Connect with us

Punjab

ਓ.ਪੀ. ਸੋਨੀ ਨੇ ਸ਼ਹੀਦ ਕਿਸਾਨ ਦੀ ਧੀ ਸਮੇਤ 30 ਸਟਾਫ਼ ਨਰਸਾਂ ਨੂੰ ਸੌਂਪੇ ਨਿਯੁਕਤੀ ਪੱਤਰ

Published

on

ਚੰਡੀਗੜ- ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਿਹਤ ਵਿਭਾਗ ਵਿੱਚ 30 ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ, ਜਿਨਾਂ ਵਿੱਚ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਸੰਘਰਸ਼ ਵਿਚ ਆਪਣੇ ਪ੍ਰਾਣਾਂ ਦੀ ਆਹੂਤੀ ਪਾਉਣ ਵਾਲੇ ਮੋਗਾ ਜਿਲੇ ਦੇ ਪਿੰਡ ਖੋਸਾ ਪਾਂਡੂ ਦੇ ਕਿਸਾਨ ਗੁਰਦੇਵ ਸਿੰਘ ਦੀ ਧੀ ਕਮਲਦੀਪ ਕੌਰ ਵੀ ਸ਼ਾਮਲ ਹੈ।
ਸ੍ਰੀ ਸੋਨੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਵਿਚ ਲਾਗੂ ਕੀਤੇ ਗਏ ਕਿਸਾਨ ਮਾਰੂ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਸਰਕਾਰ ਡਟ ਕੇ ਖੜੀ ਹੈ। ਸਮਾਗਮ ਦੌਰਾਨ ਜਿੱਥੇ ਸ਼ਹੀਦ ਕਿਸਾਨ ਦੀ ਧੀ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਉੱਥੇ ਹੀ 29 ਹੋਰ ਉਮੀਦਵਾਰਾਂ ਨੂੰ ਵੀ ਸਿਹਤ ਵਿਭਾਗ ਵਿੱਚ ਸਟਾਫ ਨਰਸ ਵਜੋਂ ਨਿਯੁਕਤੀ ਪੱਤਰ ਦਿੱਤੇ ਗਏ।
ਇਨਾਂ ਨਿਯੁਕਤੀਆਂ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਓ.ਪੀ. ਸੋਨੀ ਨੇ ਕਿਹਾ ਕਿ ਪੰਜਾਬ ਦੇ ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਦੀ ਪੰਜਾਬ ਸਰਕਾਰ ਦੀ ਪਹਿਲਕਦਮੀ ਤਹਿਤ ‘ਘਰ ਘਰ ਰੋਜ਼ਗਾਰ ਯੋਜਨਾ‘ ਦੇ ਵਾਅਦੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ, 30 ਸਟਾਫ਼ ਨਰਸਾਂ ਨੂੰ ਨਿਯੁਕਤੀ ਪੱਤਰ ਦਿੱਤੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 598 ਸਟਾਫ਼ ਨਰਸਾਂ ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਜਿਨਾਂ ਵਿੱਚੋਂ 533 ਸਟਾਫ਼ ਨਰਸਾਂ ਦੀ ਨਿਯੁਕਤੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਨੇ ਆਪਣੀ ਚੱਲ ਰਹੀ ਭਰਤੀ ਮੁਹਿੰਮ ਵਿੱਚ ਤੇਜੀ ਲਿਆਂਦੀ ਹੈ।
ਪੰਜਾਬ ਦੇ ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦੇ ਉਦੇਸ਼ ਦੀ ਪ੍ਰਾਪਤੀ ਲਈ ਅਤੇ ਪੰਜਾਬ ਦੇ ਸਿਹਤ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ, ਸਿਹਤ ਵਿਭਾਗ ਨੇ ਸਾਲ 2017 ਤੋਂ 2021 ਤੱਕ ਮੈਡੀਕਲ, ਪੈਰਾਮੈਡੀਕਲ ਅਤੇ ਹੋਰ ਸਟਾਫ ਦੀਆਂ 13000 ਤੋਂ ਵੱਧ ਅਸਾਮੀਆਂ ‘ਤੇ ਭਰਤੀ ਪੂਰੀ ਕਰ ਲਈ ਹੈ, ਜਦਕਿ ਹੋਰ ਖਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਜਾਰੀ ਹੈ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਰੀਆਂ ਨਿਯੁਕਤੀਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਨਿਰੋਲ ਯੋਗਤਾ ਦੇ ਆਧਾਰ ‘ਤੇ ਪਾਰਦਰਸੀ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਵਿੱਚ ਨਵੇਂ ਨਿਯੁਕਤ ਹੋਣ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਉਨਾਂ ਨੂੰ ਰਾਜ ਦੀਆਂ ਵੱਖ -ਵੱਖ ਸਿਹਤ ਸੰਸਥਾਵਾਂ ਵਿੱਚ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸਾਹਿਤ ਕੀਤਾ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਦੌਰਾਨ, ਸਿਹਤ ਵਿਭਾਗ ਦੇ ਸਟਾਫ ਨੇ ਜਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ ਅਤੇ ਭਵਿੱਖ ਵਿੱਚ ਵੀ ਉਹ ਇਸੇ ਤਰਾਂ ਕੰਮ ਕਰਦੇ ਰਹਿਣ।
ਸਿਹਤ ਸਕੱਤਰ ਵਿਕਾਸ ਗਰਗ ਨੇ ਨਵ-ਨਿਯੁਕਤ ਸਟਾਫ਼ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਨਾਂ ਕੋਲ ਪੰਜਾਬ ਦੀਆਂ ਜਨਤਕ ਸਿਹਤ ਸੰਸਥਾਵਾਂ ਵਿੱਚ ਆਪਣੀ ਡਿਊਟੀ ਕੁਸਲਤਾ ਨਾਲ ਨਿਭਾਉਣ ਅਤੇ ਆਮ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਹੈ। ਇਸ ਮੌਕੇ ਐਮ.ਡੀ. ਪੀ.ਐਚ.ਐਸ.ਸੀ. ਅਮਿਤ ਕੁਮਾਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਅੰਦੇਸ਼, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਓਮ ਪ੍ਰਕਾਸ ਗੋਜਰਾ ਅਤੇ ਹੋਰ ਅਧਿਕਾਰੀ ਹਾਜਰ ਸਨ।

ਕਿਸਾਨੀ ਸੰਘਰਸ ਦੇ ਸ਼ਹੀਦ ਕਿਸਾਨ ਦੀ ਧੀ ਕਮਲਦੀਪ ਕੌਰ ਨੂੰ  ਉੱਪ ਮੁੱਖ ਮੰਤਰੀ ਨਿਯੁਕਤੀ ਪੱਤਰ ਸੌਂਪਦੇ ਹੋਏ