Punjab
ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਕੋਵਿਡ ਤਹਿਤ ‘ਪ੍ਰਣ’ ਮੁਹਿੰਮ ਕੀਤੀ ਆਰੰਭ
ਚੰਡੀਗੜ੍ਹ, 26 ਜੂਨ: ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੇ ਨਾਲ ਨਾਲ ਵਿਦਿਆਰਥੀਆਂ ਵੱਲੋਂ ਵੀ ਕੋਵਿਡ-19 ਦੀ ਮਹਾਂਮਾਰੀ ਬਾਰੇ ਲੋਕਾਂ ਵਿੱਚ ਸੰਵੇਦਨਸ਼ੀਲਤਾ ਪੈਦਾ ਕਰਨ ਲਈ ‘ਪ੍ਰਣ’ ਮੁਹਿੰਮ ਆਰੰਭ ਕੋਟਿ ਗਈ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਪੋਸਟਰ ਅਤੇ ਸਕੈਚ ਬਣਾ ਕੇ ਕਰੋਨਾ ਦੀ ਮਹਾਂਮਾਰੀ ਦੀ ਗੰਭੀਰਤਾ ਬਾਰੇ ਜਾਗਰੂਕਤ ਕੀਤਾ ਜਾ ਰਿਹਾ ਹੈ। ਇਨਾ ਪੋਸਟਰਾਂ ਵਿੱਚ ਕਰੋਨ ਮਹਾਂਮਾਰੀ ਵਿਰੁੱਧ ‘ਮਿਸ਼ਨ ਫਤਿਹ’ ਨੂੰ ਪੂਰੀ ਤਰਾਂ ਕਾਮਯਾਬ ਬਨਾਉਣ ਵਾਸਤੇ ਵਾਰ ਵਾਰ ਹੱਥ ਧੋਣ, ਮਾਸਕ ਪਹਿਣਨ, ਸਮਾਜਿਕ ਦੂਰੀ ਬਣਾਈ ਰੱਖਣ, ਨਿੱਜੀ ਜਾਂ ਸਰਵਜਨਕ ਸਾਧਨਾਂ ਰਾਹੀਂ ਸਫ਼ਰ ਕਰਨ ਸਮੇਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਲਾਗੂ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੋਵਾ ਐਪ ਡਾਊਨ ਲੋਰਡ ਕਰਨ ਵਾਸਤੇ ਵੀ ਪੋਸਟਰਾਂ ਦੇ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਤਾ ਜੋ ਕਰੋਨਾ ਨਾਲ ਲੜਨ ਦਾ ਸੁਨੇਹਾ ਅਤੇ ਢੰਗ-ਤਰੀਕਾ ਹਰੇਕ ਵਿਅਕਤੀ ਤੱਕ ਵਧੀਆ ਤਰੀਕੇ ਨਾਲ ਪਹੁੰਚਾਇਆ ਜਾ ਸਕੇ।
ਇਨ੍ਹਾਂ ਪੋਸਟਰਾਂ ਵਿੱਚ ਜ਼ਿਆਦਾ ਯੋਗਦਾਨ ਅਧਿਆਪਕਾਂ ਵੱਲੋਂ ਪਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਰਚਨਾਤਮਿਕਤਾ ਹਰੇਕ ਵਰਗ ਨੂੰ ਪ੍ਰਭਾਵਿਤ ਕਰ ਰਹੀ ਹੈ। ਅਧਿਆਪਿਕਾਂ ਵੱਲੋਂ ‘ਮਿਸ਼ਨ ਫਤਿਹ’ ਨੂੰ ਸਫ਼ਲ ਬਨਾਉਣ ਦੇ ਲਈ ਪ੍ਰਣ ਲੈਣ ਦੇ ਨਾਲ ਨਾਲ ਆਪਣੀਆਂ ਕਲਾ-ਕ੍ਰਿਤਾਂ ਨਾਲ ਲੋਕਾਂ ਨੂੰ ਇਸ ਮਹਾਂਮਾਰੀ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਮੁੱਖ ਅਧਿਆਪਕਾਂ, ਅਧਿਆਪਕਾਂ, ਲੈਕਚਰਾਰਾਂ ਅਤੇ ਸਕੂਲ ਸਿੱਖਿਆ ਵਿਭਾਗ ਦੇ ਹੋਰ ਅਮਲੇ ਨੂੰ ਇਸ ‘ਪ੍ਰਣ’ ਮੁਹਿੰਮ ਦੇ ਨਾਲ ਨਾਲ ਬੱਚਿਆਂ ਦੇ ਮਾਪਿਆਂ ਅਤੇ ਹੋਰਨਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿੱਚ ਵੀ ਹੋਰ ਤੇਜ਼ੀ ਲਿਆਉਣ ਲਈ ਕਿਹਾ ਹੈ ਤਾਂ ਜੋ ਕਰੋਨਾਂ ਨਾਲ ਲੜਨ ਅਤੇ ਇਸ ਤੋਂ ਬਚਣ ਦਾ ਸੁਨੇਹਾ ਘਰ ਘਰ ਪਹੁੰਚਾਇਆ ਜਾ ਸਕੇ। ਸਿੱਖਿਆ ਸਕੱਤਰ ਨੇ ਕਿਹਾ ਕਿ ਅਧਿਆਪਕਾਂ ਦਾ ਲੋਕਾਂ ਨਾਲ ਨੇੜੇ ਦਾ ਵਾਸਤਾ ਹੁੰਦਾ ਹੈ ਜਿਸ ਕਰਕੇ ਲੋਕਾਂ ਨੂੰ ਜਾਗਰੂਕ ਕਰਦੇ ਰਹਿਣ ਦੀ ਉਨ੍ਹਾਂ ਦੀ ਅਹਿਮ ਜ਼ਿੰਮੇਂਵਾਰੀ ਬਣਦੀ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਇਹ ਜ਼ਿਮੇਂਵਾਰੀ ਹੋਰ ਵੀ ਸ਼ਿੱਦਤ ਨਾਲ ਨਿਭਾਉਣ ਦੀ ਅਪੀਲ ਕੀਤੀ।
ਗੌਰਤਲਬ ਹੈ ਕਿ ਇਸ ਸਮੇਂ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦੇ ਮੰਦੇਨਜ਼ਰ ਜਾਗਰੂਕਤਾ ਮੁਹਿੰਮ ਅਤੇ ਹਰੇਕ ਨਾਗਰਿਕ ਵੱਲੋਂ ਸਰਕਾਰੀ ਹਦਾਇਤਾਂ ਨੂੰ ਮੰਨਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ।