Connect with us

News

ਪਾਕਿਸਤਾਨ ‘ਚ ਹੋਇਆ ਧਮਾਕਾ

Published

on

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ  ਧਮਾਕਾ ਹੋਇਆ ਹੈ। ਕੋਲਾ ਖਾਣਾਂ ’ਚ ਕੰਮ ਕਰਨ ਵਾਲੇ ਇੱਕ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਵਿੱਚ ਘੱਟੋ-ਘੱਟ 11 ਲੋਕ ਮਾਰੇ ਗਏ। ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਹ ਧਮਾਕਾ ਬਲੋਚਿਸਤਾਨ ਸੂਬੇ ਦੇ ਹਰਨਾਈ ਵਿੱਚ ਹੋਇਆ। ਕੋਲਾ ਖਾਣ ਦੇ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਇੱਕ ਪਿਕਅੱਪ ਵਾਹਨ ‘ਤੇ ਵਿਸਫੋਟਕ ਯੰਤਰ ਨਾਲ ਹਮਲਾ ਕੀਤਾ ਗਿਆ। ਹਮਲੇ ’ਚ 11 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 6 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਰਿਮੋਟ ਕੰਟਰੋਲਡ ਡਿਵਾਈਸ ਨਾਲ ਕੀਤਾ ਗਿਆ ਸੀ। ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਲਾਕੇ ਦੇ ਡਿਪਟੀ ਕਮਿਸ਼ਨਰ ਹਜ਼ਰਤ ਵਲੀ ਆਘਾ ਨੇ ਕਿਹਾ ਕਿ ਜਦੋਂ ਬੰਬ ਫਟਿਆ ਤਾਂ ਟਰੱਕ ਵਿੱਚ 17 ਮਾਈਨਿੰਗ ਕਾਮੇ ਸਵਾਰ ਸਨ।

ਸਥਾਨਕ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਜ਼ਖ਼ਮੀਆਂ ’ਚੋਂ 2 ਦੀ ਹਾਲਤ ਗੰਭੀਰ ਹੈ। ਖਣਿਜਾਂ ਨਾਲ ਭਰਪੂਰ ਬਲੋਚਿਸਤਾਨ ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ‘ਤੇ ਸਥਿਤ ਹੈ। ਇੱਥੇ ਦਹਾਕਿਆਂ ਤੋਂ ਵੱਖਵਾਦੀ ਨਸਲੀ ਬਲੋਚ ਸਮੂਹਾਂ ਵੱਲੋਂ ਬਗਾਵਤ ਕੀਤੀ ਜਾ ਰਹੀ ਹੈ। ਇਸ ਇਲਾਕੇ ਵਿੱਚ ਇਸਲਾਮੀ ਅੱਤਵਾਦੀ ਵੀ ਸਰਗਰਮ ਹਨ।