punjab
ਜਾਣੋ, 9 ਪੋਹ ਦਾ ਇਤਿਹਾਸ
ਦਸਮੇਸ਼ ਪਿਤਾ ਜੀ ਜਦੋਂ ਅਨੰਦਗੜ੍ਹ ਦਾ ਕਿਲ੍ਹਾ ਛੱਡ ਕੇ ਚਮਕੌਰ ਸਾਹਿਬ ਪਹੁੰਚੇ ਤਾਂ ਦੁਸ਼ਮਣ ਵੀ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਉਥੇ ਆ ਪਹੁੰਚੇ। ਦੁਸ਼ਮਣਾਂ ਦੀ ਫੌਜ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ ਅਤੇ ਗੁਰੂ ਸਾਹਿਬ ਦੇ ਸਿੱਖਾਂ ਤੇ ਮੁਗਲ ਫੌਜ ਦੀ ਚਮਕੌਰ ਵਿਚ ਘਮਾਸਾਨ ਦੀ ਜੰਗ ਹੋਈ, ਜਿਸ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਬਾਕੀ ਬਚੇ 11 ਸਿੰਘਾਂ ਨੇ ਆਪਸ ਵਿੱਚ ਫੈਸਲਾ ਕੀਤਾ ਕੀ ਗੁਰੂ ਸਾਹਿਬ ਜੀ ਇੱਥੋਂ ਸੁਰੱਖਿਅਤ ਨਿਕਲ ਜਾਣ ਕਿਉਂਕਿ ਉਹ ਜਾਣਦੇ ਸਨ ਕਿ ਇਸ ਮੁਸ਼ਕਲ ਸਮੇਂ ਵਿਚ ਸਿੱਖ ਕੌਮ ਨੂੰ ਗੁਰੂ ਸਾਹਿਬ ਜੀ ਦੀ ਅਗਵਾਈ ਦੀ ਬਹੁਤ ਜ਼ਰੂਰਤ ਹੈ। ਇਸ ਲਈ ਸਿੰਘਾਂ ਨੇ ਪੰਜ ਪਿਆਰੇ ਚੁਣ ਕੇ ਗੁਰੂ ਸਾਹਿਬ ਜੀ ਨੂੰ ਚਮਕੌਰ ਦੀ ਗੜ੍ਹੀ ਛੱਡ ਜਾਣ ਦੀ ਗੁਜ਼ਾਰਿਸ਼ ਕੀਤੀ । ਪਰ ਇਸ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਵੀ ਖਾਲਸੇ ਨੂੰ ਗੁਰੂ ਰੂਪ ਜਾਣ ਕੇ ਗੜ੍ਹੀ ਛੱਡ ਜਾਣ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਆਪਣੀ ਜਗ੍ਹਾ ਬਾਬਾ ਸੰਗਤ ਸਿੰਘ ਜੀ ਦੇ ਸੀਸ ’ਤੇ ਕਲਗੀ ਅਤੇ ਪੌਸ਼ਾਕ ਸਜਾ ਕੇ ਖਾਲਸੇ ਨੂੰ ਗੁਰੂਤਾ ਬਖਸ਼ ਦਿੱਤੀ। ਬਾਬਾ ਸੰਗਤ ਸਿੰਘ ਦੀ ਸ਼ਕਲ-ਸੂਰਤ ਗੁਰੂ ਸਾਹਿਬ ਜੀ ਨਾਲ ਲਗਭਗ ਮਿਲਦੀ ਸੀ।
ਪੰਜ ਪਿਆਰਿਆਂ ਦੀ ਬੇਨਤੀ ਨੂੰ ਸਵੀਕਾਰ ਕਰਕੇ, ਇੱਕ ਯੋਧੇ ਦੀ ਤਰ੍ਹਾਂ ਤਾੜੀ ਮਾਰ ਕੇ ਦੁਸ਼ਮਣ ਫ਼ੌਜਾਂ ਨੂੰ ਆਪਣੇ ਗੜ੍ਹੀ ਛੱਡਣ ਦਾ ਫੈਸਲਾ ਸੁਣਾ ਕੇ ਕਿਹਾ ਕਿ “ਗੁਰੂ ਗੋਬਿੰਦ ਸਿੰਘ ਜੀ ਗੜ੍ਹੀ ਛੱਡ ਕੇ ਜਾ ਰਹੇ ਹਨ, ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ”, ਇਸ ਤੋਂ ਬਾਅਦ ਗੁਰੂ ਸਾਹਿਬ ਜੀ ਮਾਛੀਵਾੜੇ ਚਲੇ ਗਏ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਵੀ ਗੁਰੂ ਜੀ ਦੀ ਸੇਵਾ ਵਿੱਚ ਗੁਰੂ ਜੀ ਦੇ ਨਾਲ ਹੀ ਗੜ੍ਹੀ ਵਿੱਚੋਂ ਬਾਹਰ ਨਿਕਲੇ ਪਰ ਹਨੇਰੀ ਰਾਤ ਵਿੱਚ ਉਹ ਗੁਰੂ ਜੀ ਨਾਲੋਂ ਵਿਛੜ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਆਗਿਆ ਅਨੁਸਾਰ ਮਾਛੀਵਾੜੇ ਦੇ ਜੰਗਲ਼ ਵਿੱਚ ਪਹੁੰਚ ਕੇ ਅਰਾਮ ਕੀਤਾ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਵੀ ਸ਼ਾਮ ਤੱਕ ਗੁਰੂ ਜੀ ਕੋਲ ਪਹੁੰਚ ਗਏ।
ਇੱਥੇ ਇਹ ਵੀ ਦੱਸਿਆਂ ਜਾਂਦਾ ਹੈ ਕਿ ਮੁਗ਼ਲਾਂ ਨੇ ਦੁਬਾਰਾ ਚਮਕੌਰ ਦੀ ਗੜ੍ਹੀ ਉਤੇ ਹਮਲਾ ਕੀਤਾ ਕਿਉਂਕਿ ਬਾਬਾ ਜੀ ਦੇ ਪਹਿਨੀ ਹੋਈ ਗੁਰੂ ਸਾਹਿਬ ਵਾਲੀ ਪੌਸ਼ਾਕ ਮੁਗਲਾਂ ਨੂੰ ਗੁਰੂ ਸਾਹਿਬ ਦਾ ਵਾਰ-ਵਾਰ ਭੁਲੇਖਾ ਪਾਉਂਦੀ ਸੀ। ਬਾਬਾ ਸੰਗਤ ਸਿੰਘ ਜੀ ਦੀ ਅਗਵਾਈ ਹੇਠ ਸਿੰਘਾਂ ਨੇ ਬੜੀ ਬਹਾਦਰੀ ਅਤੇ ਦਲੇਰੀ ਨਾਲ ਦੁਸ਼ਮਣ ਫੌਜ ਦਾ ਮੁਕਾਬਲਾ ਕੀਤਾ। ਬਾਬਾ ਸੰਗਤ ਸਿੰਘ ਨੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਤੀਰਾਂ ਨਾਲ ਦੁਸ਼ਮਣਾਂ ਨੂੰ ਧੂੜ ਚਟਾ ਦਿੱਤੀ। ਜ਼ਖਮੀ ਹਾਲਤ ਵਿੱਚ ਵੀ ਬਾਬਾ ਜੀ ਅੰਤ ਸਮੇਂ ਤਕ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਉਂਦੇ ਹੋਏ ਸ਼ਹਾਦਤ ਪ੍ਰਾਪਤ ਕਰ ਕੇ ਸਦਾ ਲਈ ਗੁਰੂ-ਚਰਨਾਂ ਵਿਚ ਜਾ ਬਿਰਾਜੇ।
ਦੂਜੇ ਪਾਸੇ ਗੰਗੂ ਬ੍ਰਾਹਮਣ ਨੇ ਮਾਇਆ ਦੇ ਲਾਲਚ ਵਿੱਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਦੀ ਸੂਚਨਾ ਮੁਗਲ ਹਕੂਮਤ ਨੂੰ ਦੇ ਕੇ ਉਨ੍ਹਾਂ ਨੂੰ ਮੋਰਿੰਡੇ ਦੇ ਕੋਤਵਾਲ ਦੇ ਹਵਾਲੇ ਕਰ ਦਿੱਤਾ। 8 ਪੋਹ ਨੂੰ ਉਹ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਵਿਸ਼ਰਾਮ ਕਰਵਾਉਂਦਾ ਹੈ ਪਰ ਗੰਗੂ ਦੇ ਮਨ ਵਿੱਚ ਲੋਭ ਤੇ ਲਾਲਚ ਆ ਜਾਂਦਾ ਹੈ। ਉਹ ਸੋਚਦਾ ਹੈ ਕਿ ਉਸ ਨੇ ਸੋਨੇ ਦੀਆਂ ਮੋਹਰਾਂ ਤਾਂ ਹਥਿਆ ਲਈਆਂ ਨੇ ਕਿਉਂ ਨਾ ਹੁਣ ਮੁਗਲ ਦਰਬਾਰ ਕੋਲੋਂ ਵੀ ਆਪਣਾ ਇਨਾਮ ਲੈ ਲੈਣ, ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਗੰਗੂ ਮੋਰਿੰਡੇ ਆ ਜਾਂਦਾ ਹੈ, ਜਿੱਥੇ ਕੋਤਵਾਲੀ ਥਾਣੇ ‘ਚ ਇਤਲਾਹ ਦਿੰਦਾ ਹੈ, ਇੱਥੇ ਜਾਨੀ ਖਾਂ ਤੇ ਮਾਨੀ ਖਾਂ 2 ਕੋਤਵਾਲੀ ਸੀ … ਉਹ ਦੱਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਮੇਰੇ ਘਰ ਨੇ… ਜਿਸ ਮਗਰੋਂ ਮੁਗਲੀਆਂ ਹਕੂਮਤ ਦੇ 2 ਥਾਣੇਦਾਰ ਜਾਨੀ ਖਾਂ ਤੇ ਮਾਨੀ ਖਾਂ ਸਹੇੜੀ ਪਿੰਡ ਪੁੱਜਦੇ ਨੇ, ਜਿੱਥੇ ਉਹ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਲੈਂਦੇ ਹਨ। ਦੱਸਿਆ ਜਾਂਦਾ ਹੈ ਕਿ ਪਿੰਡ ਸਹੇੜੀ ਤੋਂ ਥਾਣਾ ਕੋਤਵਾਲੀ ਤੱਕ ਦਾ ਫਾਸਲਾ 3 ਮੀਲ ਤੱਕ ਦਾ ਸੀ, ਤਾਂ ਜ਼ਾਲਮਾਂ ਵੱਲੋਂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਦੌਰਾਨ ਕਾਫੀ ਤਸ਼ੱਦਦ ਢਾਹੇ ਜਾਂਦੇ ਹਨ। ਇਹ ਦਾਸਤਾਨ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰ ਲੈਂਦੀ ਹੈ। ਇੱਥੇ ਥਾਣਾ ਕੋਤਵਾਲੀ ਵਿੱਚ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ 9 ਪੋਹ ਦੀ ਰਾਤ ਇੱਥੇ ਕੈਦ ਵਿੱਚ ਕੱਟਦੇ ਹਨ।
ਸਾਰੇ ਸਿੰਘਾਂ ਦੀ ਸ਼ਹੀਦੀ ਮਗਰੋਂ ਜਦੋਂ ਮੁਗਲਾਂ ਦੀ ਫੌਜ ਗੜ੍ਹੀ ਦੇ ਅੰਦਰ ਗਈ ਤਾਂ ਉੱਥੇ ਭਾਈ ਸੰਗਤ ਸਿੰਘ ਦਾ ਧੜ ਜਿਨ੍ਹਾਂ ਦੇ ਸਿਰ ਤੇ ਗੁਰੂ ਸਾਹਿਬ ਦੀ ਕਲਗੀ ਸਜੀ ਹੋਈ ਸੀ ਉੱਥੇ ਪਿਆ ਸੀ. ਕਹਿੰਦੇ ਨੇ ਮੁਗਲਾਂ ਦੀ ਫੌਜ ਨੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਮਝ ਤੇ ਉਨ੍ਹਾਂ ਦੇ ਧੜ ਨਾਲੋ ਸਿਰ ਵੱਢ ਲਿਆ ਤੇ ਜਸ਼ਨ ਮਨਾਉਣ ਲੱਗੇ ਕਿ ਅਸੀਂ ਜਿੱਤ ਗਏ, ਪਰ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਉਦੋਂ ਗ੍ਰਹਿਣ ਲੱਗ ਗਿਆ, ਜਦੋਂ ਪਤਾ ਲੱਗਿਆ ਕਿ ਉਹ ਧੜ ਗੁਰੂ ਸਾਹਿਬ ਜੀ ਦਾ ਨਹੀਂ ਸਗੋਂ ਭਾਈ ਸੰਗਤ ਸਿੰਘ ਦਾ ਸੀ। ਇਨਾਮ ਦੇ ਹਲਕਾਏ ਮੁਗਲ ਸਿਪਾਹੀ ਕੁੱਤਿਆਂ ਵਾਂਗੂ ਗੁਰੂ ਸਾਹਿਬ ਦਾ ਪਤਾ ਲਗਾਉਣ ਲੱਗੇ।
