National
ਕਾਬੁਲ ਤੋਂ ਭਾਰਤ ਪਰਤੇ 78 ਵਿਚੋਂ 16 ਲੋਕ ਨਿਕਲੇ ਕੋਰੋਨਾ ਪਾਜ਼ੀਟਿਵ, ਕੀਤਾ ਗਿਆ ਕੁਆਰੰਟੀਨ
ਨਵੀਂ ਦਿੱਲੀ : ਅਫਗਾਨਿਸਤਾਨ ‘ਚ ਫਸੇ ਲੋਕਾਂ ਨੂੰ ਭਾਰਤ ਵਾਪਸ ਲਿਆਉਣ ਦਾ ਮਿਸ਼ਨ ਜਾਰੀ ਹੈ। ਮੰਗਲਵਾਰ ਨੂੰ ਅਫਗਾਨਿਸਤਾਨ ਤੋਂ ਦਿੱਲੀ ਪਰਤੇ ਕੁੱਲ 78 ਯਾਤਰੀਆਂ ਵਿੱਚੋਂ 16 ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਜਾਣਕਾਰੀ ਅਨੁਸਾਰ, ਕਾਬੁਲ ਤੋਂ ਗੁਰੂ ਗ੍ਰੰਥ ਸਾਹਿਬ ਲੈਕੇ ਵਾਪਸ ਪਰਤੇ ਤਿੰਨ ਗ੍ਰੰਥੀ ਵੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਹਾਲਾਂਕਿ,ਰਾਹਤ ਦੀ ਗੱਲ ਇਹ ਹੈ ਕਿ ਹਰ ਕਿਸੇ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਹੁੰਦੇ ।
ਕੋਰੋਨਾਵਾਇਰਸ ਦੀ ਰਿਪੋਰਟ ਤੋਂ ਬਾਅਦ, ਹੁਣ ਸਾਰੇ 78 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ । ਦੱਸ ਦੇਈਏ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਹੋਰ ਨੇਤਾ, ਅਧਿਕਾਰੀ ਵੀ ਇਨ੍ਹਾਂ ਸਾਰਿਆਂ ਦੇ ਸੰਪਰਕ ਵਿੱਚ ਆਏ ਸਨ।
ਭਾਰਤ ਦਾ ਮਿਸ਼ਨ ਜਾਰੀ ਹੈ
ਅਫਗਾਨਿਸਤਾਨ ਦੇ ਕਾਬੁਲ ਤੋਂ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਰਾਹੀਂ ਲੋਕਾਂ ਨੂੰ ਲਗਾਤਾਰ ਲਿਆਂਦਾ ਜਾ ਰਿਹਾ ਹੈ। ਇਨ੍ਹਾਂ ਵਿੱਚ ਭਾਰਤੀ ਨਾਗਰਿਕਾਂ ਦੇ ਨਾਲ ਨਾਲ ਅਫਗਾਨ ਨਾਗਰਿਕ ਵੀ ਸ਼ਾਮਲ ਹਨ। ਇਸ ਘਟਨਾਕ੍ਰਮ ਵਿੱਚ, ਪਿਛਲੇ ਦਿਨ 78 ਲੋਕ ਲਿਆਂਦੇ ਗਏ ਸਨ, ਜਿਨ੍ਹਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਕਾਬੁਲ ਤੋਂ ਵਾਪਸ ਲਿਆਂਦਾ ਗਿਆ ਹੈ।
ਭਾਰਤ ਨੇ ਹੁਣ ਤੱਕ ਅਫਗਾਨਿਸਤਾਨ ਤੋਂ 500 ਤੋਂ ਜ਼ਿਆਦਾ ਲੋਕਾਂ ਨੂੰ ਕੱਢਿਆ ਹੈ। ਇਸ ਦੇ ਨਾਲ ਹੀ, ਦੂਤਾਵਾਸ ਵਿੱਚ ਕੰਮ ਕਰ ਰਹੇ ਸਟਾਫ ਨੂੰ ਪਹਿਲਾਂ ਹੀ ਕਾਬੁਲ ਤੋਂ ਵਾਪਸ ਲਿਆਂਦਾ ਜਾ ਚੁੱਕਾ ਹੈ । ਭਾਰਤ ਹਰ ਰੋਜ਼ ਦੋ ਜਹਾਜ਼ਾਂ ਵਿੱਚ ਲੋਕਾਂ ਨੂੰ ਲਿਆਉਣ ਵਿੱਚ ਰੁੱਝਿਆ ਹੋਇਆ ਹੈ ।
ਹਾਲਾਂਕਿ, ਅਫਗਾਨਿਸਤਾਨ ਤੋਂ ਵਾਪਸ ਲਿਆਂਦੇ ਜਾ ਰਹੇ ਲੋਕਾਂ ਨੂੰ ਲੈ ਕੇ ਵੀ ਸਾਵਧਾਨੀ ਵਰਤੀ ਜਾ ਰਹੀ ਹੈ। ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ, ਲੋਕਾਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ।
ਭਾਰਤ ਨੇ ਇਸ ਮਿਸ਼ਨ ਨੂੰ ਆਪਰੇਸ਼ਨ ਦੇਵੀਸ਼ਕਤੀ ਦਾ ਨਾਂ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਭਾਰਤ ਆਪਣੇ ਨਾਗਰਿਕਾਂ ਅਤੇ ਅਫਗਾਨ ਨਾਗਰਿਕਾਂ ਦੇ ਨਾਲ ਨਾਲ ਦੁਨੀਆ ਦੇ ਹੋਰ ਲੋਕਾਂ ਨੂੰ ਵੀ ਬਚਾ ਰਿਹਾ ਹੈ। ਹਾਲ ਹੀ ਵਿੱਚ, ਨੇਪਾਲ, ਲੇਬਨਾਨ ਦੇ ਨਾਗਰਿਕਾਂ ਨੂੰ ਵੀ ਭਾਰਤ ਨੇ ਬਚਾਇਆ ਸੀ।