Connect with us

Punjab

ਸਪੀਕਰ ਰਾਣਾ ਕੇ.ਪੀ ਸਿੰਘ ਨੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ ਭਲਾਈ ਨੀਤੀ ਦੀ ਕੀਤੀ ਮੰਗ

Published

on

ਚੰਡੀਗੜ,:
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਸਮਾਜ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ(ਭਾਵੇਂ ਉਹ ਕਿਸੇ ਵੀ ਜ਼ਾਤ, ਨਸਲ, ਰੰਗ ਜਾਂ ਧਰਮ ਦੇ ਹੋਣ) ਲਈ ਵਿਸ਼ੇਸ਼ ਭਲਾਈ ਯੋਜਨਾ ਅਤੇ ਨੀਤੀ ਦੀ ਮੰਗ ਕੀਤੀ ਹੈ। ਸਪੀਕਰ ਨੇ ਕਿਹਾ ਕਿ ਸਮੁੱਚੇ ਭਾਈਚਾਰੇ, ਖਾਸ ਤੌਰ ’ਤੇ ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਆਰਥਿਕ ਤੌਰ ‘ਤੇ ਬਰਬਾਦ ਅਤੇ ਤਬਾਹ ਕਰਨ ਵਾਲੀ ਕੋਵਿਡ ਮਹਾਂਮਾਰੀ ਦੇ ਪ੍ਰਭਾਵਾਂ ਨਾਲ ਨਜਿੱਠਣ ਦੇ ਮੱਦੇਨਜ਼ਰ ਅਜਿਹੀ ਯੋਜਨਾ ਨੂੰ ਫੌਰੀ ਤੌਰ ’ਤੇ ਲਾਗੂ ਕਰਨਾ ਬੜਾ ਜਰੂਰੀ ਹੈ।
ਰਾਣਾ ਨੇ ਥੋੜੇ ਸਮੇਂ ਵਿੱਚ ਪੰਜਾਬ ਭਰ ਦੇ ਲੋਕਾਂ ਲਈ ਐਲਾਨੀਆਂ ਵੱਖ-ਵੱਖ ਭਲਾਈ ਸਕੀਮਾਂ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ।
ਉਨਾਂ ਕਿਹਾ ਕਿ ਸਮਾਜ ਦਾ ਇੱਕ ਵੱਡਾ ਹਿੱਸਾ ਲਗਾਤਾਰ ਨਜ਼ਰਅੰਦਾਜ ਅਤੇ ਹਾਸ਼ੀਏ ‘ਤੇ ਰਿਹਾ ਹੈ ਕਿਉਂਕਿ ਇਹ ਵਰਗ ਸਰਕਾਰ ਦੀ ਕਿਸੇ ਭਲਾਈ ਸਕੀਮ ਅਧੀਨ ਨਹੀਂ ਆਉਂਦਾ। ਉਨਾਂ ਕਿਹਾ, “ਇਸ ਕਾਰਨ ਮੇਰਾ ਸਰਕਾਰ ਨੂੰ ਸੁਝਾਅ ਹੈ ਕਿ ਸਮਾਜ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੀ ਪਛਾਣ ਕੀਤੀ ਜਾਵੇ ਅਤੇ ਉਨਾਂ ਨੂੰ ਵੀ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਵਾਂਗ ਰਾਹਤ ਮੁਹੱਈਆ ਕਰਵਾਈ ਜਾਵੇ ਅਤੇ ਕੋਈ ਵੀ ਇਸ ਤੋਂ ਵਾਂਝਾ ਨਾ ਰਹੇ। ’’
ਇਸ ਤੋਂ ਇਲਾਵਾ, ਸਪੀਕਰ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਨਾਲ ਬੁਰੀ ਤਰਾਂ ਪ੍ਰਭਾਵਤ ਲੋਕ ਅਤੇ ਵਫ਼ਦ, ਉਨਾਂ ਨੂੰ ਮਿਲ ਰਹੇ ਹਨ। ਉਨਾਂ ਕਿਹਾ ,“ ਬਹੁਤ ਲੋਕਾਂ ਨੇ ਵੱਡੀਆਂ ਤਨਖਾਹਾਂ ਵਾਲੀਆਂ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ। ਫੈਕਟਰੀਆਂ ਬੰਦ ਹੋਣ ਕਾਰਨ ਬਹੁਤ ਲੋਕ ਬੇਰੁਜਗਾਰਾਂ ਹੋਏ ਹਨ।” ਇੱਥੋਂ ਤੱਕ ਕਈ ਪੈਸੇ ਵਾਲੇ ਪਰਿਵਾਰ ਵੀ ਰਾਤੋ ਰਾਤ ਗਰੀਬੀ ਦੀ ਲਪੇਟ ਵਿੱਚ ਜਾ ਪਹੁੰਚੇ ਹਨ ਅਤੇ ਉਨਾਂ ਨੂੰ ਉਮੀਦ ਦੀ ਕੋਈ ਕਿਰਨ ਨਜਰ ਨਹੀਂ ਆਉਂਦੀ।
ਕੁਝ ਰਾਹਤ ਉਪਾਵਾਂ ਦਾ ਸੁਝਾਅ ਦਿੰਦੇ ਹੋਏ ਰਾਣਾ ਨੇ ਕਿਹਾ, ਸਰਕਾਰ ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ, ਜੋ ਜ਼ਿਆਦਾਤਰ ਸ਼ਹਿਰੀ ਖੇਤਰਾਂ ਵਿੱਚ ਰਹਿ ਰਹੇ ਹਨ, ਦੀ ਪਛਾਣ ਕਰਨ ਲਈ ਇੱਕ ਵਿਸ਼ੇਸ਼ ਸਮਾਂਬੱਧ ਸਰਵੇਖਣ ਕਰਵਾ ਸਕਦੀ ਹੈ, ਅਤੇ ਉਨਾਂ ਨੂੰ ਰਾਹਤ ਅਤੇ ਮੁਆਵਜ਼ਾ ਦਿੱਤਾ ਜਾ ਸਕਦਾ ਹੈ। ਉਨਾਂ ਨੇ ਕਿਹਾ, “ਤਰੱਕੀ ਸਾਰਿਆਂ ਲਈ ਹੋਣੀ ਚਾਹੀਦੀ ਹੈ ਅਤੇ ਲੋਕਾਂ ਦੀ ਆਰਥਿਕ ਭਲਾਈ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।”

Continue Reading