ਦੂਜੇ ਪਾਸੇ ਜਦੋਂ ਬੀਬੀ ਹਰਸ਼ਰਨ ਕੌਰ ਚਮਕੌਰ ਦੀ ਮੈਦਾਨ ਪਹੁੰਚੀ ਤਾਂ ਕੀ ਦੇਖਦੀ ਹੈ ਕਿ ਮੁਗਲ ਫੌਜਾਂ ਆਪਣੇ ਸਿਪਾਹੀਆਂ ਦੀਆਂ ਲੋਥਾਂ ਚੁੱਕ ਕੇ ਲਿਜਾ ਰਹੇ ਨੇ. ਪਰ ਸਿੰਘਾਂ ਦੀਆਂ ਲੋਥਾਂ ਉਵੇਂ ਪਈਆਂ ਤਾਂ . ਦੇਖ ਕੇ ਪਹਿਲਾਂ ਤਾਂ ਬੀਬੀ ਸ਼ਰਨ ਕੌਰ ਭੁੱਬਾਂ ਮਾਰ ਰੋਣ ਲੱਗੀ ਫਿਰ ਉਸ ਨੇ ਪ੍ਰਣ ਕੀਤਾ ਕਿ ਉਹ ਗੁਰੂ ਸਾਹਿਬ ਦੀ ਧੀ ਤੇ ਆਪਣੇ ਭਰਾਵਾਂ ਦੀਆਂ ਲਾਸ਼ਾਂ ਦਾ ਨਿਰਾਦਰ ਨਹੀਂ ਹੋਣ ਦੇਵੇਗੀ। ਉਸ ਨੇ ਇਕ ਇਕ ਕਰਕੇ ਸਿੰਘਾਂ ਦੀਆਂ ਲਾਸ਼ਾਂ ਇਕੱਠੀਆਂ ਕੀਤੀਆਂ ਤੇ ਕਰੀਬ 15 ਧੜ ਇੱਕਠੇ ਕਰਕੇ ਜਦੋਂ ਬੀਬੀ ਸ਼ਰਨ ਕੌਰ ਨੇ ਨੇੜਿਓ ਬਾਲਣ ਇਕੱਠਾ ਕਰਕੇ ਅੰਤਿਮ ਸੰਸਕਾਰ ਕੀਤਾ ਤੇ ਖੁਦ ਬੀਬੀ ਸੋਹਿਲਾ ਸਾਹਿਬ ਦਾ ਪਾਠ ਕਰਨ ਲ਼ੱਗੇ ਪਰ ਅੱਗੇ ਦੀਆਂ ਉੱਚੀਆਂ ਉੱਚੀਆਂ ਲਾਟਾਂ ਦੇਖ ਮੁਗਲਾਂ ਫੌਜਾਂ ਨੂੰ ਭਾਜੜਾਂ ਪੈ ਗਈਆਂ ਪਹਿਲਾਂ ਤਾਂ ਉਹ ਘਬਰਾ ਗਏ ਤੇ ਫਿਰ ਉਨ੍ਹਾਂ ਨੇ ਨੇੜੇ ਆ ਕੇ ਦੇਖਿਆ ਕਿ ਬਲਦੀ ਅਗਨੀ ਕੋਲ ਇਕ ਔਰਤ ਬੈਠੀ ਹੋਈ ਸੀ ਜਦੋਂ ਮੁਗਲ ਫੌਜਾਂ ਨੇ ਬੀਬੀ ਜੀ ਨੂੰ ਫੜਨ ਲੱਗੇ ਤਾਂ ਉਨ੍ਹਾਂ ਨੇ ਜੋਸ਼ ਨਾਲ ਆਪਣੀ ਤਲਵਾਰ ਧੂਹ ਕੇ ਕੱਢ ਲਈ ਤੇ ਉਨ੍ਹਾਂ ਤੇ ਹੱਲਾ ਬੋਲ ਦਿੱਤਾ। ਬੀਬੀ ਜੀ ਨੇ ਦਲੇਰੀ ਨਾਲ ਮੁਕਾਬਲਾ ਕੀਤਾ ਪਰ ਝੜਪ ਦੌਰਾਨ ਬੀਬੀ ਗੰਭੀਰ ਜ਼ਖਮੀ ਹੋ ਗਈ ਤੇ ਜ਼ਾਲਮਾਂ ਨੇ ਬਲਦੀ ਅੱਗ ਵਿੱਚ ਜ਼ਖਮੀ ਹਾਲਤ ਵਿੱਚ ਬੀਬੀ ਹਰਸ਼ਰਨ ਕੌਰ ਨੂੰ ਵੀ ਸੁੱਟ ਦਿੱਤਾ।
ਇਸ ਤਰ੍ਹਾਂ ਚਮਕੌਰ ਦੇ ਸ਼ਹੀਦਾਂ ਦੇ ਸਰੀਰਾਂ ਦੀ ਸੰਭਾਲ ਕਰਦਿਆਂ ਬੀਬੀ ਦੀ ਨੇ ਸ਼ਹਾਦਤ ਦਾ ਜਾਮ ਪੀਤਾ।
