Connect with us

Punjab

ਪੰਜਾਬ ‘ਚ ਲਗਾਤਾਰ ਪਵੇਗਾ ਮੀਂਹ, ਗਰਮੀ ਤੋਂ ਮਿਲੀ ਰਾਹਤ

Published

on

WEATHER UPDATE : ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ‘ਚ ਮੀਂਹ ਤੋਂ ਬਾਅਦ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਪ੍ਰੀ-ਮੌਨਸੂਨ ਦੀ ਪਹਿਲੀ ਬਰਸਾਤ ਕਾਰਨ ਪੰਜਾਬ ਅਤੇ ਹਰਿਆਣਾ ਸਮੇਤ ਗੁਆਂਢੀ ਰਾਜਾਂ ਵਿੱਚ ਮੌਸਮ ਸੁਹਾਵਣਾ ਹੋ ਗਿਆ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ।

ਮੀਂਹ ਨਾਲ ਕਈ ਸ਼ਹਿਰਾਂ ‘ਚ ਕਾਫ਼ੀ ਨੁਕਸਾਨ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰੀ ਬਾਰਿਸ਼ ਹੋਣ ਕਾਰਨ ਕਈ ਇਲਾਕਿਆਂ ‘ਚ ਸੜਕਾਂ ਤੇ ਪਾਣੀ ਇਕੱਠਾ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ।

ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਆਉਣ ਵਾਲੇ ਦਿਨਾਂ ‘ਚ ਰਾਹਤ ਦਾ ਸਿਲਸਿਲਾ ਜਾਰੀ ਰਹੇਗਾ ਕਿਉਂਕਿ ਅਗਲੇ ਕੁਝ ਦਿਨਾਂ ‘ਚ ਉੱਤਰੀ ਭਾਰਤ ਦੇ ਕਈ ਸੂਬਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ 1-2 ਦਿਨਾਂ ਤੱਕ ਹਰਿਆਣਾ ਅਤੇ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰੀ ਭਾਰਤ ਦੇ ਕਈ ਸ਼ਹਿਰਾਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਤਾਪਮਾਨ ‘ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਲੁਧਿਆਣਾ ‘ਚ ਫਿਰ ਤੋਂ ਮੀਂਹ ਦਾ ਅਲਰਟ

ਲੁਧਿਆਣਾ ‘ਚ ਵੀਰਵਾਰ ਨੂੰ ਹੋਈ ਭਾਰੀ ਬਰਸਾਤ ਤੋਂ ਬਾਅਦ ਅੱਜ ਮੌਸਮ ਫਿਰ ਬਦਲ ਗਿਆ। ਲੁਧਿਆਣਾ ਵਿੱਚ ਨਮੀ ਦੇ ਨਾਲ ਚਮਕਦਾਰ ਧੁੱਪ ਹੈ। ਮੀਂਹ ਤੋਂ ਬਾਅਦ ਤਾਪਮਾਨ ਵਿੱਚ 8 ਡਿਗਰੀ ਦੀ ਗਿਰਾਵਟ ਆਉਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਅੱਜ ਲੁਧਿਆਣਾ ਦਾ ਤਾਪਮਾਨ 34 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਕੱਲ੍ਹ ਸ਼ਨੀਵਾਰ ਤੋਂ ਤਿੰਨ ਦਿਨਾਂ ਲਈ ਲੁਧਿਆਣਾ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਵੀਰਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਮੁਤਾਬਕ ਲੁਧਿਆਣਾ ‘ਚ ਹੁਣ ਗਰਮੀ ਦੇ ਦਿਨ ਖਤਮ ਹੋ ਗਏ ਹਨ, ਜਿਸ ਤੋਂ ਪਹਿਲਾਂ ਪਾਰਾ 45 ਨੂੰ ਪਾਰ ਕਰ ਜਾਣ ਕਾਰਨ ਲੋਕਾਂ ਨੂੰ ਹੀਟ ਵੇਵ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ।

 

ਹਿਮਾਚਲ ਪ੍ਰਦੇਸ਼ ‘ਚ ਹੋਈ ਭਾਰੀ ਬਾਰਿਸ਼

ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਈ ਬਾਰਿਸ਼ ਤੋਂ ਬਾਅਦ ਸੈਲਾਨੀਆਂ ਨੇ ਮੌਸਮ ਦਾ ਆਨੰਦ ਮਾਣਿਆ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਸੈਲਾਨੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬਰਸਾਤ ਕਾਰਨ ਘਰਾਂ ‘ਚ ਫਸੇ ਲੋਕ ਬਾਹਰ ਆਉਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਬਾਜ਼ਾਰਾਂ ‘ਚ ਰੌਣਕਾਂ ਲੱਗ ਰਹੀਆਂ ਹਨ।

ਦਿੱਲੀ ‘ਚ ਹੋਈ ਭਾਰੀ ਬਾਰਿਸ਼

ਮਾਨਸੂਨ ਨੇ ਦਿੱਲੀ-NCR ਵਿੱਚ ਆਪਣਾ ਰੰਗ ਵਿਖਾ ਦਿੱਤਾ ਹੈ। ਸ਼ੁੱਕਰਵਾਰ ਤੜਕੇ ਤੋਂ ਹੀ ਦਿੱਲੀ, ਨੋਇਡਾ, ਗਾਜ਼ੀਆਬਾਦ ਸਮੇਤ ਪੂਰੇ ਐਨਸੀਆਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਮੌਸਮ ਠੰਢਾ ਹੋ ਗਿਆ ਹੈ। ਦਿੱਲੀ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਇੰਦਰਾ ਗਾਂਧੀ ਦੇ ਏਅਰਪੋਰਟ ਦੀ ਛੱਤ ਡਿੱਗਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਕਈ ਜਖ਼ਮੀ ਹੋ ਗਏ ਹਨ ਅਤੇ ਗੱਡੀਆਂ ਟੈਕਸੀਆਂ ਨੂੰ ਕਾਫ਼ੀ ਨੁਕਸਾਨ ਹੋ ਗਿਆ ਹੈ |