India
ਬਸੰਤ ਪੰਚਮੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ? ਜਾਣੋ ਇਤਿਹਾਸ
BASANT PANCHAMI : ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ਼ ਹੈ ਅਤੇ ਵਾਰੋ-ਵਾਰੀ ਆਉਂਦੀਆਂ ਸਾਲ ਦੀਆਂ 6 ਰੁੱਤਾਂ ’ਚੋਂ ਸਭਨਾਂ ‘ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ। ਬਸੰਤ ਨੂੰ ਖੁਸ਼ੀਆਂ ਖੇੜਿਆਂ ਵਾਲਾ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ। ਪਿੰਡਾਂ ਦੇ ਲੋਕ ਬਸੰਤ ਨੂੰ ‘ਆਈ ਬਸੰਤ ਪਾਲਾ ਉਡੰਤ’ ਕਰਕੇ ਜਾਣਦੇ ਹਨ ਕਿਉਂਕਿ ਇਸ ਰੁੱਤ ਬਸੰਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਢ ਦਾ ਦਬਾਓ ਘਟ ਜਾਂਦਾ ਹੈ। ਮੌਸਮ ਬਦਲਣ ਨਾਲ ਠੰਢ ਦੇ ਝੰਬੇ ਰੁੱਖ-ਪੌਦੇ ਪੁੰਗਰਨ-ਪਲਰਨ ਲੱਗਦੇ ਹਨ। ਇਸ ਮੌਸਮ ’ਚ ਖੇਤਾਂ ’ਚ ਖਿੜੇ ਸਰ੍ਹੋਂ ਦੇ ਪੀਲੇ ਫੁੱਲ ਖੂਬਸੂਰਤੀ ਦਾ ਨਜ਼ਾਰਾ ਪੇਸ਼ ਕਰਦੇ ਹਨ, ਜਿਸ ਨੂੰ ਦੇਖ ਕੇ ਸਭ ਦਾ ਮਨ ਖਿੜ ਉੱਠਦਾ ਹੈ। ਇਸ ਸੁਹਾਵਨੀ ਬਸੰਤ ਰੁੱਤ ’ਚ ਨਾ ਵਧੇਰੇ ਗਰਮੀ ਹੁੰਦੀ ਹੈ ਅਤੇ ਨਾ ਹੀ ਵਧੇਰੇ ਸਰਦੀ। ਇਸ ਰੁੱਤ ’ਚ ਪੱਤਾ-ਪੱਤਾ ਅਤੇ ਡਾਲੀ-ਡਾਲੀ ਸਭ ਖਿਲ ਉੱਠਦੇ ਹਨ। ਚਾਰੇ ਪਾਸੇ ਫੁੱਲਾਂ ਦੀ ਬਹਾਰ ਨਜ਼ਰ ਆਉਂਦੀ ਦਿਖਾਈ ਦਿੰਦੀ ਹੈ।
