Corona Virus
ਕੋਰੋਨਾਵਾਇਸ ਕਾਰਨ ਪੰਜਾਬ ਦੇ 20 ਪਿੰਡ ਸੀਲ, 40 ਹਜ਼ਾਰ ਤੋਂ ਵੱਧ ਲੋਕ ਘਰਾਂ ’ਚ ਬੰਦ

28 ਮਾਰਚ : ਇੱਕ ਵਿਅਕਤੀ ਜਿਸਦੀ ਮੌਤ ਹੋਈ ਤੇ ਸੂਬੇ ਦੇ 20 ਪਿੰਡ ਸੀਲ ਕਰ ਦਿੱਤੇ ਗਏ। ਇਸ ਵਾਇਰਸ ਕਰਕੇ ਪੰਜਾਬ ਵਿੱਚ ਮਰੇ ਇੱਕ ਬਜ਼ੁਰਗ ਕਾਰਨ ਸੂਬੇ ਦੇ 20 ਪਿੰਡਾਂ ਦੇ 40 ਹਜ਼ਾਰ ਲੋਕ ਘਰਾਂ ਵਿੱਚ ਡੱਕੇ ਗਏ ਹਨ। ਨਵਾਂਸ਼ਹਿਰ ‘ਚ ਕੋਵਿਡ-19 ਨਾਲ ਪਹਿਲੀ ਮੌਤ ਬੰਗਾ ਕਸਬੇ ਦੇ ਨੇੜਲੇ ਪਿੰਡ ਪਠਲਾਵਾ ਵਿੱਚ 70 ਸਾਲਾ ਬਜ਼ੁਰਗ ਬਲਦੇਵ ਸਿੰਘ ਦੀ ਹੋਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਕਰੀਬ 2200 ਦੀ ਵਸੋਂ ਵਾਲਾ ਪਿੰਡ ਪਠਲਾਵਾ ਪੂਰੀ ਤਰ੍ਹਾਂ ਇਕਾਂਤਵਾਸ ਕਰ ਦਿੱਤਾ ਸੀ। ਇੰਨਾ ਹੀ ਨਹੀਂ ਪਠਲਾਵਾ ਦੇ ਨਾਲ ਲਗਦੇ 20 ਪਿੰਡ ਵੀ ਆਈਸੋਲੇਟ ਹਨ। ਪਿੰਡ ਦੇ ਮੋਹਤਵਰਾਂ ਨੇ ਦੱਸਿਆ ਮ੍ਰਿਤਕ ਬਲਦੇਵ ਸਿੰਘ ਇੱਕ ਕੀਰਤਨੀ ਜੱਥੇ ਦੇ ਮੈਂਬਰ ਸਨ। ਜਿਸ ਕਾਰਨ ਉਹ ਅਕਸਰ ਵਿਦੇਸ਼ ਜਾਂਦੇ ਰਹਿੰਦੇ ਸੀ। ਆਪਣੀ ਮੌਤ ਤੋਂ ਪਹਿਲਾਂ ਉਹ ਇੱਕ ਵਿਦੇਸ਼ ਦੌਰੇ ਤੋਂ ਹੀ ਪਰਤੇ ਸਨ। ਮਰਹੂਮ ਬਲਦੇਵ ਸਿੰਘ ਦਾ ਜੱਥਾ 6 ਮਾਰਚ ਨੂੰ ਦਿੱਲੀ ਅਤੇ 7 ਮਾਰਚ ਨੂੰ ਪਿੰਡ ਪਠਲਾਵਾ ਪਹੁੰਚਿਆ ਸੀ। 18 ਮਾਰਚ ਨੂੰ ਬਲਦੇਵ ਸਿੰਘ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ‘ਚ ਆਇਆ ਅਤੇ 20 ਪਿੰਡ ਸੀਲ ਕਰ ਦਿੱਤੇ ਗਏ। ਪ੍ਰਸ਼ਾਸਨ ਨੂੰ ਸਭ ਤੋਂ ਵੱਡਾ ਫਿਕਰ ਹੈ ਕਿ ਬਲਦੇਵ ਸਿੰਘ ਹੋਲੇ-ਮੁਹੱਲੇ ਵਿੱਚ ਵੀ ਗਏ ਸਨ। 7 ਮਾਰਚ ਨੂੰ ਦੋ ਹਫ਼ਤਿਆਂ ਦੇ ਜਰਮਨੀ ਤੇ ਇਟਲੀ ਦੇ ਦੌਰੇ ਤੋਂ ਬਾਅਦ, ਬਲਦੇਵ ਸਿੰਘ ਪੰਜਾਬ ਦੇ ਨਵਾਂ ਸ਼ਹਿਰ ਵਿੱਚ ਆਪਣੇ ਪਿੰਡ ਪਠਲਾਵਾ ਆਏ ਅਤੇ 8 ਮਾਰਚ ਨੂੰ ਅਗਲੇ ਹੀ ਦਿਨ ਉਹ ਆਪਣੇ 2 ਸਾਥੀਆਂ ਨਾਲ ਅਨੰਦਪੁਰ ਸਾਹਿਬ ਵਿਖੇ ਹੋਲੇ-ਮੁਹੱਲੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਗਏ। ਜਿਸ ਵਿੱਚ ਸ਼ਾਮਲ ਹੋਣ ਲਈ ਲੱਖਾਂ ਲੋਕ ਦੇਸ਼-ਵਿਦੇਸ਼ ਤੋਂ ਉਚੇਚੇ ਤੌਰ ‘ਤੇ ਪਹੁੰਚਦੇ ਹਨ।
