Punjab
ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੂੰ ਸਦਮਾ-ਨਾਨੀ ਸਵਰਗਵਾਸ

ਜਲੰਧਰ, 24 ਅਪ੍ਰੈਲ 2020 – ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਨਾਨੀ ਬੀਬੀ ਜਗੀਰ ਕੌਰ (86) ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਉਹ ਯੂ.ਕੇ. ਦੇ ਪ੍ਰਸਿੱਧ ਸਿੱਖ ਆਗੂ ਰਾਮ ਸਿੰਘ ਦੇ ਧਰਮ ਪਤਨੀ ਸਨ ਤੇ ਕੈਂਟ ਸ਼ਹਿਰ ਵਿਖੇ ਰਹਿ ਰਹੇ ਸਨ। ਉਹ ਪਿੱਛੋਂ ਪੰਜਾਬ ਦੇ ਪਿੰਡ ਜੰਡਿਆਲੀ (ਨਵਾਂਸ਼ਹਿਰ) ਨਾਲ ਸਬੰਧਿਤ ਸਨ। ਉਹ ਆਪਣੇ ਪਿੱਛੇ 3 ਬੇਟੇ ਹਰਵਿੰਦਰ ਸਿੰਘ ਬਨਿੰਗ, ਰਾਵਿੰਦਰ ਸਿੰਘ ਬਨਿੰਗ, ਸਤਵਿੰਦਰ ਸਿੰਘ ਬਨਿੰਗ ਅਤੇ ਬੇਟੀ ਦਲਵਿੰਦਰ ਕੌਰ ਢੇਸੀ ਨੂੰ ਛੱਡ ਗਏ ਹਨ।
ਮਾਤਾ ਜਗੀਰ ਕੌਰ ਨੂੰ ਪਰਿਵਾਰ ਵਲੋਂ ਅੱਜ ਅੰਤਿਮ ਵਿਦਾਇਗੀ ਦਿੱਤੀ ਗਈ। ਐਮ. ਪੀ. ਢੇਸੀ ਨੇ ਕਿਹਾ ਕਿ ਉਹ ਨਾਨੀ ਨੂੰ ਆਖਰੀ ਮੌਕੇ ਕੰਧਾ ਵੀ ਨਹੀਂ ਦੇ ਸਕੇ। ਜ਼ਿਕਰਯੋਗ ਹੈ ਕਿ ਮਾਤਾ ਜਗੀਰ ਕੌਰ ਦੀ ਮੌਤ ਦੋ ਹਫ਼ਤੇ ਪਹਿਲਾਂ ਹੋ ਗਈ ਸੀ ਪਰ ਉਨ੍ਹਾਂ ਦੇ ਕੋਵਿਡ 19 ਦੀ ਰਿਪੋਰਟ ਮੌਤ ਤੋਂ ਬਾਅਦ ਆਈ ਹੈ।
ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੰਸਦ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੱਖ ਵੱਖ ਟਵੀਟ ਕਰਕੇ ਢੇਸੀ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਦੁੱਖਦਾਈ ਘੜੀ ਮੌਕੇ ਇੱਕ ਸ਼ੋਕ ਸੰਦੇਸ਼ ਵਿੱਚ ਪੰਜਾਬੀ ਕਲਚਰਲ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਵੀ ਤਨਮਨਜੀਤ ਢੇਸੀ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ।