Connect with us

Uncategorized

10 ਪੋਹ ਦਾ ਇਤਿਹਾਸ

Published

on

ਦੇਖੋ ਕੁਦਰਤ ਦੇ ਰੰਗ, ਹਿੰਦੁਸਤਾਨੀ ਪਰਜਾ ਦੇ ਗਲ ਪਈਆਂ ਗੁਲਾਮੀ ਦੀਆਂ ਜ਼ੰਜ਼ੀਰਾਂ ਕੱਟਣ ਲਈ ਜਿਸ ਕਲਗੀਧਰ ਜੀ ਨੇ ਹੱਸਦਾ-ਵੱਸਦਾ ਅਨੰਦਪੁਰ ਛੱਡਿਆ ਤੇ ਪਹਿਲਾਂ ਪਿਆਰੇ ਪਿਤਾ ਜੀ ਦਾ ਬਲੀਦਾਨ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ, ਫਿਰ ਚਮਕੌਰ ਦੀ ਜੰਗ ਵਿੱਚ ਜਿਗਰ ਦੇ ਦੋ ਟੁਕੜੇ ਵਾਰ ਦਿੱਤੇ ਸਨ , ਜਿਨ੍ਹਾਂ ਦਾ ਦਰਸ਼ਨ ਕਰਕੇ ਉਨ੍ਹਾਂ ਦੀ ਭੁੱਖ ਲੱਥਦੀ ਤੇ ਸ਼ਾਤੀ ਮਿਲਦੀ ਸੀ. ਦਿਲੋ ਅਜ਼ੀਜ ਆਪਣੇ ਸਿੰਘ ਮੈਦਾਨ ਏ ਜੰਗ ਵਿੱਚ ਪੁਰਜਾ-ਪੁਰਜਾ ਕਟਵਾ ਕੇ ਸ਼ਹੀਦ ਕਰਵਾ ਲਏ ਸਨ।

ਦੂਜੇ ਪਾਸੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾ਼ਦਿਆਂ ਦੀ 9 ਪੋਹ ਦੀ ਅੱਤ ਭਿਅੰਕਰ ਠੰਡ ਦੀ ਰਾਤ ਮੋਰਿੰਡੇ ਕੋਤਵਾਲੀ ਵਿੱਚ ਬੀਤੀ, ਅਤੇ ਜਦੋਂ 10 ਪੋਹ ਦਾ ਦਿਨ ਚੜਿਆ। ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਹਵਾਲਾਤ ਵਿੱਚੋਂ ਕੱਢ ਕੇ ਇਕ ਬੈਲ ਗੱਡੀ ਤੇ ਬਿਠਾ ਲਿਆ ਗਿਆ ਅਤੇ ਅੱਗੇ ਦਾ ਸਫਰ ਆਰੰਭਿਆ ਗਿਆ। ਇਹ ਉਹ ਦਸ਼ਮੇਸ਼ ਜੀ ਦੇ ਮਾਤਾ ਜੀ ਅਤੇ ਛੋਟੇ ਲਾਲ ਸਨ ਜੋ ਕਦੇ ਅਤਿ ਸ਼ਾਨ ਨਾਲ, ਪਾਲਕੀਆਂ, ਹਾਥੀਆਂ ਦੀਆਂ ਅੰਬਾਰੀਆਂ ਵਿੱਚ ਬੈਠ ਕੇ ਬਾਹਰ ਨਿਕਲਦੇ ਸਨ। ਜਿਨ੍ਹਾਂ ਨੂੰ ਜ਼ਾਲਮਾਂ ਨੇ ਅੱਜ ਕੈਦੀ ਬਣਾ ਕੇ ਕਚਹਿਰੀ ਵਿੱਚ ਲਿਜਾਣ ਲਈ ਇਕ ਬੈਲ ਗੱਡੀ ਉਪਰ ਬਿਠਾ ਦਿੱਤੇ ਗਏ ਸਨ। ਬੈਲ ਗੱਡੀ ਦੇ ਆਲ਼ੇ-ਦੁਆਲੇ ਨੰਗੀਆਂ ਤਲਵਾਰਾਂ ਤੇ ਨੇਜੇ ਲੈ ਕੇ ਮੁਗਲ ਸਿਪਾਹੀ ਚੱਲ ਰਹੇ ਸਨ।ਇੱਥੇ ਉਨ੍ਹਾਂ ਨੂੰ ਮੋਰਿੰਡੇ ਤੋਂ ਬੱਸੀ ਥਾਣਦੇਾਰ ਪਾਸ ਲਿਆਂਦਾ ਗਿਆ ਤੇ ਬੱਸੀ ਥਾਣੇਦਾਰ ਦਾ ਹੁਕਮ ਲੈ ਕੇ ਮੋਰਿੰਡੇ ਦੇ ਕੋਤਵਾਲ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਬੈਲ ਗੱਡੀ ਤੇ ਬਿਠਾ ਕੇ ਸਰਹਿੰਦ ਲੈ ਪੁੱਜਾ ਅਤੇ ਜਾਬਰ ਵਜੀਦ ਖਾਂ ਨੂੰ ਖਬਰ ਦਿੱਤੀ ਕਿ ਗੁਰੂ ਪਰਿਵਾਰ ਸਰਕਾਰੀ ਹਿਰਾਸਤ ਵਿੱਚ ਸਰਹਿੰਦ ਪਹੁੰਚਾ ਦਿੱਤਾ ਗਿਆ ਹੈ। ਸਰਹਿੰਦ ਦੇ ਬਾਹਰਵਾਰ, ਬੈਲ ਗੱਡੀ ਰੋਕ ਕੇ ਸਿਪਾਹੀ ਸੂਬਾ ਸਰਹੰਦ ਨੂੰ ਇਤਲਾਹ ਦੇਣ ਗਏ, ਏਥੋ ਹੀ ਜ਼ਾਲਮਾਂ ਵੱਲੋਂ ਮਾਤਾ ਜੀ ਅਤੇ ਗੁਰੂ ਲਾਲਾਂ ਨੂੰ ਅੱਤ ਦੀ ਠੰਡ ਦਰਮਿਆਨ ਜਾਣ ਬੁੱਝ ਕੇ ਠੰਡੇ ਬੁਰਜ ‘ਚ ਕੈਦ ਕੀਤਾ ਗਿਆ ਸੀ।

ਵਜੀਦ ਖਾਂ ਵੱਲੋਂ ਪਹਿਰੇਦਾਰਾਂ ਨੂੰ ਹੁਕਮ ਦਿੱਤਾ ਗਿਆ ਕਿ ਇਨ੍ਹਾਂ ਕੈਦੀਆਂ ਨੂੰ ਖਾਣ-ਪੀਣ ਲਈ ਕੋਈ ਵੀ ਭੋਜਨ-ਪਾਣੀ ਨਾ ਦਿੱਤਾ ਜਾਵੇ ਨਾਲ ਹੀ ਇਹ ਫਰਮਾਨ ਵੀ ਚਾੜ ਦਿੱਤਾ ਕਿ ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਦਾ ਸਮੇਤ ਪਰਿਵਾਰ , ਘਾਣ ਬੱਚਾ ਪੀੜ ਦਿੱਤਾ ਜਾਵੇਗਾ। ਵਜ਼ੀਦ ਖਾਨ ਦਾ ਇਹ ਖਿਆਲ ਸੀ ਕਿ ਛੋਟੇ ਬਾਲਕਾਂ ਅਤੇ ਬਿਰਧ ਮਾਤਾ ਗੁਜਰੀ ਜੀ ਨੂੰ ਭੁੱਖੇ ਰੱਖ ਕੇ ਆਪਣੇ ਅਕੀਦੇ ਤੋਂ ਥਿੜਕਾਉਣਾ ਸੌਖਾ ਹੋਵੇਗਾ। ਪਰ ਉਹ ਗੁਰੂ ਘਰ ਦੇ ਸਿਦਕ ਅਤੇ ਹੌਸਲੇ ਤੋਂ ਬਿਲਕੁਲ ਬੇਖਬਰ ਸੀ, ਦੂਜੇ ਪਾਸੇ ਕੜਾਕੇ ਦੀ ਠੰਡ ਵਿੱਚ ਮਾਤਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਛਾਤੀ ਨਾਲ ਲਾ ਕੇ ਸੋਦਰ ਤੇ ਸੋਹਿਲੇ ਸਾਹਿਬ ਦਾ ਪਾਠ ਕੀਤਾ। ਬਾਅਦ ਵਿੱਚ ਪੰਜਵੇਂ ਤੇ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦੀ ਸਾਖੀ ਸੁਣਾਉਂਦਿਆਂ ਕਿਹਾ. ਮੇਰੇ ਪਿਆਰੇ ਪੋਤਰਿਓ ਸਮਾਂ ਬੜਾ ਕਠਿਨ ਵਾਪਰੇਗਾ ਪਰ ਤੁਸਾਂ ਆਪਣੇ ਧਰਮ ਤੇ ਦ੍ਰਿੜ ਰਹਿਣਾ, ਆਪਣੇ ਦਾਦਾ ਜੀ ਨੌਵੇਂ ਪਾਤਸ਼ਾਹ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ, ਸਾਹਿਬਜ਼ਾਦੇ ਆਪਣੀ ਦਾਦੀ ਮਾਂ ਨੂੰ ਮੁੜ ਮੁੜ ਵਿਸ਼ਵਾਸ਼ ਦਿਵਾ ਰਹੇ ਸਨ। ਮਾਤਾ ਜੀ ਤੁਸੀਂ ਵੇਖਣਾ, ਅਸੀਂ ਕਿਵੇਂ ਪਿਤਾ ਤੇ ਬਾਬੇ ਦੇ ਕਾਰਨਾਮਿਆਂ ਨੂੰ ਐਸੇ ਚਾਰ ਚੰਨ ਲਾਵਾਂਗੇ ਕਿ ਰਹਿੰਦੀ ਦੁਨੀਆ ਤੱਕ ਲੋਕ ਸਾਨੂੰ ਯਾਦ ਕਰਨਗੇ।

ਸਾਧ ਸੰਗਤ ਜੀ ਇਹ ਠੰਡਾ ਬੁਰਜ ਉਹ ਥਾਂ ਹੈ, ਜਿਸ ਨੂੰ ਮੁਗਲ ਨਵਾਬ ਗਰਮੀਆਂ ਦੇ ਮੌਸਮ ਵਿੱਚ ਠੰਡੀ ਹਵਾ ਲੈਣ ਲਈ ਵਰਤਦਾ ਸੀ। ਇਹ ਇਕ ਮੀਨਾਰਨੁਮਾ ਉਚਾ ਬੁਰਜ ਸੀ, ਇਸ ਦੇ ਸਿਖਰ ਤੇ ਕੇਵਲ ਇਕ ਛੱਤ ਹੀ ਸੀ ਅਤੇ ਚਾਰੇ ਪਾਸੇ ਤੋਂ ਇਹ ਖੁੱਲ੍ਹਾ ਹੋਇਆ ਸੀ, ਕੋਈ ਵੀ ਦੀਵਾਰ ਵਗੈਰਾ ਨਹੀਂ ਸੀ, ਉਚਾਈ ਕਾਫੀ ਜ਼ਿਆਦਾ ਹੋਣ ਕਾਰਨ ਭਰ ਗਰਮੀ ਵਿੱਚ ਵੀ ਹਵਾ ਦੇ ਬੁੱਲ੍ਹੇ ਇਸ ਮੀਨਾਰ ਵਿੱਚ ਬੈਠੇ ਆਦਮੀ ਨੂੰ ਗਰਮੀ ਦੀ ਤਪਸ਼ ਤੋਂ ਬਚਾਇਆ ਕਰਦੇ ਸਨ। ਸਮੇਂ ਦੇ ਨਵਾਬ ਇੱਥੇ ਗਰਮੀ ਤੋਂ ਬਚਾਅ ਲਈ ਬੈਠਿਆ ਕਰਦੇ ਸਨ। ਇਸ਼ ਦੇ ਚਾਰੇ ਪਾਸੇ ਪਾਣੀ ਸੀ ਅਤੇ ਇਕ ਨਦੀ ਵਗਦੀ ਸੀ ਜੋ ਕਿ ਹਵਾ ਨੂੰ ਗਰਮੀ ਵਿੱਚ ਵੀ ਠੰਡਾ ਕਰ ਦਿੰਦੀ ਸੀ। ਇਸ ਥਾਂ ਤੇ ਗਰਮੀ ਵਿੱਚ ਵੀ ਠੰਡ ਲੱਗਦੀ ਸੀ, ਪਰ ਠੰਡਾ ਬੁਰਜ ਪੋਹ ਮਹੀਨੇ ਵਿੱਚ ਤਾਂ ਹੋਰ ਵੀ ਠਰ ਜਾਂਦਾ ਸੀ ਜਿਸ ਵਿੱਚ ਆਮ ਸਰੀਰ ਦਾ ਰਹਿਣਾ ਮੁਸ਼ਕਿਲ ਸੀ। ਪਰ ਗੁਰੂ ਸਾਹਿਬ ਦੀਆਂ ਨਿੱਕੀਆਂ ਜਿੰਦਾਂ ਅਤੇ ਮਾਤਾ ਜੀ ਉਸ ਕੜਾਕੇ ਦੀ ਠੰਡੀ ਜਗਾਂ ਵਿੱਚ ਵੀ ਰਹਿ ਕੇ ਡੋਲੇ ਨਹੀਂ।

ਭਾਈ ਮੋਤੀ ਰਾਮ ਮਹਿਰਾ ਜੀ ਦੀ ਸੇਵਾ

ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਦੇ ਭਤੀਜੇ ਭਾਈ ਮੋਤੀ ਰਾਮ ਮਹਿਰਾ ਜੀ , ਜੋ ਕਿ ਸਰਹੰਦ ਰਹਿੰਦੇ ਸਨ ਤੇ ਪਰਿਵਾਰ ਪਾਲਣ ਲਈ ਸਰਕਾਰੀ ਮਹਿਕਮੇ ਵਿੱਚ ਲਾਂਗਰੀ ਦੀ ਨੌਕਰੀ ਕਰਦੇ ਸਨ। 10 ਪੋਹ ਵਾਲੀ ਰਾਤ ਨੂੰ ਸਿਪਾਹੀਆਂ ਨੂੰ ਲੰਗਰ ਵਰਤਾਉਂਦਿਆਂ ਪਤਾ ਲੱਗਿਆ ਕਿ ਪਿਆਰੇ ਬਾਜਾਂ ਵਾਲੇ ਸਤਿਗੁਰੂ ਜੀ ਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਭੁੱਖਣ ਭਾਣੇ ਕੈਦ ਸਨ। ਤਾਂ ਭਾਈ ਸਾਹਿਬ ਤੋਂ ਰਿਹਾ ਨਾ ਗਿਆ ਅਤੇ ਇਸ ਕਰਕੇ ਉਹ ਆਪਣੇ ਘਰੋਂ ਕੁੱਝ ਮਾਇਆ, ਦੁੱਧ ਦਾ ਗੜਵਾ ਅਤੇ ਕੁੱਝ ਮੇਵੇ ਲੈ ਗਏ। ਸਿਪਾਹੀਆਂ ਨੂੰ ਮਾਇਆ ਦੇ ਕੇ ਠ਼ੰਡੇ ਬੁਰਜ ਦੀਆਂ ਪੌੜੀਆਂ ਚੜ੍ਹ ਗਏ ਪਰ ਸਾਧ ਸੰਗਤ ਜੀ ਇਹ ਕੰਮ ਖਤਰੇ ਤੋਂ ਖਾਲੀ ਨਹੀਂ ਸੀ, ਪਰ ਉਸ ਭਾਈ ਮੋਤੀ ਰਾਮ ਮਹਿਰਾ ਜੀ ਨੇ ਕੋਈ ਪਰਵਾਹ ਨਾ ਮੰਨੀ ਅਤੇ ਸੇਵਾ ਨਿਭਾਉਣ ਲਈ ਪਹੁੰਚ ਗਏ, ਮਾਤਾ ਗੁਜਰੀ ਜੀ ਨੂੰ ਆਪਣੀ ਪਛਾਣ ਦੱਸਣ ਤੋਂ ਬਾਅਦ ਬਾਬਾ ਜੀ ਨੇ ਗਰਮ ਦੁੱਧ ਤੇ ਮੇਵੇ ਅਰਪਣ ਕੀਤੇ ਤੇ ਨਾਲ ਹੀ ਉਨ੍ਹਾਂ ਦਾ ਹਾਲ ਦੇਖ ਭੁੱਬਾਂ ਮਾਰ ਰੋਏ। ਮਾਤਾ ਜੀ ਨੇ ਭਾਈ ਮੋਤੀ ਰਾਮ ਮਹਿਰਾ ਨੂੰ ਦਿਲਾਸਾ ਦਿੰਦਿਆਂ ਆਪਣਾ ਹੱਥ ਉਨ੍ਹਾਂ ਦੇ ਸਿਰ ਤੇ ਰੱਖਿਆ ਅਤੇ ਬੇਨਤੀ ਪ੍ਰਵਾਨ ਕਰਦਿਆਂ ਖੁਦ ਵੀ ਦੁੱਧ ਛਕਿਆ ਤੇ ਸਾਹਿਬਜ਼ਾਦਿਆਂ ਨੂੰ ਛਕਾਇਆ। ਇਸ ਮੌਕੇ ਜ਼ਾਲਮਾਂ ਦੇ ਸਤਾਇਆਂ ਨੂੰ ਫਿਲਹਾਲ ਭੁੱਖੇ ਪੇਟ ਤੋਂ ਥੋੜ੍ਹੀ ਜਿਹੀ ਰਾਹਤ ਮਿਲੀ। ਮਾਤਾ ਗੁਜਰੀ ਜੀ ਨੇ ਆਪਣੀ ਬੇਅੰਤ ਅਸੀਸਾਂ ਭਾਈ ਮੋਤੀ ਰਾਮ ਜੀ ਨੂੰ ਦਿੱਤੀਆਂ। ਮਾਤਾ ਜੀ ਦੀਆਂ ਅਸੀਸਾਂ ਲੈ ਬਾਬਾ ਮੋਤੀ ਰਾਮ ਜੀ ਉੱਥੋ ਚਲੇ ਗਏ ਇਸੇ ਤਰ੍ਹਾਂ ਆਪਣਾ ਸਭ ਕੁੱਝ ਦਾਅ ਤੇ ਲਾ ਕੇ ਤਿੰਨੇ ਰਾਤਾਂ 10,11,12 ਪੋਹ ਨੂੰ ਇਹ ਸੇਵਾ ਨਿਭਾਈ।

Continue Reading