ਬਸੰਤ ਪੰਚਮੀ ਦਾ ਤਿਉਹਾਰ ਸਨਾਤਨ ਧਰਮ ਵਿੱਚ ਬਹੁਤ ਖਾਸ ਮੰਨਿਆ ਜਾਂਦਾ ਹੈ। ਹਰ ਸਾਲ ਬਸੰਤ ਪੰਚਮੀ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਜਵੀਂ ਤਰੀਕ ਨੂੰ ਮਨਾਈ ਜਾਂਦੀ ਹੈ। ਮਾਨਤਾਵਾਂ ਅਨੁਸਾਰ ਗਿਆਨ ਦੀ ਦੇਵੀ ਮਾਂ ਸਰਸਵਤੀ ਬਸੰਤ ਪੰਚਮੀ ਵਾਲੇ ਦਿਨ ਪ੍ਰਗਟ ਹੋਏ ਸਨ। ਇਹੀ ਕਾਰਨ ਹੈ ਕਿ ਇਸ ਦਿਨ ਦੇਵੀ ਸਰਸਵਤੀ ਦੀ ਪੂਜਾ ਕਰਨ ਦੀ ਪਰੰਪਰਾ ਹੈ। ਬਸੰਤ ਪੰਚਮੀ ਦੇ ਦਿਨ ਪੀਲੇ ਰੰਗ ਦੇ ਕੱਪੜੇ ਪਹਿਨਣ ਦਾ ਬਹੁਤ ਮਹੱਤਵ ਹੈ। ਇਸ ਦਿਨ ਪੀਲੇ ਰੰਗ ਦੇ ਕੱਪੜੇ ਪਹਿਨਣ ਦੇ ਧਾਰਮਿਕ ਮਹੱਤਵ ਬਾਰੇ ਗੱਲ ਕਰੀਏ ਤਾਂ ਅਜਿਹਾ ਮੰਨਿਆ ਜਾਂਦਾ ਹੈ ਕਿ ਮਾਂ ਸਰਸਵਤੀ ਨੂੰ ਪੀਲਾ ਰੰਗ ਬਹੁਤ ਪਸੰਦ ਹੈ। ਕਿਹਾ ਜਾਂਦਾ ਹੈ ਕਿ ਬਸੰਤ ਪੰਚਮੀ ‘ਤੇ ਪੀਲੇ ਰੰਗ ਦੀ ਵਰਤੋਂ ਕਰਨ ਨਾਲ ਸੁਖ ਅਤੇ ਖੁਸ਼ਹਾਲੀ ਵਧਦੀ ਹੈ ਅਤੇ ਗਿਆਨ ਦੀ ਦੇਵੀ ਸਰਸਵਤੀ ਨੂੰ ਪ੍ਰਸੰਨ ਕੀਤਾ ਜਾਂਦਾ ਹੈ। ਇਸ ਲਈ ਇਸ ਦਿਨ ਮਿੱਠੇ ਪੀਲੇ ਚੌਲ ਤਿਆਰ ਕਰਕੇ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ।
ਦੱਸਿਆ ਜਾਂਦਾ ਹੈ ਕਿ ਹਕੀਕਤ ਰਾਏ ਦੀ ਸ਼ਹਾਦਤ ਅਤੇ ਨਾਮਧਾਰੀ ਗੁਰੂ ਰਾਮ ਸਿੰਘ ਦਾ ਬਸੰਤ ਪੰਚਮੀ ਦੇ ਤਿਉਹਾਰ ਨਾਲ ਬੜਾ ਗੂੜ੍ਹਾ ਸਬੰਧ ਹੈ। ਬਸੰਤ ਪੰਚਮੀ ਨੂੰ ਲੋਕ ਸ਼ਹਾਦਤ ਦੇ ਦਿਨ ਵਜੋਂ ਵੀ ਨਮਨ ਕਰਦੇ ਨੇ। ਬਸੰਤ ਪੰਚਮੀ ਦਾ ਲਾਹੌਰ ਦੇ ਰਹਿਣ ਵਾਲੇ ਵੀਰ ਹਕੀਕਤ ਰਾਏ ਨਾਲ ਡੂੰਘਾ ਸਬੰਧ ਦੱਸਿਆ ਜਾਂਦਾ ਹੈ। 1728 ਵਿੱਚ ਹਕੀਕਤ ਰਾਏ ਦਾ ਜਨਮ ਪੰਜਾਬ ਦੇ ਸਿਆਲਕੋਟ ਵਿਖੇ ਵਪਾਰੀ ਬਾਗ ਮੱਲ ਦੇ ਘਰ ਹੋਇਆ ਸੀ। ਬੱਚਾ ਜਨਮ ਤੋਂ ਹੀ ਬਹੁਤ ਹੁਸ਼ਿਆਰ ਅਤੇ ਧਾਰਮਿਕ ਵਿਚਾਰਾਂ ਵਾਲਾ ਸੀ। ਉਸ ਨੇ ਨਿੱਕੇ ਹੁੰਦਿਆਂ ਤੋਂ ਹੀ ਗੀਤਾ-ਕੁਰਾਨ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਹੈਰਾਨੀ ਦੀ ਗੱਲ਼ ਸੀ ਕਿ 4 ਸਾਲ ਦੇ ਬੱਚੇ ਨੇ ਸਾਰਾ ਇਤਿਹਾਸ ਪੜ੍ਹ ਲਿਆ ਸੀ ਅਤੇ 5 ਸਾਲ ਦੀ ਉਮਰ ਵਿੱਚ ਇਤਿਹਾਸ ਤੇ ਸੰਸਕ੍ਰਿਤੀ ਵਿਸ਼ਿਆ ਦਾ ਅਧਿਐਨ ਕੀਤਾ ਸੀ। ਜਨਮ ਤੋਂ ਹੀ ਉਹ ਅਦਭੁੱਤ ਬੁੱਧੀ ਵਾਲਾ ਬੱਚਾ ਸੀ। 10 ਸਾਲ ਦੀ ਉਮਰ ‘ਚ ਉਸ ਨੂੰ ਇਕ ਮੌਲਵੀ ਕੋਲ ਪੜ੍ਹਨ ਭੇਜਿਆ ਗਿਆ ਸੀ, ਇਕ ਦਿਨ ਮੌਲਵੀ ਜੀ ਕਿਸੇ ਕੰਮ ਕਾਜ ਲਈ ਸਕੂਲ ਤੋਂ ਬਾਹਰ ਗਏ ਹੋਏ ਸੀ ਅਤੇ ਸਾਰੇ ਬੱਚੇ ਖੇਡਣ ਲੱਗ ਪਏ ਪਰ ਹਕੀਕਤ ਰਾਏ ਪੜ੍ਹਾਈ ‘ਚ ਮਗਨ ਰਹੇ। ਕੁੱਝ ਸ਼ਰਾਰਤੀ ਬੱਚਿਆਂ ਵੱਲੋਂ ਹਕੀਕਤ ਰਾਏ ਨੂੰ ਤੰਗ ਪ੍ਰੇਸ਼ਾਨ ਕੀਤਾ ਅਤੇ ਧਾਰਮਿਕ ਠੇਸ ਤੱਕ ਵੀ ਪਹੁੰਚਾਈ। ਪਰ ਹਕੀਕਤ ਰਾਏ ਨੇ ਉਨ੍ਹਾਂ ਬੱਚਿਆਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ। ਤਾਂ ਜਿਵੇ ਹੀ ਮੌਲਵੀ ਜੀ ਵਾਪਿਸ ਆਏ ਤਾਂ ਸ਼ਰਾਰਤੀ ਬੱਚਿਆਂ ਨੇ ਸ਼ਿਕਾਇਤ ਕੀਤੀ ਕਿ ਹਕੀਕਤ ਰਾਏ ਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਹੈ। ਇੱਥੋ ਗੱਲ਼ ਵੱਧਦੀ ਗਈ ਅਤੇ ਕਾਜ਼ੀ ਜੀ ਤੱਕ ਪਹੁੰਚ ਗਈ। ਹੁਕਮ ਦਿੱਤਾ ਗਿਆ ਕਿ ਜਾਂ ਤਾਂ ਹਕੀਕਤ ਰਾਏ ਮੁਸਲਮਾਨ ਬਣ ਜਾਵੇ ਨਹੀਂ ਤਾਂ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਹਕੀਕਤ ਰਾਏ ਨੇ ਧਰਮ ਪਰਿਵਤਰਨ ਤੋਂ ਇਨਕਾਰ ਕਰ ਦਿੱਤਾ ਅਤੇ ਮੌਤ ਦੀ ਸਜ਼ਾ ਪ੍ਰਵਾਨ ਕੀਤੀ। ਦੱਸਿਆ ਜਾਂਦਾ ਹੈ ਕਿ ਹਕੀਕਤ ਰਾਏ ਤਾਂ ਮਾਸੂਮ ਚਿਹਰਾ ਦੇਖ ਕੇ ਜੱਲਾਦ ਦੇ ਹੱਥੋ ਤਲਵਾਰ ਡਿੱਗ ਪਈ, ਹਕੀਕਤ ਰਾਏ ਨੇ ਤਲਵਾਰ ਆਪਣੇ ਹੱਥ ਵਿੱਚ ਰੱਖ ਕੇ ਕਿਹਾ ਕਿ ਜਦੋਂ ਮੈਂ ਬਚਪਨ ਤੋਂ ਆਪਣੇ ਧਰਮ ਦਾ ਪਾਲਣ ਕਰ ਰਿਹਾ ਹਾਂ ਤਾਂ ਤੁਸੀਂ ਵੱਡੇ ਹੋ ਕੇ ਧਰਮ ਤੋਂ ਕਿਉਂ ਮੂੰਹ ਮੋੜ ਰਹੇ ਹੋ। ਇਹ ਸੁਣ ਕੇ ਜੱਲ਼ਾਦ ਨੇ ਆਪਣਾ ਦਿਲ ਮਜ਼ਬੂਤ ਕੀਤਾ ਅਤੇ ਹਕੀਕਤ ਰਾਏ ਨੂੰ ਸ਼ਹੀਦ ਕਰ ਦਿੱਤਾ।
ਇੱਥੇ ਦੱਸ ਦੇਈਏ ਕਿ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਕੂਕਾ ਲਹਿਰ ਦੇ ਮੋਢੀ ਨਾਮਧਾਰੀ ਗੁਰੂ ਰਾਮ ਸਿੰਘ ਦਾ ਜਨਮ ਵੀ ਫ਼ਰਵਰੀ 1816 ਦੀ ਬਸੰਤ ਪੰਚਮੀ ਦੀ ਰਾਤ ਨੂੰ ਪਿੰਡ ਭੈਣੀ ਰਾਈਆਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ। ਹਰ ਸਾਲ ਬਸੰਤ ਪੰਚਮੀ ਨੂੰ ਭੈਣੀ ਸਾਹਿਬ ਵਿਖੇ ਉਨ੍ਹਾਂ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਬਸੰਤ ਪੰਚਮੀ ਨੂੰ ਲੋਕ ਆਪਣੇ ਦਿਲਾਂ ਦਾ ਹੁਲਾਸ ਪਤੰਗਾਂ ਉਡਾ ਕੇ ਕਰਦੇ ਹਨ।ਬੱਚਿਆਂ ਅਤੇ ਨੌਜਵਾਨਾਂ ਦੀ ਖੁਸ਼ੀ ਦਾ ਚਾਅ ਸਾਂਭਿਆ ਨਹੀਂ ਜਾਂਦਾ। ਉਹ ਤੜਕਸਾਰ ਹੀ ਆਪਣੇ ਕੋਠਿਆਂ ’ਤੇ ਡੈਕ ਲਾ ਕੇ ਪਤੰਗ ਉਡਾਉਂਦੇ ਹਨ। ਪਤੰਗਾਂ ਦੇ ਮੁਕਾਬਲੇ ਹੁੰਦੇ ਹਨ, ਪਤੰਗ ਕੱਟੇ ਜਾਂਦੇ ਹਨ, ਪਤੰਗ ਲੁੱਟੇ ਜਾਂਦੇ ਹਨ-ਅਸਮਾਨ ਵਿੱਚ ਉੱਡਦੇ ਰੰਗ ਬਿਰੰਗੇ ਪਤੰਗ ਅਦੁੱਤੀ ਨਜ਼ਾਰਾ ਪੇਸ਼ ਕਰਦੇ ਹਨ।