India
2 ਅੱਤਵਾਦੀਆਂ ਨੂੰ ਜੰਮੂ ਕਸ਼ਮੀਰ ਮੁਕਾਬਲੇ ‘ਚ ਕੀਤਾ ਗਿਆ ਢੇਰ

ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ ‘ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਰਾਤ ਭਰ ਚੱਲੇ ਮੁਕਾਬਲੇ ‘ਚ 2 ਅੱਤਵਾਦੀ ਮਾਰੇ ਗਏ। ਪੁਲਿਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਵੀਰਵਾਰ ਨੂੰ ਸੋਪੋਰ ਦੇ ਵਾਰਪੋਰਾ ਇਲਾਕੇ ‘ਚ ਘੇਰਾਬੰਦੀ ਕਰ ਕੇ ਤਲਾਸ ਮੁਹਿੰਮ ਚਲਾਈ। ਅਧਿਕਾਰੀ ਨੇ ਦੱਸਿਆ,”ਹਰੇਕ ਘਰ ਦੀ ਤਲਾਸ਼ੀ ਦੌਰਾਨ ਅੱਤਵਾਦੀਆਂ ਦੀ ਟਿਕਾਣੇ ਦਾ ਪਤਾ ਲੱਗਾ ਅਤੇ ਉਨ੍ਹਾਂ ਨੂੰ ਆਤਮਸਮਰਪਣ ਕਰਨ ਲਈ ਕਿਹਾ ਗਿਆ।” ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਦੇ ਸੁਰੱਖਿਆ ਫ਼ੋਰਸਾਂ ‘ਤੇ ਗੋਲੀਆਂ ਚਲਾਉਣ ਨਾਲ ਮੁਹਿੰਮ ਮੁਕਾਬਲੇ ‘ਚ ਬਦਲ ਗਈ। ਸੁਰੱਖਿਆ ਫ਼ੋਰਸਾਂ ਨੇ ਵੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ। ਅਧਿਕਾਰੀ ਨੇ ਦੱਸਿਆ,”ਮੁਹਿੰਮ ‘ਚ 2 ਅੱਤਵਾਦੀ ਮਾਰੇ ਗਏ। ਸੁਰੱਖਿਆ ਮੁਲਾਜ਼ਮਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।” ਕਸ਼ਮੀਰ ਦੇ ਪੁਲਿਸ ਜਨਰਲ ਇੰਸਪੈਕਟਰ ਵਿਜੇ ਕੁਮਾਰ ਨੇ ਸਫ਼ਲ ਮੁਹਿੰਮ ਲਈ ਸੁਰੱਖਿਆ ਫ਼ੋਰਸਾਂ ਨੂੰ ਵਧਾਈ ਦਿੱਤੀ। ਜੰਮੂ ਕਸ਼ਮੀਰ ਪੁਲਸ ਦੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਕੁਮਾਰ ਦੇ ਹਵਾਲੇ ਤੋਂ ਕਿਹਾ ਗਿਆ,”ਮਾਰੇ ਗਏ ਅੱਤਵਾਦੀਆਂ ‘ਚੋਂ ਇਕ ਫਿਆਜ਼ ਵਾਰ ਸੀ, ਜੋ ਸੁਰੱਖਿਆ ਫ਼ੋਰਸਾਂ ਅਤੇ ਆਮ ਨਾਗਰਿਕਾਂ ‘ਤੇ ਕੀਤੇ ਗਏ ਕਈ ਹਮਲਿਆਂ ‘ਚ ਸ਼ਾਮਲ ਸੀ। ਉਹ ਉੱਤਰ ਕਸ਼ਮੀਰ ‘ਚ ਹੋਈ ਹਿੰਸਾ ਦਾ ਵੀ ਦੋਸ਼ੀ ਸੀ।” ਸੁਰੱਖਿਆ ਫ਼ੋਰਸਾਂ ਨੇ ਇਸ ਸਾਲ ਹੁਣ ਤੱਕ ਘਾਟੀ ‘ਚ 80 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ।