Punjab
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਜਾਗੀ ਪੁਲਿਸ
- ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਛਾਪੇਮਾਰੀ
- ਵੱਡੀ ਗਿਣਤੀ ‘ਚ ਲਾਹਣ ਨੂੰ ਕੀਤਾ ਨਸ਼ਟ
ਸੰਗਰੂਰ, 04 ਅਗਸਤ: ਪੁਲਿਸ ਨੇ ਜ਼ਿਲ੍ਹੇ ਅੰਦਰ ਵੱਡੀ ਪੱਧਰ ‘ਤੇ ਛਾਪੇਮਾਰੀ ਕਰਦਿਆਂ ਨਜ਼ਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਬੇਪਰਦਾ ਕੀਤਾ ਹੈ। ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੁਲਿਸ ਜਾਗੀ ਗਈ ਹੈ। ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਅਤੇ ਨਸ਼ਿਆਂ ਦੇ ਕਾਲੇ ਕਾਰੋਬਾਰ ਕਰਨ ਵਾਲਿਆਂ ਨਾਲ ਸਖ਼ਤੀ ਕੀਤੀ ਜਾ ਰਹੀ ਹੈ। ਸੰਗਰੂਰ ਪੁਲਿਸ ਨੇ ਜ਼ਿਲ੍ਹੇ ਅੰਦਰ’ ਲੱਗਭਗ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਈ ਮੁਕੱਦਮੇ ਦਰਜ ਵੀ ਹੋਏ ਹਨ। ਸੰਗਰੂਰ ਪੁਲਿਸ ਨੇ ਕਾਰਵਾਈ ਕਰਕੇ ਚਾਲੂ ਭੱਠੀਆਂ ਫੜੀਆਂ ਹਨ, ਅਤੇ ਵੱਡੀ ਗਿਣਤੀ ‘ਚ ਲਾਹਣ ਨੂੰ ਨਸ਼ਟ ਕੀਤਾ ਹੈ।
ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਅਲੀ ਸ਼ਰਾਬ ਨਾ ਖਰੀਦਣ ਸਗੋਂ ਅਜਿਹਾ ਧੰਦਾ ਕਰਨ ਵਾਲਿਆਂ ਦੀ ਇਤਲਾਹ ਪੁਲਿਸ ਨੂੰ ਦੇਣ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾ ਸਕੇ। ਦੂਜੇ ਪਾਸੇ ਸਥਾਨਕ ਲੋਕਾਂ ਨੇ ਪੁਲਿਸ ‘ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਹਨ।
ਛਾਪੇਮਾਰੀ ਕਰ ਰਹੀ ਪੁਲਿਸ ਦੇ ਨਾਲ ਸੀ.ਆਈ.ਏ. ਸਟਾਫ਼ ਦੀਆਂ ਟੀਮਾਂ ਵੀ ਸ਼ਾਮਲ ਰਹਿਣਗੀਆਂ, ਫਿਲਹਾਲ ਪੁਲਿਸ ਦੀ ਇਸ ਕਾਰਵਾਈ ਤੋਂ ਲੱਗ ਰਿਹਾ ਕਿ ਸ਼ਰਾਬ ਮਾਫੀਆ ਨੂੰ ਹੁਣ ਪੁਲਿਸ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਸਵਾਲ ਇਸ ਗੱਲ ਨੂੰ ਲੈਕੇ ਹੈ ਕਿ 112 ਲੋਕਾਂ ਦੀ ਜਾਨ ਜਾਣ ਤੋਂ ਬਾਅਦ ਹੀ ਪੁਲਿਸ ਅਤੇ ਸਰਕਾਰ ਕਿਉਂ ਜਾਗੀ ਹੈ।