13 ਮਾਰਚ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਲਦੇਵ ਸਿੰਘ ਦੀ ਵਿਦੇਸ਼ ਯਾਤਰਾ ਬਾਰੇ ਸੁਚੇਤ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ। ਕਈ ਦਿਨਾਂ ਤੱਕ ਉਨ੍ਹਾਂ ਵਿੱਚ ਕੋਰੋਨਾਵਾਇਰਸ ਦੇ ਕੋਈ ਲੱਛਣ ਨਜ਼ਰ ਨਹੀਂ ਆਏ। ਹੌਲੀ-ਹੌਲੀ ਬਲਦੇਵ ਸਿੰਘ ’ਚ ਇਹ ਲੱਛਣ ਸ਼ੁਰੂ ਹੋ ਗਏ ਇਸ ਤੋਂ ਬਾਅਦ ਉਨ੍ਹਾਂ ਨੂੰ ਬਾਕੀ ਪਰਿਵਾਰਕ ਮੈਂਬਰਾਂ ਨਾਲੋਂ ਵੱਖ ਕੀਤਾ ਗਿਆ। 18 ਮਾਰਚ ਨੂੰ ਯਾਨੀਕਿ ਪਿੰਡ ਆਉਣ ਤੋਂ 5 ਦਿਨ ਬਾਅਦ, ਬਲਦੇਵ ਸਿੰਘ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਖੁਲਾਸਾ ਹੁੰਦਾ ਹੈ ਕਿ ਬਲਦੇਵ ਸਿੰਘ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ ਸਨ। ਉਨ੍ਹਾਂ ਦੀ ਮੌਤ ਮਗਰੋਂ ਕੀਤੇ ਕੋਰੋਨਾਵਾਇਰਸ ਦੇ ਟੈਸਟ ਦਾ ਨਤੀਜਾ ਵੀ ਪੌਜ਼ੀਟਿਵ ਆਇਆ। ਮੌਤ ਤੋਂ ਤਕਰੀਬਨ ਇੱਕ ਹਫ਼ਤੇ ਬਾਅਦ, ਜ਼ਿਲ੍ਹੇ ਵਿੱਚ 19 ਕੋਰੋਨਾਵਾਇਰਸ ਮਰੀਜ਼ ਪਾਏ ਗਏ। ਇਹ ਸਾਰੇ ਬਲਦੇਵ ਸਿੰਘ ਨਾਲ ਸੰਬੰਧਿਤ ਹਨ। ਜ਼ਿਆਦਾਤਰ ਮ੍ਰਿਤਕ ਬਲਦੇਵ ਸਿੰਘ ਦੇ ਪਰਿਵਾਰ ਵਿਚੋਂ ਹਨ। ਨਾਲ ਲਗਦੇ ਜ਼ਿਲ੍ਹੇ ਹੁਸ਼ਿਆਰਪੁਰ ਵਿੱਚ ਚਾਰ ਮਰੀਜ਼ ਪਾਏ ਗਏ। ਉਹ ਵੀ ਮਰਹੂਮ ਬਲਦੇਵ ਸਿੰਘ ਨਾਲ ਸੰਬੰਧਿਤ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੁਣ ਤੱਕ ਕੋਰੋਨਵਾਇਰਸ ਦੇ ਕੇਸਾਂ ਵਿੱਚੋਂ 23 ਸਿੱਧੇ ਜਾਂ ਅਸਿੱਧੇ ਤੌਰ ‘ਤੇ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ ਹਨ। ਬਲਦੇਵ ਸਿੰਘ ਦਾ ਲੋਕਾਂ ਨਾਲ ਮੇਲਜੋਲ ਡੂੰਘੀ ਚਿੰਤਾ ਦੀ ਇੱਕ ਵੱਡੀ ਵਜ੍ਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਿਕ ਹੁਣ ਤੱਕ ਉਹ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ 550 ਵਿਅਕਤੀਆਂ ਦਾ ਪਤਾ ਲਗਾ ਚੁੱਕੇ ਹਨ। ਪਰ ਦਿਨ-ਬ-ਦਿਨ ਇਹ ਗਿਣਤੀ ਵਧ ਰਹੀ ਹੈ। ਅਧਿਕਾਰੀਆਂ ਮੁਤਾਬਿਕ 250 ਨਮੂਨੇ ਜਾਂਚ ਲਈ ਭੇਜੇ ਹਨ, ਜਿਨ੍ਹਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਪਠਲਾਵਾ ਦੇ ਨੇੜਲੇ 15 ਪਿੰਡ ਸੀਲ ਕਰ ਦਿੱਤੇ ਗਏ ਹਨ। ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਾਲਾਂਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਅਜਿਹੇ ਲੋਕਾਂ ਦੀ ਕੁੱਲ ਗਿਣਤੀ ਕਿੰਨੀ ਹੋ ਸਕਦੀ ਹੈ। ਨਵਾਂਸ਼ਹਿਰ ਦੇ ਨਾਲ ਲਗਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਵੀ 5 ਪਿੰਡ ਸੀਲ ਹਨ। ਕੁੱਲ ਮਿਲਾ ਕੇ 40 ਹਜ਼ਾਰ ਤੋਂ 50 ਹਜ਼ਾਰ ਦੀ ਆਬਾਦੀ ਨੂੰ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ।
ਬਲਦੇਵ ਨੂੰ ਸੈਂਕੜੇ ਵਿਅਕਤੀ ਮਿਲੇ ਹੋਣਗੇ, ਇਹ ਸਵਾਲ ਵੀ ਪ੍ਰਸ਼ਾਸਨ ਦੀ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਉਹ 2 ਵਿਅਕਤੀ ਜਿਨ੍ਹਾਂ ਨਾਲ ਉਹ ਜਰਮਨੀ ਅਤੇ ਇਟਲੀ ਗਏ ਸਨ, ਦੋਵੇਂ ਪੌਜ਼ੀਟਿਵ ਪਾਏ ਜਾ ਚੁੱਕੇ ਹਨ। ਉਹ ਇੱਕੋ ਪਿੰਡ ਦੇ ਹਨ। ਬਲਦੇਵ ਸਿੰਘ ਦੇ ਪਿੰਡ ਦੇ ਸਰਪੰਚ ਹਰਪਾਲ ਸਿੰਘ ਵੀ ਉਸ ਦੇ ਨਾਲ ਹੋਲੇ-ਮੁਹੱਲਾ ’ਤੇ ਗਏ ਸੀ। ਉਨ੍ਹਾਂ ਦਾ ਟੈਸਟ ਵੀ ਪੌਜ਼ੀਟਿਵ ਪਾਇਆ ਗਿਆ ਹੈ। ਪ੍ਰਸ਼ਾਸਨ ਦੀ ਚਿੰਤਾ ਗੁਰਬਚਨ ਸਿੰਘ ਵੀ ਹੈ ਜੋ ਪਿੰਡ ਦੇ ਇੱਕ ਡੇਰੇ ਦਾ ਮੁਖੀ ਹੈ, ਸੈਂਕੜੇ ਲੋਕ ਉਸ ਦੇ ਸੰਪਰਕ ਵਿੱਚ ਆਏ ਅਤੇ ਪਿੰਡ ਦੇ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ।