Corona Virus
ਕੋਵਿਡ-19 ਦਾ ਕੋਈ ਵੀ ਸ਼ੱਕੀ ਵਿਅਕਤੀ ਲਾਪਤਾ ਜਾਂ ਫਰਾਰ ਨਹੀਂ ਹੋਇਆ-ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ
ਸਿਹਤ ਮੰਤਰੀ ਨੇ ਮੀਡੀਆ ਰਿਪੋਰਟਾਂ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਗਲਤ ਕਰਾਰ ਦਿੱਤਾ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦਾ ਕੋਈ ਵੀ ਮਰੀਜ਼ ਲਾਪਤਾ ਜਾਂ ਫਰਾਰ ਨਹੀਂ ਹੋਇਆ। ਉਨਾਂ ਨੇ ਮੀਡੀਆ ਰਿਪੋਰਟਾਂ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਗਲਤ ਕਰਾਰ ਦਿੰਦਿਆਂ ਰੱਦ ਕਰ ਦਿੱਤਾ।
ਸ੍ਰੀ ਸਿੱਧੂ ਨੇ ਕਿਹਾ ਕਿ 167 ਲਾਪਤਾ ਵਿਅਕਤੀ ਜਿਨਾਂ ਦਾ ਲੁਧਿਆਣਾ ਦੇ ਸਿਵਲ ਸਰਜਨ ਵੱਲੋਂ ਜ਼ਿਕਰ ਕੀਤਾ ਗਿਆ ਸੀ, ਕੋਵਿਡ-19 ਦੇ ਸ਼ੱਕੀ ਕੇਸ ਨਹੀਂ ਸਨ ਪਰ ਇਨਾਂ ਵਿੱਚ ਵਿਦੇਸ਼ੀ ਦੌਰਾ ਕਰਨ ਵਾਲੇ ਕੁਝ ਲੋਕ ਸਨ ਜਿਨਾਂ ਨੂੰ ਭਾਰਤ ਸਰਕਾਰ ਵੱਲੋਂ ਰਾਬਤਾ ਕਰਨ ਦੇ ਅਧੂਰੇ ਵੇਰਵੇ ਸਾਂਝੇ ਕਰਨ ਕਰਕੇ ਲੱਭਿਆ ਨਹੀਂ ਜਾ ਸਕਿਆ। ਉਨਾਂ ਕਿਹਾ ਕਿ ਇਨਾਂ ਲੋਕਾਂ ਬਾਰੇ ਹੀ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਉਹ ਕੋਰੋਨਾ ਦੇ ਸ਼ੱਕੀ ਮਾਮਲੇ ਸਨ ਜੋ ਫਰਾਰ ਜਾਂ ਗੰੁਮ ਹੋ ਗਏ।
ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਫੈਲਣ ਦੇ ਮੱਦੇਨਜ਼ਰ ਇਨਾਂ ਸਾਰੇ ਵਿਅਕਤੀਆਂ ਦੀ ਦਿੱਲੀ ਵਿੱਚ ਹਵਾਈ ਅੱਡੇ ’ਤੇ ਪਹਿਲਾਂ ਹੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਭਾਰਤ ਸਰਕਾਰ ਵੱਲੋਂ ਸਾਰੇ ਯਾਤਰੀਆਂ ਦੀਆਂ ਰਿਪੋਰਟਾਂ ਪੰਜਾਬ ਸਮੇਤ ਸਾਰੇ ਸਬੰਧਤ ਸੂਬਿਆਂ ਨਾਲ ਸਾਂਝੀ ਕੀਤੀਆਂ ਜਾਂਦੀਆਂ ਹਨ। ਉਨਾਂ ਸਪੱਸ਼ਟ ਕੀਤਾ ਕਿ ਜਿਨਾਂ ਮੁਸਾਫਰਾਂ ਵਿੱਚ ਲੱਛਣ ਪਾਏ ਗਏ ਹਨ, ਉਨਾਂ ਨੂੰ ਪ੍ਰੋਟੋਕੋਲ ਮੁਤਾਬਕ ਇਕਾਂਤ ਵਿੱਚ ਰੱਖਿਆ ਗਿਆ ਜਦਕਿ ਜਿਨਾਂ ਮੁਸਾਫਰਾਂ ਵਿੱਚ ਲੱਛਣ ਨਹੀਂ ਮਿਲੇ, ਉਨਾਂ ਦੀਆਂ ਸੂਚੀਆਂ ਸਬੰਧਤ ਸੂਬੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਉਨਾਂ ਦੱਸਿਆ ਕਿ ਇਹਤਿਆਤ ਦੇ ਤੌਰ ’ਤੇ ਪੰਜਾਬ ਸਰਕਾਰ ਇਨਾਂ ਲੋਕਾਂ ਦੀਆਂ ਵਿਦੇਸ਼ੀ ਮੁਲਕ ਦੇ ਦੌਰੇ ਅਤੇ ਸਿਹਤ ਦੀ ਸਥਿਤੀ ਜਾਣਨ ਦੀ ਮੁੜ ਤਸਦੀਕ ਕਰਨ ਲਈ ਰਾਬਤਾ ਕਾਇਮ ਕਰਦੀ ਹੈ।
