Punjab
ਟਰੈਵਲ ਏਜੰਟਾਂ ਦੀ ਧੋਖਾ ਧੜੀ ਦੀ ਸ਼ਿਕਾਰ ਹੋਈ ਲੜਕੀ ਲਈ MP ਸੀਚੇਵਾਲ ਬਣੇ ਮਸੀਹਾ
JALANDHAR : ਖਾੜੀ ਦੇ ਦੋ ਦੇਸ਼ਾਂ ਵਿੱਚ ਜਾਨ ਬਚਾ ਕੇ ਵਿਧਵਾ ਮਾਂ ਦੀ ਧੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਪੰਜਾਬ ਵਾਪਸ ਪਰਤ ਆਈ ਹੈ । ਟਰੈਵਲ ਏਜੰਟ ਨੇ ਧਧੋਖੇ ਨਾਲ ਉਸਨੂੰ ਮਸਕਟ, ਓਮਾਨ ਵਿੱਚ ਵੇਚ ਦਿੱਤਾ ਸੀ । ਲੜਕੀ ਨੂੰ ਛੱਡਣ ਦੇ ਬਦਲੇ ਲੱਖਾਂ ਰੁਪਏ ਦੀ ਮੰਗ ਕਰ ਰਹੇ ਸਨ| ਖਾੜੀ ਦੇਸ਼ਾਂ ‘ਚ ਪੰਜ ਮਹੀਨੇ ਨਰਕ ਭਰੀ ਜ਼ਿੰਦਗੀ ਬਤੀਤ ਕੀਤੀ ।
ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਆਪਣੀ ਤਸ਼ੱਦਦ ਬਿਆਨ ਕਰਦਿਆਂ ਦੱਸਿਆ ਕਿ ਟਰੈਵਲ ਏਜੰਟ ਨੇ ਉਸ ਨੂੰ ਦੁਬਈ ਭੇਜਣ ਲਈ 30,000 ਰੁਪਏ ਲਏ ਪਰ ਉਸ ਨੇ ਉਸ ਨੂੰ ਧੋਖਾ ਦੇ ਕੇ ਮਸਕਟ ਵਿੱਚ ਫਸਾ ਲਿਆ। ਜਿੱਥੇ ਉਸ ਨੂੰ ਰੋਜ਼ਾਨਾ ਚਮੜੇ ਦੀਆਂ ਪੇਟੀਆਂ ਨਾਲ ਕੁੱਟਿਆ ਜਾਂਦਾ ਸੀ| ਸਾਰਾ ਦਿਨ ਘਰ ਦਾ ਕੰਮ ਕਰਨ ਤੋਂ ਬਾਅਦ ਉਹ ਉੱਥੇ ਇੱਕ ਦਫ਼ਤਰ ਵਿੱਚ ਬੰਦ ਸੀ। ਪੀੜਤਾ ਨੇ ਦੱਸਿਆ ਕਿ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਉਸ ਨੇ ਉਮੀਦ ਛੱਡ ਦਿੱਤੀ ਸੀ ਕਿ ਉਹ ਇੱਥੇ ਜ਼ਿੰਦਾ ਬਚ ਸਕੇਗੀ ਜਾਂ ਮਰ ਜਾਵੇਗੀ। ਉਸ ਨੇ ਕਿਹਾ ਕਿ ਉੱਥੇ ਉਸ ‘ਤੇ ਜੋ ਤਸ਼ੱਦਦ ਕੀਤਾ ਗਿਆ ਸੀ ਉਹ ਬਹੁਤ ਭਿਆਨਕ ਸੀ ਅਤੇ ਕਈ ਵਾਰ ਉਹ ਇਸ ਤਰ੍ਹਾਂ ਦੀ ਕੁੱਟਮਾਰ ਕਾਰਨ ਬੇਹੋਸ਼ ਵੀ ਹੋ ਜਾਂਦੀ ਸੀ।
ਪੀੜਤ ਲੜਕੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਸਮੇਂ ਤੇ ਮਦਦ ਨਾ ਕੀਤੀ ਹੁੰਦੀ ਤਾਂ ਅਰਬ ਦੇਸ਼ ਤੋਂ ਉਸ ਦੀ ਵਾਪਸੀ ਮਹਿਜ਼ ਸੁਪਨਾ ਹੀ ਰਹਿ ਜਾਣਾ ਸੀ। ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਹਾਲਤ ਸੁਧਾਰਨ ਲਈ ਫਰਵਰੀ 2024 ‘ਚ ਆਪਣੇ ਦੋਸਤ ਰਾਹੀਂ ਦੁਬਈ ਗਈ ਸੀ। ਉਸਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਵਿੱਚ ਉਸਦੀ ਵਿਧਵਾ ਮਾਂ, 2 ਛੋਟੀਆਂ ਭੈਣਾਂ ਅਤੇ 1 ਭਰਾ ਸ਼ਾਮਿਲ ਹੈ।
ਪੀੜਤ ਲੜਕੀ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਦੇ ਦਬਾਅ ਤੋਂ ਬਾਅਦ ਜਦੋਂ ਏਜੰਟਾਂ ਨੇ ਉਸ ਨੂੰ ਵਾਪਸ ਭੇਜਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਭਾਰਤ ਦੀ ਬਜਾਏ ਆਬੂ ਧਾਬੀ ਭੇਜ ਦਿੱਤਾ ਅਤੇ ਉਸ ਦੇ ਸਾਰੇ ਪੈਸੇ ਵੀ ਖੋਹ ਲਏ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤੀ ਅਪੀਲ
ਜਾਣਕਾਰੀ ਦਿੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਆਪਣਿਆਂ ਜਾਂ ਏਜੰਟਾਂ ਤੇ ਭਰੋਸਾ ਨਾ ਕੀਤਾ ਜਾਵੇ, ਕਿਉਕਿ ਹੁਣ ਤੱਕ ਸਾਰੇ ਟ੍ਰੈਵਲ ਏਜੰਟਾਂ ਨੇ ਲੋਕਾਂ ਨੂੰ ਠੱਗਿਆ ਹੀ ਹੈ। ਉਹਨਾਂ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਲਗਾਤਰ ਦੇਸ਼ ਦੀਆਂ ਔਰਤਾਂ ਦੇ ਹੋ ਰਹੇ ਸ਼ੌਸ਼ਣ ਤੇ ਠੱਲ ਪਾਉਣ ਦੀ ਲੋੜ ਹੈ। ਉੱਥੇ ਲੜਕੀਆਂ ਦੇ ਜੋ ਹਲਾਤ ਬਣੇ ਹੋਏ ਹਨ ਉਹ ਬਹੁਤ ਹੀ ਤਰਸਯੋਗ ਹਨ। ਉਹਨਾਂ ਵਿਦੇਸ਼ ਮੰਤਰਾਲੇ ਤੇ ਖਾਸ ਕਰ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ ਜਿਹਨਾਂ ਵੱਲੋਂ ਕੀਤੀਆਂ ਸਾਰਥਿਕ ਕੋਸ਼ਿਸ਼ਾਂ ਸਦਕਾ ਇਹਨਾਂ ਲੜਕੀਆਂ ਨੂੰ ਬਚਾ ਕਿ ਸਹੀ ਸਲਾਮਤ ਵਾਪਿਸ ਪਰਿਵਾਰਾਂ ਤੱਕ ਲਿਆਂਦਾ ਗਿਆ ਹੈ।