National
ਉੱਤਰਾਖੰਡ ਸਰਕਾਰ ਨੇ ਪਤੰਜਲੀ ਦੇ 14 ਉਤਪਾਦਾਂ ‘ਤੇ ਲਗਾਈ ਪਾਬੰਦੀ
ਪਤੰਜਲੀ ਦੇ ਬ੍ਰਾਂਡ ਅੰਬੈਸਡਰ ਬਾਬਾ ਰਾਮਦੇਵ ਨੂੰ ਵੱਡਾ ਝਟਕਾ ਲੱਗਾ ਹੈ। ਇਹ ਝਟਕਾ ਸੁਪਰੀਮ ਕੋਰਟ ਤੋਂ ਬਾਅਦ ਹੁਣ ਉੱਤਰਾਖੰਡ ਸਰਕਾਰ ਨੇ ਦਿੱਤਾ ਹੈ।
ਦਰਅਸਲ ਪਤੰਜਲੀ ਦੇ ਉਤਪਾਦਾਂ ਰਾਹੀ ਗ਼ਲਤ ਜਾਣਕਾਰੀਆਂ ਫੈਲਾਉਣ ਦੇ ਮਾਮਲੇ ‘ਚ ਸੁਪਰੀਮ ਕੋਰਟ ਦੀ ਫਟਕਾਰ ਲੱਗਣ ਤੋਂ ਬਾਅਦ ਪਤੰਜਲੀ ਨੂੰ ਉਤਰਾਖੰਡ ਸਰਕਾਰ ਤੋਂ ਵੀ ਵੱਡਾ ਝਟਕਾ ਲੱਗਾ ਹੈ। ਉੱਤਰਾਖੰਡ ਡਰੱਗ ਕੰਟਰੋਲ ਵਿਭਾਗ ਦੀ ਲਾਇਸੈਂਸਿੰਗ ਅਥਾਰਟੀ ਨੇ ਪਤੰਜਲੀ ਦੀ ਦਿਵਿਆ ਫਾਰਮੇਸੀ ਕੰਪਨੀ ਦੇ 14 ਉਤਪਾਦਾਂ ‘ਤੇ ਬੈਨ ਲਗਾ ਦਿੱਤਾ ਹੈ। ਦਿਵਿਆ ਫਾਰਮੇਸੀ ਦੇ ਇਨ੍ਹਾਂ ਉਤਪਾਦਾਂ ‘ਤੇ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਦੇ ਮਾਮਲੇ ‘ਚ ਪਾਬੰਦੀ ਲਗਾਈ ਗਈ ਹੈ।
ਦੱਸ ਦਈਏ ਕਿ ਦਿਵਿਆ ਫਾਰਮੇਸੀ ਦੇ ਜਿਨ੍ਹਾਂ ਉਤਪਾਦਾਂ ‘ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ‘ਚ ਸ਼੍ਵਾਸਰੀ ਗੋਲਡ, ਸ਼੍ਵਾਸਰੀ ਵਟੀ, ਦਿਵਿਆ ਬ੍ਰੋਂਕੋਮ, ਸ਼੍ਵਾਸਰੀ ਪ੍ਰਵਾਹੀ, ਸ਼੍ਵਾਸਰੀ ਅਵਲੇਹ, ਮੁਕਤਾ ਵਟੀ ਐਕਸਟਰਾ ਪਾਵਰ, ਲਿਪੀਡੋਮ, ਬੀਪੀ ਗ੍ਰਿਟ, ਮਧੂਗ੍ਰਿਟ, ਮਧੁਨਾਸ਼ਿਨੀ ਵਟੀ ਐਕਸਟਰਾ ਪਾਵਰ, ਲਿਵਾਮ੍ਰਿਤ ਐਡਵਾਂਸ, ਲਿਵੋਗ੍ਰਿਟ ਆਈਗ੍ਰਿਟ ਗੋਲਡ ਅਤੇ ਪਤੰਜਲੀ ਦ੍ਰਿਸ਼ਟੀ ਆਈ ਡਰਾਪ ਸ਼ਾਮਲ ਹਨ।
ਦੂਜੇ ਪਾਸੇ ਉੱਤਰਾਖੰਡ ਡਰੱਗ ਕੰਟਰੋਲ ਵਿਭਾਗ ਦੀ ਨੋਟੀਫਿਕੇਸ਼ਨ ਅਨੁਸਾਰ, ਦਿਵਿਆ ਫਾਰਮੇਸੀ ਦੇ ਲਾਇਸੈਂਸ ਨੂੰ ਇਸ ਦੇ ਉਤਪਾਦਾਂ ਦੀ ਪ੍ਰਭਾਵ ਬਾਰੇ ਵਾਰ-ਵਾਰ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਤ ਕਰਨ ਲਈ ਰੋਕ ਦਿੱਤਾ ਗਿਆ ਹੈ।
ਦੱਸ ਦਈਏ ਕਿ ਰਾਮਦੇਵ ਪਤੰਜਲੀ ਆਯੁਰਵੇਦ ਦੇ ਮੁੱਖ ਨਿਰਮਾਤਾ ਹਨ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਨੂੰ ਪਤੰਜਲੀ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ ‘ਤੇ ਕਾਰਵਾਈ ਨਾ ਕਰਨ ‘ਤੇ ਫਟਕਾਰ ਲਗਾਈ ਸੀ। ਜਿਸ ਤੋਂ ਬਾਅਦ ਹੁਣ ਉੱਤਰਾਖੰਡ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਸਟੇਟ ਡਰੱਗ ਲਾਇਸੈਂਸਿੰਗ ਅਥਾਰਟੀ ਨੇ ਪਤੰਜਲੀ ਦੇ 14 ਉਤਪਾਦਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ।
ਸੁਪਰੀਮ ਕੋਰਟ ਵਿੱਚ ਹੋਣ ਵਾਲੀ ਅਹਿਮ ਸੁਣਵਾਈ ਤੋਂ ਪਹਿਲਾਂ ਉਤਰਾਖੰਡ ਸਰਕਾਰ ਨੇ ਇਹ ਵੱਡਾ ਕਦਮ ਚੁੱਕਿਆ ਹੈ। ਯੋਗ ਗੁਰੂ ਕਹੇ ਜਾਂਦੇ ਰਾਮਦੇਵ ‘ਤੇ ਮਾਣਹਾਨੀ ਦੇ ਦੋਸ਼ ਦਰਜ ਕੀਤੇ ਜਾਣਗੇ ਜਾਂ ਨਹੀਂ ਇਸ ਬਾਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ।
(Report – Sunil Kataria, Senior Journalist, World Punjabi TV)