Punjab
ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰਡੈਂਟ ‘ਤੇ ਕੈਦੀ ਨੇ ਕੀਤਾ ਹਮਲਾ
PUNJAB: ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰਡੈਂਟ ’ਤੇ ਹਮਲਾ ਕਰਨ ਵਾਲੇ ਕੈਦੀ ਖ਼ਿਲਾਫ਼ ਸਿਟੀ ਪੁਲੀਸ ਨੇ ਜੇਲ੍ਹ ਐਕਟ ਦੀਆਂ ਧਾਰਾਵਾਂ 353,186,511 ਅਤੇ 42 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰਡੈਂਟ ਵੱਲੋਂ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਨੂੰ ਭੇਜੀ ਸ਼ਿਕਾਇਤ ਅਨੁਸਾਰ ਮੁਲਜ਼ਮ ਨਜ਼ਰਬੰਦ ਸੰਜੇ ਕੁਮਾਰ ਉਰਫ਼ ਸਾਜਨ ਨਾਇਰ ਪੁੱਤਰ ਵਿਜੇ ਕੁਮਾਰ ਵਾਸੀ ਹਰੀਪੁਰ ਗੇਟ ਹਕੀਮਾ ਅੰਮਿ੍ਤਸਰ ਨੂੰ ਕੇਂਦਰੀ ਜੇਲ੍ਹ ਫ਼ਰੀਦਕੋਟ ਤੋਂ ਗੁਰਦਾਸਪੁਰ ਵਿਖੇ ਤਬਦੀਲ ਕਰ ਦਿੱਤਾ ਗਿਆ | ਜਿਸ ਨੂੰ ਪੁਲਿਸ ਗਾਰਡ ਨੇ 1.40 ਵਜੇ ਦੇ ਕਰੀਬ ਜੇਲ੍ਹ ਪਹੁੰਚਾਇਆ ਅਤੇ 2.00 ਵਜੇ ਉਕਤ ਕੈਦੀ ਨੂੰ ਸੁਪਰਡੈਂਟ ਜੇਲ੍ਹ ਗੁਰਦਾਸਪੁਰ ਦੇ ਸਾਹਮਣੇ ਪੇਸ਼ ਕੀਤਾ ਗਿਆ।
ਜਿਵੇਂ ਹੀ ਮੁਲਜ਼ਮ ਕੈਦੀ ਸੁਪਰਡੈਂਟ ਦੇ ਦਫ਼ਤਰ ਵਿੱਚ ਦਾਖ਼ਲ ਹੋਇਆ ਤਾਂ ਉਸ ਨੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਉੱਥੇ ਪਈ ਕੁਰਸੀ ਨੂੰ ਚੁੱਕ ਲਿਆ ਅਤੇ ਸੁਪਰਡੈਂਟ ’ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮੇਜ਼ ‘ਤੇ ਪਏ ਪੈਨ ਨਾਲ ਸੁਪਰਡੈਂਟ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਦੌਰਾਨ ਜੇਲ੍ਹ ਮੁਲਾਜ਼ਮਾਂ ਵਿੱਚ ਦਹਿਸ਼ਤ ਫੈਲ ਗਈ ਪਰ ਦਫ਼ਤਰ ਵਿੱਚ ਤਾਇਨਾਤ ਮੁਲਾਜ਼ਮਾਂ ਨੇ ਨਜ਼ਰਬੰਦ ਸੰਜੇ ਉਰਫ਼ ਸਾਜਨ ਨੂੰ ਕਾਬੂ ਕਰ ਲਿਆ। ਇਸ ਹਮਲੇ ਵਿੱਚ ਜੇਲ੍ਹ ਸੁਪਰਡੈਂਟ ਵਾਲ-ਵਾਲ ਬਚ ਗਿਆ। ਇਸ ਸਬੰਧੀ ਥਾਣਾ ਸਿਟੀ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਦੇ ਸ਼ਿਕਾਇਤ ਪੱਤਰ ਦੇ ਆਧਾਰ ‘ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਦਾਲਤ ‘ਚੋਂ ਪ੍ਰੋਟੈਕਸ਼ਨ ਵਾਰੰਟ ਹਾਸਲ ਕਰਕੇ ਉਸ ਨੂੰ ਪੇਸ਼ ਕੀਤਾ ਜਾਵੇਗਾ |ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਦੋਸ਼ੀ ਸੰਜੇ ਨੂੰ ਫਰੀਦਕੋਟ ਜੇਲ ਤੋਂ ਗੁਰਦਾਸਪੁਰ ਲਿਆਂਦਾ ਗਿਆ ਸੀ।