News
ਡੋਨਾਲਡ ਟਰੰਪ ਨੇ ਦਿੱਤਾ ਝਟਕਾ,ਅਮਰੀਕਾ ‘ਚ ਪੈਦਾ ਹੋਣ ਵਾਲੇ ਬੱਚਿਆਂ ਨੂੰ ਨਾਗਰਿਕਤਾ ਮਿਲਣੀ ਔਖੀ!

DONALD TRUMP : ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਨੇ ਲੋਕਾਂ ਨੂੰ ਮੁਸ਼ਕਲਾਂ ‘ਚ ਪੈ ਦਿੱਤਾ ਹੈ | ਹੁਣ ਡੋਨਾਲਡ ਟਰੰਪ ਨੇ ਜਨਮ ਸਿੱਧ ਨਾਗਰਿਕਤਾ ‘ਤੇ ਹਮਲਾ ਬੋਲ ਦਿੱਤਾ। ਇਸਦਾ ਅਸਰ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ‘ਤੇ ਵੀ ਪਵੇਗਾ। ਜੀ, ਹਾਂ ਹੁਣ ਅਮਰੀਕਾ ‘ਚ ਪੈਦਾ ਹੋਏ ਪ੍ਰਵਾਸੀਆਂ ਦੇ ਬੱਚੇ ਅਮਰੀਕੀ ਨਾਗਰਿਕ ਨਹੀਂ ਬਣ ਸਕਣਗੇ।
ਡੋਨਾਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਕਈ ਵੱਡੇ ਐਲਾਨ ਕੀਤੇ ਹਨ ਅਤੇ ਫਿਰ ਕਈ ਕਾਰਜਕਾਰੀ ਆਦੇਸ਼ਾਂ ‘ਤੇ ਦਸਤਖਤ ਕੀਤੇ। ਟਰੰਪ ਦੇ ਇਨ੍ਹਾਂ ਹੁਕਮਾਂ ‘ਤੇ ਵਿਆਪਕ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਨ੍ਹਾਂ ਹੁਕਮਾਂ ਨੇ ਦੁਨੀਆ ਦੇ ਕਈ ਦੇਸ਼ਾਂ ਲਈ ਮੁਸੀਬਤ ਲਿਆਂਦੀ ਹੈ ਅਤੇ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਅਜਿਹੇ ਹੁਕਮਾਂ ਨੇ ਬਹੁਤ ਸਾਰੇ ਲੋਕਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ।
ਡੋਨਾਲਡ ਟਰੰਪ ਦੇ ਨਾਗਰਿਕਤਾ ਬਾਰੇ ਇੱਕ ਕਾਰਜਕਾਰੀ ਆਦੇਸ਼ ਨੇ ਲੱਖਾਂ ਭਾਰਤੀਆਂ ਦੇ ਨਾਲ-ਨਾਲ ਅਮਰੀਕਾ ਵਿੱਚ ਰਹਿਣ ਵਾਲੇ ਕਈ ਦੇਸ਼ਾਂ ਦੇ ਲੋਕਾਂ ਲਈ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਇਸ ਹੁਕਮ ਦੇ ਅਨੁਸਾਰ, ਭਾਵੇਂ ਕਿਸੇ ਬੱਚੇ ਦੇ ਮਾਪੇ ਅਮਰੀਕੀ ਨਾਗਰਿਕ ਨਹੀਂ ਹਨ ਅਤੇ ਬੱਚਾ ਅਮਰੀਕਾ ਵਿੱਚ ਪੈਦਾ ਹੋਇਆ ਹੈ, ਉਸਨੂੰ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ।
ਹੁਣ ਤੱਕ ਇਹ ਨਿਯਮ ਸੀ ਲਾਗੂ…
ਜੇਕਰ ਕੋਈ ਬੱਚਾ ਅਮਰੀਕਾ ਵਿੱਚ ਪੈਦਾ ਹੁੰਦਾ ਹੈ, ਤਾਂ ਉਸਨੂੰ ਆਪਣੇ ਆਪ ਹੀ ਅਮਰੀਕੀ ਨਾਗਰਿਕ ਮੰਨਿਆ ਜਾਂਦਾ ਹੈ। ਬੱਚੇ ਦੇ ਮਾਪੇ ਅਮਰੀਕਾ ਤੋਂ ਹਨ ਜਾਂ ਨਹੀਂ। ਨਾਲ ਹੀ, ਜੇਕਰ ਬੱਚੇ ਦੇ ਮਾਪੇ ਇੱਥੇ ਗੈਰ-ਕਾਨੂੰਨੀ ਤੌਰ ‘ਤੇ ਆਏ ਹਨ ਅਤੇ ਬੱਚਾ ਅਮਰੀਕਾ ਵਿੱਚ ਪੈਦਾ ਹੋਇਆ ਹੈ, ਤਾਂ ਉਸਨੂੰ ਵੀ ਅਮਰੀਕੀ ਨਾਗਰਿਕ ਮੰਨਿਆ ਜਾਵੇਗਾ।
ਟਰੰਪ ਦਾ ਕੀ ਹੈ ਹੁਕਮ ?
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਲੋਕਾਂ ਦੇ ਬੱਚਿਆਂ ਨੂੰ ਅਮਰੀਕਾ ਦੇ ਨਾਗਰਿਕ ਵਜੋਂ ਮਾਨਤਾ ਨਹੀਂ ਦੇਵੇਗੀ ਜੋ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਦਾਖਲ ਹੁੰਦੇ ਹਨ। ਟਰੰਪ ਨੇ ਸੰਘੀ ਏਜੰਸੀ ਨੂੰ ਹੁਕਮ ਦਿੱਤਾ ਹੈ ਕਿ 30 ਦਿਨਾਂ ਬਾਅਦ ਅਜਿਹੇ ਬੱਚਿਆਂ ਨੂੰ ਨਾਗਰਿਕਤਾ ਦਸਤਾਵੇਜ਼ ਜਾਰੀ ਨਾ ਕੀਤੇ ਜਾਣ।
ਟਰੰਪ ਲੰਬੇ ਸਮੇਂ ਤੋਂ ਇਸ ਮੁੱਦੇ ਨੂੰ ਚੁੱਕ ਰਹੇ ਹਨ ਅਤੇ ਕਹਿ ਰਹੇ ਹਨ ਕਿ ਕਾਨੂੰਨੀ ਦਰਜੇ ਤੋਂ ਬਿਨਾਂ ਪ੍ਰਵਾਸੀਆਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣਾ ਉਨ੍ਹਾਂ ਨੂੰ ਸਵੀਕਾਰ ਨਹੀਂ ਹੈ।