Connect with us

Governance

ਪੰਜਾਬ ਨੂੰ ਅਪ੍ਰੈਲ ‘ ਚ 88 ਫੀਸਦ ਮਾਲੀ ਨੁਕਸਾਨ ਹੋਇਆ – ਕੈਪਟਨ

Published

on

ਚੰਡੀਗੜ, 6 ਮਈ 2020: ਪੰਜਾਬ ਨੂੰ ਅਪਰੈਲ ਮਹੀਨੇ ਦੌਰਾਨ 88 ਫੀਸਦ ਤੱਕ ਹੋਏ ਮਾਲੀ ਘਾਟੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਨੂੰ ਇਸ ਦੌਰਾਨ ਵੱਖ-ਵੱਖ ਟੈਕਸ ਮਾਲੀਏ ਤੋਂ ਕੋਈ ਆਮਦਨ ਨਹੀਂ ਹੋਈ ਅਤੇ ਪੰਜਾਬ ਅੰਦਰ ਮੌਜੂਦਾ ਸਮੇਂ ਕੁੱਲ ਉਦਯੋਗਿਕ ਯੂਨਿਟਾਂ ਦਾ ਲਗਭਗ 1.5 ਹਿੱਸਾ ਹੀ ਕਾਰਜਸ਼ੀਲ ਹੈ। ਉਨਾਂ ਕਿਹਾ ਕਿ ਕੇਂਦਰ  ਸਰਕਾਰ ਪਾਸੋਂ ਸਹਾਇਤਾ ਦੀ ਅਣਹੋਂਦ ਕਾਰਨ ਪੰਜਾਬ ਮੁਸ਼ਕਲ ਵਿੱਤੀ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ।
ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੋਂ ਇਲਾਵਾ ਡਾ. ਮਨਮੋਹਨ ਸਿੰਘ ਅਤੇ ਸ੍ਰੀ ਰਾਹੁਲ ਗਾਂਧੀ ਸਮੇਤ ਕਾਂਗਰਸ ਦੀ ਅਗਵਾਈ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਹੋਈ ਵੀਡੀਓ ਕਾਨਫਰੰਸ ਵਿੱਚ ਸ਼ਿਰਕਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵੱਲੋਂ ਕੋਵਿਡ ਦੀ ਰੋਕਥਾਮ ਲਈ ਅਪਣਾਈ ਜਾ ਰਹੀ ਨੀਤੀ ਅਤੇ ਸੂਬੇ ਦੇ ਵਿੱਤੀ ਢਾਂਚੇ ਦੀ ਮੁੜ ਉਸਾਰੀ ਲਈ ਉਠਾਏ ਜਾ ਰਹੇ ਕਦਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਮੀਟਿੰਗ ਦੌਰਾਨ ਸ੍ਰੀਮਤੀ ਸੋਨੀਆਂ ਗਾਂਧੀ ਨੇ ਮੁੱਖ ਮੰਤਰੀ ਨੂੰ ਉਨਾਂ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਫਸਲਾਂ ਦੀ ਖਰੀਦ ਦੇ ਸੁਖਾਂਵੇ ਸੀਜ਼ਨ ਲਈ ਵਧਾਈ ਦੇਣ ਵਾਸਤੇ ਆਖਿਆ। ਮੁੱਖ ਮੰਤਰੀ ਨੇ ਦੱਸਿਆ ਕਿ ਮੰਡੀਆਂ ਵਿੱਚ ਹੁਣ ਤੱਕ 100 ਲੱਖ ਮੀਟਰਿਕ ਟਨ ਕਣਕ ਦੀ ਆਮਦ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਖ੍ਰੀਦ ਦੀ ਪ੍ਰਿਆ ਚੱਲ ਰਹੇ ਮਈ ਮਹੀਨੇ ਦੇ ਅੱਧ ਤੱਕ ਮੁਕੰਮਲ ਹੋਣ ਦੀ  ਉਮੀਦ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਦੌਰਾਨ 3360 ਕਰੋੜ ਦਾ ਮਾਲੀਆ  ਇਕੱਤਰ ਹੋਣ ਦੀ ਉਮੀਦ ਦੇ ਉਲਟ ਕੇਵਲ 396 ਕਰੋੜ ਦੀ ਹੀ ਆਮਦਨ ਹੋਈ ਹੈ ਅਤੇ ਬਿਜਲੀ ਦੀ ਖਪਤ 30 ਫੀਸਦ ਤੱਕ ਘਟਣ ਸਦਕਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਨੂੰ ਬਿਜਲੀ ਦਰਾਂ ਵਿੱਚ ਰੋਜ਼ਾਨਾ 30 ਕਰੋੜ ਦਾ ਘਾਟਾ ਹੋ ਰਿਹਾ ਹੈ। ਉਨਾਂ ਅੱਗੋਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਜੀ.ਐਸ.ਟੀ ਦੇ 4365.37 ਕਰੋੜ ਦੇ ਬਕਾਏ ਦੀ ਵੀ ਅਦਾਇਗੀ ਵੀ ਹਾਲੇ ਤੱਕ ਨਹੀਂ ਕੀਤੀ ਗਈ।
ਸੂਬੇ ਨੂੰ ਵਿੱਤੀ ਅਤੇ ਉਦਯੋਗਿਕ ਪੱਖੋਂ ਮੁੜ ਪੈਰਾਂ ਸਿਰ ਕਰਨ ਲਈ ਸ੍ਰੀ ਮੌਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਮਾਹਿਰ ਸਮੂਹ ਦੀ ਮੁਢਲੀ ਰਿਪੋਰਟ ਆਉਦੇ ਤਿੰਨ ਮਹੀਨਿਆਂ ਵਿੱਚ ਮਿਲਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਇਕ ਮਹੀਨੇ ਵਿੱਚ ਇਸ ਨੂੰ ਮੁਕੰਮਲ ਅੰਤਿਮ ਰੂਪ ਦਿੱਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਮੁਸ਼ਕਿਲ ਭਰੇ ਵਿੱਤੀ ਹਾਲਤਾਂ ਦੇ ਬਾਵਜੂਦ ਪੰਜਾਬ ਸਰਕਾਰ ਲੋਕਾਂ ਨੂੰ ਵਿਅਕਤੀਗਤ ਅਤੇ ਸਮਾਜਿਕ ਪੱਧਰ ’ਤੇ ਕਰੋਨਾ ਦੀ ਰੋਕਥਾਮ ਲਈ ਤਿਆਰ ਰੱਖਣ ਲਈ ਪੂਰੀ ਤਰਾਂ ਵਚਨਵੱਧ ਹੈ ਅਤੇ ਉਨਾਂ ਨਾਲ ਹੀ ਕਿਹਾ ਕਿ ਕੋਵਿਡ-19 ਦੇ ਖਤਰੇ ਨਾਲ ਸਿੱਝਣ ਲਈ ਸਿਹਤ ਢਾਂਚੇ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਮੁੜ ਵਿਉਂਤਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।  
ਮੁੱਖ ਮੰਤਰੀ ਵੱਲੋਂ ਆਪਣੀ ਰਾਇ ਰੱਖੀ ਗਈ ਕਿ ਰੈੱਡ, ਔਰੇਂਜ ਅਤੇ ਗਰੀਨ ਜ਼ੋਨਾਂ ਦੇ ਵਰਗੀਕਰਨ ਦਾ ਫੈਸਲਾ ਸੂਬਿਆਂ ਉਪਰ ਛੱਡ ਦੇਣਾ ਚਾਹੀਦਾ ਹੈ ਜਿਸ ਸਦਕਾ ਡਿਪਟੀ ਕਮਿਸ਼ਨਰਾਂ ਨੂੰ ਜ਼ਮੀਨੀ ਹਕੀਕਤਾਂ ਦੇ ਅਨੁਸਾਰ ਖੇਤਰਾਂ ਦੀ ਨਿਸ਼ਾਨਦੇਹੀ ਲਈ ਅਧਿਕਾਰਤ ਕੀਤਾ ਜਾ ਸਕਦਾ ਹੈ। ਪਟਿਆਲਾ ਨੂੰ ਰੈੱਡ ਜ਼ੋਨ ਐਲਾਨੇ ਜਾਣ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਤੌਰ ‘ਤੇ ਦੁੱਧ ਦਾ ਉਤਪਾਦਨ ਕਰਨ ਵਾਲਾ ਨਾਭਾ ਵੀ ਇਸ ਜ਼ਿਲੇ ਦਾ ਹੀ ਹਿੱਸਾ ਹੈ। ਪੰਜਾਬ ਵਿੱਚ ਇਸ ਮੌਕੇ ਚਾਰ ਕੰਟੋਨਮੈਂਟ ਜ਼ੋਨ ਅਤੇ ਚਾਰ ਰੈੱਡ ਜ਼ੋਨ ਜ਼ਿਲੇ ਹਨ। ਇਸ ਤੋਂ ਇਲਾਵਾ 15 ਜ਼ਿਲੇ ਔਰੇਂਜ ਜ਼ੋਨ ਵਿੱਚ ਅਤੇ ਬਾਕੀ ਰਹਿੰਦੇ ਤਿੰਨ ਗਰੀਨ ਜ਼ੋਨ ਵਿੱਚ ਹਨ।
ਮੁੱਖ ਮੰਤਰੀ ਨੇ ਸੂਬੇ ਵਿੱਚ ਕੋਵਿਡ ਦੀ ਸਥਿਤੀ ਬਾਰੇ ਵੀ ਦੱਸਿਆ ਜਿੱਥੇ ਹੁਣ ਤੱਕ 1451 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਅਤੇ 25 ਮੌਤਾਂ ਹੋਈਆਂ ਹਨ ਜੋ 1.72 ਫੀਸਦੀ ਦੀ ਮੌਤ ਦਰ ਬਣਦੀ ਹੈ। ਉਨਾਂ ਕਿਹਾ ਕਿ ਪੰਜਾਬ ਤੋਂ ਬਾਹਰ ਰਹਿੰਦੇ ਪੰਜਾਬੀਆਂ ਦੀ ਰਾਜਸਥਾਨ ਅਤੇ ਮਹਾਰਾਸ਼ਟਰ ਤੋਂ ਸੂਬੇ ਵਿੱਚ ਵਾਪਸੀ ਹੋਣ ਤੋਂ ਬਾਅਦ ਕੇਸਾਂ ਵਿੱਚ ਇਕਦਮ ਵਾਧਾ ਹੋਇਆ ਹੈ। ਨਾਂਦੇੜ ਤੋਂ ਪਰਤੇ 4200 ਤੋਂ ਵੱਧ ਵਿਅਕਤੀਆਂ ਵਿੱਚੋਂ 969 ਕੇਸ ਪਾਜ਼ੇਟਿਵ ਆਏ ਹਨ, ਭਾਵੇਂ ਇਨਾਂ ਵਿੱਚੋਂ ਸਿਰਫ 23 ਵਿਅਕਤੀਆਂ ਵਿੱਚ ਲੱਛਣ ਪਾਏ ਗਏ ਹਨ ਅਤੇ ਕੁਝ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਕ ਵਾਰ ਅਜਿਹੇ ਸਾਰੇ ਵਿਅਕਤੀਆਂ ਦੀ ਟੈਸਟਿੰਗ ਮੁਕੰਮਲ ਹੋਣ ਤੋਂ ਬਾਅਦ ਅਗਲੇ 3-4 ਦਿਨਾਂ ਵਿੱਚ ਸਥਿਤੀ ਵਿੱਚ ਸੁਧਾਰ ਹੋਣ ’ਤੇ ਇਹ ਵਾਧਾ ਖਤਮ ਹੋਣ ਦੀ ਉਮੀਦ ਹੈ। ਉਨਾਂ ਕਿਹਾ ਕਿ ਵਾਪਸ ਪਰਤਣ ਵਾਲੇ ਹਰੇਕ ਵਿਅਕਤੀ ਦੀ ਜਾਂਚ ਕਰਕੇ ਏਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਸੂਬੇ ਵਿੱਚ ਵਾਪਸ ਪਰਤਣ ਵਾਲਿਆਂ ਖਾਸ ਕਰਕੇ ਭੀੜ ਵਾਲੇ ਸਮੁੰਦਰੀ ਜਹਾਜ਼ਾਂ ਰਾਹੀਂ ਖਾੜੀ ਮੁਲਕਾਂ ਤੋਂ ਕਾਮਿਆਂ ਦੀ ਵਾਪਸੀ ਨਾਲ ਸੂਬੇ ਵਿੱਚ ਰੋਗ ਫੈਲਣ ਦੇ ਵੱਡੇ ਖਤਰੇ ਬਾਰੇ ਵੀ ਚਿਤਾਵਨੀ ਦਿੱਤੀ ਹੈ। ਉਨਾਂ ਨੇ ਖੁਲਾਸਾ ਕੀਤਾ ਕਿ ਪਰਵਾਸੀ ਪੰਜਾਬੀਆਂ ਖਾਸ ਕਰਕੇ ਕਾਮਿਆਂ ਦੇ ਚਾਰ ਸਮੁੰਦਰੀ ਜਹਾਜ਼ ਅਗਲੇ ਕੁਝ ਦਿਨਾਂ ਵਿੱਚ ਪਹੁੰਚਣ ਦੀ ਉਮੀਦ ਹੈ ਜਦਕਿ ਐਨ.ਆਰ.ਆਈਜ਼ ਨੂੰ ਲੈ ਕੇ ਪਹਿਲਾ ਜਹਾਜ਼ ਵੀਰਵਾਰ ਨੂੰ ਪਹੁੰਚਣ ਦੀ ਆਸ ਹੈ।
ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਲਗਪਗ 20,000 ਕੌਮਾਂਤਰੀ ਮੁਸਾਫਰਾਂ ਦੇ ਅਗਲੇ 2-3 ਹਫਤਿਆਂ ਵਿੱਚ ਪੰਜਾਬ ਪਹੁੰਚਣ ਦੀ ਉਮੀਦ ਹੈ ਅਤੇ ਬਾਕੀ ਸੂਬਿਆਂ ਤੋਂ ਵੀ ਅਗਲੇ ਦਿਨਾਂ ਵਿੱਚ ਕਰੀਬ 12,000 ਪੰਜਾਬੀ ਆ ਰਹੇ ਹਨ। ਪੰਜਾਬ ਤੋਂ ਪਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਪਿੱਤਰੀ ਸੂਬਿਆਂ ਵਿੱਚ ਵਾਪਸ ਜਾਣ ਦੀ ਜ਼ਾਹਰ ਕੀਤੀ ਇੱਛਾ ਬਾਰੇ ਉਨਾਂ ਖੁਲਾਸਾ ਕੀਤਾ ਕਿ ਹੁਣ ਤੱਕ 10 ਲੱਖ ਮਜ਼ਦੂਰ ਰਜਿਸਟਰਡ ਹੋ ਚੁੱਕਾ ਹੈ ਜਿਨਾਂ ਵਿੱਚੋਂ 85 ਫੀਸਦੀ ਯੂ.ਪੀ. ਅਤੇ ਬਿਹਾਰ ਨਾਲ ਸਬੰਧਤ ਹਨ। ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਇਨਾਂ ਕਾਮਿਆਂ ਦੇ ਰੇਲ ਸਫਰ ਦੇ ਕਿਰਾਏ ਲਈ 35 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਉਨਾਂ ਦੱਸਿਆ ਕਿ 5 ਮਈ ਨੂੰ ਤਿੰਨ ਰੇਲ ਗੱਡੀਆਂ ਇਨਾਂ ਕਾਮਿਆਂ ਨੂੰ ਲੈ ਕੇ ਯੂ.ਪੀ. ਅਤੇ ਝਾਰਖੰਡ ਲਈ ਰਵਾਨਾ ਹੋ ਚੁੱਕੀਆਂ ਹਨ ਅਤੇ 6 ਮਈ ਨੂੰ 6 ਹੋਰ ਰੇਲ ਗੱਡੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨਾਂ ਦੀ ਸਰਕਾਰ ਵੱਲੋਂ ਇਸ ਵਾਇਰਸ ਦੇ ਫੈਲਾਅ ਦੀ ਰੋਕਥਾਮ ਲਈ ਵਿਆਪਕ ਰਣਨੀਤੀ ਤਿਆਰ ਕੀਤੀ ਗਈ ਹੈ। ਉਨਾਂ ਦੱਸਿਆ ਕਿ ਵਾਪਸ ਪਰਤਣ ਵਾਲੇ ਸਾਰੇ ਵਿਅਕਤੀਆਂ ਨੂੰ ਇਕ ਹਫ਼ਤੇ ਲਈ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ, ਜਦੋਂ ਤੱਕ ਉਨਾਂ ਦਾ ਵਾਇਰਸ ਲਈ ਟੈਸਟ ਨਹੀਂ ਹੋ ਜਾਂਦਾ। ਉਨਾਂ ਕਿਹਾ ਕਿ ਟੈਸਟਿੰਗ ਵਿੱਚ ਨੈਗੇਟਿਵ ਸਿੱਧ ਹੋਣ ਵਾਲੇ ਵਿਅਕਤੀਆਂ ਨੂੰ ਹੋਰ ਦੋ ਹਫਤਿਆਂ ਲਈ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ ਜਦਕਿ ਪਾਜ਼ੇਟਿਵ ਕੇਸਾਂ ਵਾਲਿਆਂ ਨੂੰ ਕੰਟੋਨਮੈਂਟ ਵਾਰਡਾਂ ਵਿੱਚ ਰੱਖਿਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ 2500 ਰੈਗੂਲਰ ਟੈਸਟ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 30199 ਟੈਸਟ ਕੀਤੇ ਜਾ ਚੁੱਕੇ ਹਨ।
ਮੁੱਖ ਮੰਤਰੀ ਨੇ ਉਨਾਂ ਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲ ਉਠਾਏ ਮੁੱਦਿਆਂ ਨੂੰ ਸਾਂਝਾ ਕੀਤਾ। ਇਨਾਂ ਮੁੱਦਿਆਂ ਵਿੱਚ ਜੀ.ਐਸ.ਟੀ. ਦਾ ਬਕਾਇਆ, ਅਗਲੇ ਤਿੰਨ ਮਹੀਨਿਆਂ ਲਈ ਮਾਲੀਆ ਗਰਾਂਟ ਦੀ ਮੰਗ, 15ਵੇਂ ਵਿੱਤ ਕਮਿਸ਼ਨ ਵੱਲੋਂ ਮੌਜੂਦਾ ਵਰੇ ਦੀ ਰਿਪੋਰਟ ਦੀ ਸਮੀਖਿਆ ਕਰਨ ਸਮੇਤ ਹੋਰ ਮਾਮਲੇ ਸ਼ਾਮਲ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਪਰਵਾਸੀ ਮਜ਼ਦੂਰਾਂ ਸਮੇਤ ਖੇਤੀਬਾੜੀ ਅਤੇ ਉਦਯੋਗਿਕ ਦਿਹਾੜੀਦਾਰਾਂ ਅਤੇ ਗਰੀਬਾਂ ਲਈ ਵੀ ਰਾਹਤ ਦੀ ਪੈਰਵੀ ਕਰ ਰਹੀ ਹੈ ਜੋ ਨੌਕਰੀਆਂ/ਰੋਜ਼ਗਾਰ ਗੁਆ ਲੈਣ ਕਰਕੇ ਬੁਰੀ ਤਰਾਂ ਪੀੜਤ ਹਨ। ਉਨਾਂ ਕਿਹਾ ਕਿ ਸੂਬੇ ਨੇ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ਅਤੇ ਬਿਜਲੀ ਸੈਕਟਰ ਲਈ ਵੀ ਫੌਰੀ ਰਾਹਤ ਦੀ ਮੰਗ ਕੀਤੀ ਗਈ ਹੈ।