ਸ੍ਰੀ ਸਿੱਧੂ ਇਸ ਮਾਮਲੇ ਵਿੱਚ ਭਾਰਤ ਸਰਕਾਰ ਦੁਆਰਾ ਸਾਂਝੇ ਕੀਤੇ 335 ਯਾਤਰੀਆਂ ਦੇ ਸੰਪਰਕ ਵੇਰਵੇ ਅਧੂਰੇ ਸਨ ਅਤੇ ਇਨਾਂ ਯਾਤਰੀਆਂ ਦੀਆਂ ਸੂਚੀਆਂ ਨੂੰ ਜ਼ਿਲਾ ਪ੍ਰਸ਼ਾਸਨ ਨਾਲ ਸਾਂਝਾ ਕੀਤਾ ਗਿਆ ਸੀ ਅਤੇ ਕੇਂਦਰ ਸਰਕਾਰ ਨੂੰ ਵੀ ਨਿਯਮਤ ਤੌਰ ‘ਤੇ ਸੂਚਿਤ ਕੀਤਾ ਗਿਆ ਸੀ । ਇਸ ਤੋਂ ਬਾਅਦ, ਇਹਨਾਂ ਵਿੱਚੋਂ 191 ਯਾਤਰੀਆਂ ਨੂੰ ਸਫਲਤਾਪੂਰਵਕ ਸੰਪਰਕ ਕੀਤਾ ਗਿਆ, ਅਤੇ ਉਨਾਂ ਵਿਚ ਕਿਸੇ ਵੀ ਤਰਾਂ ਦੇ ਕੋਈ ਲੱਛਣ ਨਹੀਂ ਪਾਏ ਗਏ ਸਨ ਅਤੇ ਨਿਗਰਾਨੀ ਦੇ 14 ਦਿਨਾਂ ਦੀ ਮਿਆਦ ਨੂੰ ਪਾਰ ਕਰ ਚੁੱਕੇ ਸਨ।
ਸਿਹਤ ਮੰਤਰੀ ਨੇ ਕਿਹਾ, ਇਹ ਕਹਿਣਾ ਬਹੁਤ ਗ਼ੈਰ ਜ਼ਿੰਮੇਵਾਰਾਨਾ ਅਤੇ ਗਲਤ ਹੈ ਕਿ ਇਹ ਕੋਵੀਡ -19 ਦੇ ਸ਼ੱਕੀ ਮਾਮਲੇ ਹਨ ਕਿਉਂਕਿ ਉਹ ਯਾਤਰੀ ਸਨ,। ਉਨਾਂ ਸਪੱਸ਼ਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਹੁਣ ਤੱਕ ਕੋਵਾਈਡ -19 ਦੇ ਸਿਰਫ ਇਕ ਮਾਮਲੇ ਦੀ ਪੁਸ਼ਟੀ ਹੋਈ ਹੈ। ਇਹ ਯਾਤਰੀ ਇਟਲੀ ਤੋਂ ਆਇਆ ਸੀ ਅਤੇ ਇਸ ਦੀ ਅੰਮਿ੍ਰਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾਂਚ ਕੀਤੀ ਗਈ ਸੀ ਅਤੇ ਜੀ ਐਮ ਸੀ ਅੰਮਿ੍ਰਤਸਰ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਸਦੀ ਸਥਿਤੀ ਹੁਣ ਸਥਿਰ ਹੈ। ਉਸਦੇ ਪਰਿਵਾਰਕ ਮੈਂਬਰਾਂ ਦੀ ਟੈਸਟ ਕੀਤੇ ਗਏ ਅਤੇ ਇਹ ਨੈਗੇਟਿਵ ਪਾਏ ਗਏ। ਮਰੀਜ਼ ਨੇ ਹਸਪਤਾਲ ਵਿੱਚ ਇਕਾਂਤ ਵਿੱਚ ਰਹਿਣ ਦਾ 14 ਦਿਨ ਦਾ ਸਮਾਂ ਪੂਰਾ ਕਰ ਲਿਆ ਹੈ ਇਸਦੇ ਸੈਂਪਲ ਅੱਜ ਮੁੜ ਟੈਸਟ ਲਈ ਲੈਬ ਵਿੱਚ ਭੇਜੇ ਗਏ ਹਨ।
ਅੱਜ ਤਕ, 7523 ਯਾਤਰੀਆਂ ਦੀ ਸੂਚੀ ਸੂਬਾ ਸਰਕਾਰ ਨੂੰ ਪ੍ਰਾਪਤ ਹੋਈ ਹੈ ਅਤੇ ਸਿਹਤ ਮੰਤਰੀ ਅਨੁਸਾਰ ਇਨਾਂ ਵਿੱਚੋਂ 6083 ਨੇ ਨਿਗਰਾਨੀ ਦੀ ਮਿਆਦ ਪੂਰੀ ਕਰ ਲਈ ਹੈ। ਰਾਜ ਵਿਚ ਟੈਸਟ ਕੀਤੇ ਗਏ ਨਮੂਨਿਆਂ ਦੀ ਕੁੱਲ ਗਿਣਤੀ 117 ਰਹੀ, ਜਿਨਾਂ ਵਿੱਚੋਂ ਇਕ ਪਾਜ਼ੇਟਿਵ ਪਾਏ ਜਾਣ ਤੋਂ ਇਲਾਵਾ, 112 ਦੇ ਨੈਗੇਟਿਵ ਪਾਏ ਗਏ ਹਨ। ਚਾਰ ਟੈਸਟਾਂ ਦੀ ਰਿਪੋਰਟ ਹਾਲੇ ਆਉਣੀ ਹੈ। ਅੱਠ ਵਿਅਕਤੀਆਂ ਨੂੰ ਹਸਪਤਾਲਾਂ ਵਿਖੇ ਨਿਗਰਾਨੀ ਹੇਠ ਰੱਖਿਆ ਗਿਆ ਹੈ ਜਦਕਿ 1298 ਘਰਾਂ ਵਿਚ ਨਿਗਰਾਨੀ ਕੀਤੀ ਜਾ ਰਹੀ ਹੈ।
Continue Reading