National
ਆਓ ਜਾਣੀਏ ਕੌਣ ਹੈ ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ?
ਨਿੱਜੀ ਜ਼ਿੰਦਗੀ
ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਸਿੰਘ ਦੀ ਜ਼ਿੰਦਗੀ ਬੜੇ ਹੀ ਉਤਾਰ ਚੜਾਅ ਭਰਪੂਰ ਰਹੀ ਹੈ, ਦੱਸ ਦਈਏ ਕਿ 8 ਜੂਨ 1981 ‘ਚ ਦਿੱਲੀ ਵਿਖੇ ਪਿਤਾ ਵਿਜੇ ਸਿੰਘ ਅਤੇ ਮਾਤਾ ਤ੍ਰਿਪਤਾ ਵਾਹੀ ਦੇ ਘਰ ਜਨਮੀ ਆਤਿਸ਼ੀ ਸ਼ੁਰੂ ਤੋਂ ਹੀ ਇੱਕ ਹੋਣਹਾਰ ਅਤੇ ਕੁੱਝ ਕਰ ਗੁਜ਼ਰਨ ਦਾ ਜਜ਼ਬਾ ਰੱਖਣ ਵਾਲੀ ਸ਼ਖਸ਼ੀਅਤ ਰਹੀ ਹੈ।
ਸਿੱਖਿਆ
ਪੜ੍ਹਾਈ ਲਿਖਾਈ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਤਿਸ਼ੀ ਇਸ ਮਾਮਲੇ ਵਿੱਚ ਆਪਣੇ ਨਾਲ ਕੰਮ ਕਰਨ ਵਾਲੇ ਹੋਰਨਾਂ ਵਿਧਾਇਕਾਂ ਦੀ ਫ਼ਹਿਰਿਸਤ ਵਿੱਚੋ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਵਿਧਾਇਕਾਂ ਦੀ ਪਹਿਲੀ ਸਫ਼ ‘ਚੋਂ ਜਾਣੀ ਜਾਂਦੀ ਹੈ। ਸਿੱਖਿਆ ਹਾਸਿਲ ਕਰਨ ਦੇ ਲਈ ਸਿਰਫ਼ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਆਤਿਸ਼ੀ ਨੇ ਵਿਦੇਸ਼ ਜਾ ਕੇ ਆਕਸਫ਼ੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਇਤਿਹਾਸ ਵਿਸ਼ੇ ‘ਚ ਮਾਸਟਰ ਡਿਗਰੀ ਹਾਸਿਲ ਕੀਤੀ ਹੋਈ ਹੈ।
ਸਿਆਸੀ ਸਫ਼ਰ
ਵਿਦੇਸ਼ ਤੋਂ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਆਤਿਸ਼ੀ ਨੇ ਭਾਰਤ ਵਾਪਸ ਆ ਕੇ ਕੁੱਝ ਕਰਨ ਗੁਜ਼ਰਨ ਦਾ ਜਜ਼ਬਾ ਰੱਖਦਿਆਂ ਭਾਰਤ ਦੀ ਰਾਜਨੀਤੀ ਵਿੱਚ ਕਦਮ ਰੱਖਣ ਦਾ ਅਹਿਮ ਫ਼ੈਸਲਾ ਲਿਆ, ਜਿਸ ਦੇ ਮੱਦੇਨਜ਼ਰ ਸਭ ਤੋਂ ਪਹਿਲਾਂ ਉਨ੍ਹਾਂ ਨੇ 2013 ‘ਚ ਆਮ ਆਦਮੀ ਪਾਰਟੀ ਨਾਲ ਜੁੜ ਕੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਅਤੇ ਇਸ ਦਰਮਿਆਨ ਆਤਿਸ਼ੀ ਨੂੰ ਮੈਨੀਫੈਸਟੋ ਡਰਾਫਟਿੰਗ ਕਮੇਟੀ ਦਾ ਮੈਂਬਰ ਬਣਨ ਦਾ ਮੌਕਾ ਵੀ ਮਿਲਿਆ, ਜਿਸ ਨੂੰ ਕਿ ਉਨ੍ਹਾਂ ਨੇ ਬੜੀ ਹੀ ਤਨਦੇਹੀ ਨਾਲ ਨਿਭਾਇਆ। ਇਸ ਮਗਰੋਂ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਕਾਬਿਲੇ ਤਾਰੀਫ਼ ਸੇਵਾਵਾਂ ਦੇ ਕਾਰਨ 2015 ਤੋਂ 2018 ਤੱਕ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸਲਾਹਕਾਰ ਵਜੋਂ ਕੰਮ ਕਰਨ ਦਾ ਮੌਕਾ ਵੀ ਮਿਲਿਆ। ਜਿਸ ਕਾਰਨ ਉਹਨਾਂ ਦਾ ਸਿਆਸੀ ਕੱਦ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਵੱਡਾ ਹੋ ਗਿਆ।
ਇਸ ਮਗਰੋਂ ਜਦੋਂ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਵੇਲਾ ਆਇਆ ਤਾਂ ਅਰਵਿੰਦ ਕੇਜਰੀਵਾਲ ਨੇ ਆਪਣੇ ਵਲੰਟੀਅਰਜ਼ ‘ਤੇ ਭਰੋਸਾ ਦਿਖਾਉਂਦਿਆਂ ਆਤਿਸ਼ੀ ਮਾਰਲੇਨਾ ਸਿੰਘ ਨੂੰ ਵੀ ਮੌਕਾ ਦਿੱਤਾ। ਅਤੇ ਇੱਥੇ ਆਤਿਸ਼ੀ ਨੇ ਉਨ੍ਹਾਂ ਨੂੰ ਮਾਯੂਸ ਨਹੀਂ ਕੀਤਾ ਅਤੇ ਕਾਲਕਾ ਜੀ ਵਿਧਾਨ ਸਭਾ ਸੀਟ ਤੋਂ ਵੱਡੇ ਪੱਧਰ ‘ਤੇ ਵੋਟਾਂ ਹਾਸਿਲ ਕਰਕੇ MLA ਬਣੇ।
ਇਸ ਮਗਰੋਂ ਇੱਕ ਵੇਲਾ ਉਹ ਵੀ ਆਇਆ ਜਦੋਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੇਲ੍ਹ ਚਲੇ ਗਏ ਅਤੇ ਇਸ ਮਗਰੋਂ ਅਰਵਿੰਦ ਕੇਜਰੀਵਾਲ ਨੇ ਆਤਿਸ਼ੀ ਉੱਪਰ ਭਰੋਸਾ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦੇਣ ਦਾ ਫ਼ੈਸਲਾ ਕੀਤਾ, ਜਿਸ ਦੇ ਮੱਦੇਨਜ਼ਰ 2023 ‘ਚ ਦਿੱਲੀ ਸਰਕਾਰ ਦੀ ਕੈਬਨਿਟ ਵਿੱਚ ਆਤਿਸ਼ੀ ਨੂੰ ਇੱਕ ਅਹਿਮ ਜਗ੍ਹਾ ਮਿਲੀ। ਅਤੇ ਕਾਮਯਾਬੀ ਦੇ ਰੱਥ ‘ਤੇ ਸਵਾਰ ਆਤਿਸ਼ੀ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਹੋਏ ਐਲਾਨ ਮਗਰੋਂ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਵੇਖਿਆ ਜਾ ਰਿਹਾ ਹੈ। ਜਿਸ ਬਾਰੇ ਵਿੱਚ ਦਿੱਲੀ ਦੀ ਕੈਬਨਿਟ ਨੇ ਸਰਬ ਸੰਮਤੀ ਨਾਲ ਫ਼ੈਸਲਾ ਲਿਆ ਹੈ। ਹੁਣ ਆਉਣ ਵਾਲੇ ਦਿਨਾਂ ਵਿੱਚ ਉਹ ਦਿੱਲੀ ਦੇ ਮੁੱਖ ਮੰਤਰੀ ਵਜੋਂ ਕਿਸ ਤਰ੍ਹਾਂ ਦੇ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ ਇਹ ਵੇਖਣਾ ਅਹਿਮ ਹੋਵੇਗਾ।