ਦੂਜੇ ਪਾਸੇ ਸਤਿਗੁਰੂ ਜੀ ਦੇ ਦੋ ਗੁਰਸਿੱਖ ਜਿਨਾਂ ਦਾ ਨਾਂ ਭਾਈ ਤਿਲੋਕਾ ਤੇ ਰਾਮਾ ਜੀ ਸੀ, ਉਨ੍ਹਾਂ ਨੇ ਬੀਬੀ ਹਰਸ਼ਰਨ ਕੌਰ ਦੇ ਅਧੂਰੇ ਕਾਰਜ ਨੂੰ ਮੁੜ ਤੋਂ ਆਰੰਭ ਕਰਦਿਆਂ ਸਿੰਘਾਂ ਦੀਆਂ ਲੋਥਾਂ ਦਾ ਸੰਸਕਾਰ ਦਾ ਜ਼ਿੰਮਾ ਸੰਭਾਲਿਆ। ਉਨ੍ਹਾਂ ਨੇ ਆਪਣੇ ਕੇਸ ਖਿਲਾਰ ਲਏ, ਸਿਰ ਤੇ ਧੂੜ ਭੁੱਕ ਕੇ ਪਾਗਲਾਂ ਵਾਲਾ ਵੇਸ ਬਣਾ ਲਿਆ
ਸ਼ਾਤ ਪਏ ਜੰਗ ਦੇ ਮੈਦਾਨ ਵਿੱਚ ਦੋਵੇਂ ਸਿੰਘ ਪਹੁੰਚੇ ਅਤੇ ਬਾਜ਼ ਨਿਗ੍ਹਾਂ ਨਾਲ ਸ਼ਹੀਦ ਹੋਏ ਸਿੱਖਾਂ ਦੀ ਸਨਾਖਤ ਕੀਤੀ ਤੇ ਇਕੱਠੇ ਕਰਕੇ ਅੰਗੀਠੇ ਨੂੰ ਅੱਗ ਲਗਾ ਦਿੱਤੀ, ਜਿਸ ਨੂੰ ਦੇਖ ਫਿਰ ਤੋਂ ਮੁਗਲ ਫੌਜ ਘਬਰਾ ਗਈਆਂ ਤੇ ਇੱਥੇ ਪਹੁੰਚ ਗਈ। ਪਰ ਦੋਵਾਂ ਸਿੰਘਾਂ ਨੇ ਪਾਗਲਾਂ ਵਾਲਾ ਵਿਹਾਰ ਕੀਤਾ। ਇਹ ਦੇਖ ਮੁਗਲ ਫੌਜਾਂ ਉਨੀ ਪੈਰੀ ਮੁੜ ਗਈ ਇਸ ਤਰ੍ਹਾਂ ਦੋਵਾਂ ਸਿੰਘਾਂ ਨੇ ਸ਼ਹੀਦ ਗੁਰਸਿੱਖਾਂ ਦਾ ਸੰਸਕਾਰ ਕਰਨ ਵਿੱਚ ਕਾਮਯਾਬ ਹੋ ਗਏ।
ਗੁਰੂ ਰੂਪੀ ਸਾਧ ਸੰਗਤ ਜੀ ਇਸ ਸਭ ਦਰਮਿਆਨ ਅਸੀਂ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹਾਂ ਕਿ ਦਸ਼ਮੇਸ਼ ਪਿਤਾ ਵੱਲੋਂ ਆਪਣੇ ਸਾਰੇ ਪਰਿਵਾਰ ਦਾ ਵਿਛੜਣਾ, ਵੱਡੇ ਪੁੱਤਰਾਂ ਦਾ ਜੰਗ ਵਿੱਚ ਸ਼ਹੀਦ ਹੋਣਾ, ਮਾਛੀਵਾੜੇ ਦੇ ਜੰਗਲ਼ ਵਿੱਚ ਪਹੁੰਚ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਕਿਸ ਕਦਰ ਦਰਦ ਅਤੇ ਅਕਾਲ ਪੁਰਖ ਦੀ ਰਜਾ ਵਿੱਚ ਰਾਜ਼ੀ ਰਹਿਣ ਦੀ ਸਿੱਖਿਆ ਦਿੰਦਾ ਹੈ। ਅਸੀਂ ਜਦੋ ਵੀ ਇਸ ਪੂਰੀ ਵਿਥਿਆ ਨੂੰ ਮਹਿਸੂਸ ਕਰਾਂਗੇ ਤਾਂ ਆਪ ਮੁਹਾਰੇ ਸਰਬੰਸਦਾਨੀ, ਸਾਹਿਬ-ਏ-ਕਮਾਲ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸੀਸ ਝੁਕ ਜਾਂਦਾ ਹੈ।