Punjab
ਧਿਆਨ ਸਿੰਘ ਮੰਡ ਦਾ ਸਰਕਾਰ ਨੂੰ ਅਲਟੀਮੇਟਮ

06 ਜੁਲਾਈ: ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਸਰਕਾਰ ਨੂੰ ਚੇਤਾਇਆ ਦਿਤੀ ਕਿ ਉਹ ਆਪਣੇ ਚੋਣ ਵਾਅਦੇ ਅਨੁਸਾਰ ਬਰਗਾੜੀ ਅਤੇ ਹੋਰ ਬੇਅਦਬੀ ਮਾਮਲਿਆਂ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡਾਂ ਦੇ ਸੰਬੰਧਵਿਚ ਇਨਸਾਫ਼ ਦੇਣ ਦੇ ਅਮਲ ਨੂੰ ਸਿਰੇ ਚੜ੍ਹਾਵੇ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਮੰਡ ਨੇ ਸਰਕਾਰ ਨੂੰ ਇਨਸਾਫ਼ ਦਾ ਅਮਲ ਸਿਰੇ ਚਾੜ੍ਹਣ ਲਈ 2 ਮਹੀਨੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਅਗਲੇ ਦੋ ਮਹੀਨਿਆਂ ਵਿਚ ਇਹ ਮਾਮਲੇ ਸਿਰੇ ਲਾਉਂਦਿਆਂ ਅਸਲ ਦੋਸ਼ੀਆਂ ਨੂੰ ਸਲਾਖ਼ਾਂ ਦੇ ਮਗਰ ਨਾ ਲਿਆਂਦਾ ਤਾਂ ਪੰਥਕ ਧਿਰਾਂ ਬਰਗਾੜੀ ਤੋਂ ਵੀ ਵੱਡਾ ਮੋਰਚਾ ਲਾਉਣ ਲਈ ਮਜਬੂਰ ਹੋਣਗੀਆਂ।
ਜਥੇਦਾਰ ਮੰਡ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਹੀ 6 ਮਹੀਨੇ ਤੋਂ ਵੱਧ ਸਮਾਂ ਚੱਲਿਆ ਬਰਗਾੜੀ ਮੋਰਚਾ ਖ਼ਤਮ ਕੀਤਾ ਗਿਆ ਸੀ ਪਰ ਡੇਢ ਸਾਲ ਲੰਘਣ ਮਗਰੋਂ ਅਜੇ ਵੀ ਇਸ ਮਸਲੇ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ।
ਉਹਨਾਂ ਆਖ਼ਿਆ ਕਿ ਸਰਕਾਰ ਵੱਲੋਂ ਬਣਾਈ ਐਸ.ਆਈ.ਟੀ. ਭਾਵੇਂ ਕੰਮ ਕਰ ਰਹੀ ਹੈ ਪਰ ਇਹ ਕਾਰਜ ਬੜੀ ਹੌਲੀ ਹੌਲੀ ਚਲਾਇਆ ਜਾ ਰਿਹਾ ਹੈ ਅਤੇ ਜੇ ਸਰਕਾਰ ਨੇ ਆਪਣਾ ਵਾਅਦਾ ਦੋ ਮਹੀਨੇ ਦੇ ਅੰਦਰ ਅੰਦਰ ਵਫ਼ਾ ਨਾ ਕੀਤਾ ਤਾਂ ਇਕ ਨਵਾਂ ਸੰਘਰਸ਼ ਛੇੜਦੇ ਹੋਏ ਬਰਗਾੜੀ ਮੋਰਚੇ ਤੋਂ ਵੀ ਵੱਡਾ ਮੋਰਚਾ ਆਰੰਭਿਆ ਜਾਵੇਗਾ।