Punjab
ਬੱਦਲ ਛਾਏ ਰਹਿਣ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ

PUNJAB WEATHER : ਪੰਜਾਬ ‘ਚ ਬਾਰਿਸ਼ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ, ਇਸ ਠੰਡ ਦੇ ਮੌਸਮ ‘ਚ ਅਜੇ ਤੱਕ ਮੀਂਹ ਨੇ ਦਸਤਕ ਨਹੀਂ ਦਿੱਤੀ ਪਰ ਅਗਲੇ ਹਫਤੇ ਆਸਮਾਨ ‘ਚ ਬੱਦਲ ਛਾਏ ਰਹਿਣ ਦੇ ਨਾਲ-ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਸ ਕਾਰਨ ਸੂਰਜ ਦੇ ਦਰਸ਼ਨ ਘੱਟ ਹੀ ਹੋਣਗੇ ਅਤੇ ਠੰਡ ਵਧੇਗੀ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਦੇ ਮੁਤਾਬਕ ਅਗਲੇ 3-4 ਦਿਨਾਂ ‘ਚ ਧੁੰਦ ਦਾ ਖਾਸਾ ਅਸਰ ਪਵੇਗਾ। ਇਸ ਦਾ ਪ੍ਰਭਾਵ ਖਾਸ ਤੌਰ ‘ਤੇ ਖੁੱਲ੍ਹੇ ਮੈਦਾਨਾਂ ਅਤੇ ਹਾਈਵੇਅ ‘ਤੇ ਜ਼ਿਆਦਾ ਹੋਵੇਗਾ, ਜਦਕਿ ਸ਼ਹਿਰੀ ਖੇਤਰਾਂ ‘ਚ ਵੀ ਧੂੰਆਂ ਆਪਣਾ ਅਸਰ ਦਿਖਾਉਂਦੇ ਹੋਏ ਦੇਖਿਆ ਜਾਵੇਗਾ। ਇਸ ਕਾਰਨ ਜਨਜੀਵਨ ਪ੍ਰਭਾਵਿਤ ਹੋਣ ਦੇ ਆਸਾਰ ਹਨ, ਜਦਕਿ ਇਸ ਦਾ ਸਿੱਧਾ ਅਸਰ ਟਰਾਂਸਪੋਰਟ ਸੇਵਾਵਾਂ ‘ਤੇ ਦੇਖਣ ਨੂੰ ਮਿਲ ਸਕਦਾ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਯੈਲੋ ਅਲਰਟ ਅਨੁਸਾਰ 23 ਦਸੰਬਰ ਤੱਕ ਸੀਤ ਲਹਿਰ ਰਹੇਗੀ ਅਤੇ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਧੁੰਦ ਜਾਰੀ ਰਹੇਗੀ। ਅੱਜ ਤੜਕੇ ਬਾਹਰੀ ਹਾਈਵੇਅ ‘ਤੇ ਧੁੰਦ ਕਾਰਨ ਵਿਜ਼ੀਬਿਲਟੀ 300 ਮੀਟਰ ਤੋਂ ਵੀ ਘੱਟ ਹੋ ਗਈ ਹੈ, ਜਿਸ ਕਾਰਨ ਲੰਬੀ ਦੂਰੀ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਜ਼ਿਆਦਾ ਸਮਾਂ ਲੱਗ ਰਿਹਾ ਹੈ।