੈਂਬਰ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਅਤੇ ਹਰਜਿੰਦਰ ਸਿੰਘ ਧਾਮੀ ਨੇ ਸ਼ੁਰੂ ਵਿੱਚ ਅਸਤੀਫਾ ਦੇ ਦਿੱਤਾ ਸੀ।
ਅਤੇ ਬਾਕੀ ਪੰਜ ਮੈਂਬਰੀ ਕਮੇਟੀ ਰਹਿ ਗਈ ਸੀ। ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਨਖਾਹ ਲਗਾਈ ਗਈ ਤਾਂ ਉਸ ਤੋਂ ਬਾਅਦ ਸੁਧਾਰ ਲਹਿਰ ਭੰਗ ਕਰ ਦਿੱਤੀ ਗਈ ਸੀ ਲੇਕਿਨ ਸੁਧਾਰ ਲਹਿਰ ਦੇ ਆਗੂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਦੇ ਪਿੱਛੇ ਰਹਿ ਕੇ ਖੇਡ ਖੇਡਦੇ ਨਜ਼ਰ ਆਉਂਦੇ ਹਨ।ਇਸੇ ਦੌਰਾਨ ਸੁਖਬੀਰ ਬਾਦਲ ਧੜੇ ਵੱਲੋਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਤੌਰ ‘ਤੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਮੈਂਬਰਸ਼ਿਪ ਡਰਾਈਵ ਆਰੰਭ ਕਰ ਦਿੱਤੀ। ਦੋਵਾਂ ਪਾਸਿਆਂ ਤੋਂ ਆਪਣੀ ਆਪਣੀ ਭਰਤੀ ਕੀਤੀ ਗਈ ਹੈ। ਬੀਤੇ ਦਿਨੀਂ ਕੁੱਝ ਲੋਕਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਕੇ ਤਨਖਾਹ ਲਗਾਏ ਜਾਣ ਨੂੰ ਅਤੇ ਤਖ਼ਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਦੋਸ਼ ਮੁਕਤ ਕੀਤੇ ਜਾਣ ਨੂੰ ਵੀ ਸਿਆਸੀ ਖ਼ਿਡਾਰੀ ਬਾਦਲ ਦਲ ਦੀ ਸ਼ਤਰੰਜ ਦੀ ਚਾਲ ਹੀ ਦੱਸ ਰਹੇ ਹਨ। ਇਸ ਦੇ ਜਵਾਬ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਤੇ ਜਥੇਦਾਰ ਟੇਕ ਸਿੰਘ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ। ਇਸ ਚਾਲ ਨੂੰ ਵੀ ਸਤਰੰਜ ਦੀ ਚਾਲ ਹੀ ਸਮਝਿਆ ਜਾ ਰਿਹਾ ਹੈ।
ਦੋਵਾਂ ਅਹਿਮ ਅਕਾਲੀ ਧੜਿਆਂ ਵੱਲੋਂ ਜਿਸ ਤਰ੍ਹਾਂ ਦੀ ਸਤਰੰਜ ਖੇਡੀ ਜਾ ਰਹੀ ਇਸ ਤੋਂ ਸਮੁੱਚਾ ਸਿੱਖ ਪੰਥ ਚਿੰਤਤ ਹੈ ਅਤੇ ਗੁੱਸੇ ਵਿੱਚ ਹੈ। ਗੁੱਸੇ ਵਿੱਚ ਇਸ ਲਈ ਹੈ ਕਿਉੰਕਿ ਸ਼ਤਰੰਜ ਦੀ ਇਸ ਖੇਡ ਲਈ ਮੰਚ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਜੇ ਤਖਤਾਂ ਨੂੰ ਬਣਾਇਆ ਜਾ ਰਿਹਾ ਹੈ। ਲੱਗਦਾ ਇੰਝ ਹੈ ਕਿ ਹਉਮੈ ਗ੍ਰਸਤ ਅਕਾਲੀ ਸ਼ਤਰੰਜ ਦੀ ਖੇਡ ਵਿੱਚ ਰੁੱਝੇ ਰਹਿਣਗੇ ਤੇ ਆਉਣ ਵਾਲੀਆਂ ਚੋਣਾਂ ਵਿੱਚ ਬਾਜ਼ੀ ਕੋਈ ਹੋਰ ਪਾਰਟੀ ਮਾਰ ਜਾਵੇਗੀ। ਕਿਹੜੀ ਪਾਰਟੀ ਆਉਂਦੇ ਸਮੇਂ ਵਿੱਚ ਬਾਜ਼ੀ ਮਾਰੇਗੀ ਇਹ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ ਕਿਉੰਕਿ ਚੋਣਾਂ ਵਿੱਚ ਅਜੇ ਕਾਫੀ ਸਮਾਂ ਹੈ ਤੇ ਅਕਾਲੀ ਆਗੂਆਂ ਕੋਲ਼ ਅਜੇ ਵੀ ਸ਼ਤਰੰਜ ਦੀ ਖੇਡ ਖੇਡਣੀ ਛੱਡ ਕੇ ਇੱਕ ਪਲੇਟਫਾਰਮ ‘ਤੇ ਇਕੱਠੇ ਹੋਣ ਦਾ ਸਮਾਂ ਹੈ। ਆਸ ਕਰਦੇ ਹਾਂ ਕਿ ਸਾਡੇ ਸਿੱਖ ਸਿਆਸਤਦਾਨਾਂ ਨੂੰ ਅਕਾਲ ਪੁਰਖ ਸਮੱਤ ਬਖਸ਼ਣਗੇ।
ਕੁਲਵੰਤ ਸਿੰਘ ਗੱਗੜਪੁਰੀ