Connect with us

Punjab

ਸਰਕਾਰੀ ਦਫਤਰਾਂ ਦੇ ਸਮੇਂ ‘ਚ ਬਦਲਾਅ ਨਾਲ ਰੋਜ਼ਾਨਾ 250 ਮੈਗਾਵਾਟ ਬਿਜਲੀ ਦੀ ਹੋਵੇਗੀ ਬੱਚਤ, ਜਾਣੋ ਵੇਰਵਾ

Published

on

ਪੰਜਾਬ ਵਿੱਚ ਮੰਗਲਵਾਰ ਤੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਬਦਲ ਦਿੱਤਾ ਗਿਆ ਹੈ। ਇਸ ਬਦਲਾਅ ਨਾਲ ਪਾਵਰਕੌਮ ਰੋਜ਼ਾਨਾ 250 ਮੈਗਾਵਾਟ ਬਿਜਲੀ ਦੀ ਬੱਚਤ ਕਰ ਸਕੇਗਾ। ਦੂਜੇ ਪਾਸੇ ਇਸ ਵਾਰ ਅਪਰੈਲ ਮਹੀਨੇ ਠੰਢੀ ਹੋਣ ਕਾਰਨ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨਾ ਆਸਾਨ ਹੋ ਜਾਵੇਗਾ। ਮੌਜੂਦਾ ਸਮੇਂ ਵਿੱਚ ਬੈਂਕਿੰਗ ਪ੍ਰਣਾਲੀ ਤਹਿਤ ਪਾਵਰਕੌਮ ਵੱਲੋਂ ਦੂਜੇ ਰਾਜਾਂ ਕੋਲ ਬਿਜਲੀ ਜਮ੍ਹਾਂ ਕਰਵਾਈ ਜਾ ਰਹੀ ਹੈ, ਜੋ ਜੂਨ ਅਤੇ ਜੁਲਾਈ ਵਿੱਚ ਕਢਵਾਈ ਜਾਵੇਗੀ।

ਪਾਵਰਕੌਮ ਵੱਲੋਂ ਤਿਆਰ ਕੀਤੀ ਰਿਪੋਰਟ ਵਿੱਚ ਇਸ ਵਾਰ ਜੂਨ ਤੋਂ ਸਤੰਬਰ ਤੱਕ 1237 ਤੋਂ 2012 ਮੈਗਾਵਾਟ ਬਿਜਲੀ ਦੀ ਕਮੀ ਰਹਿਣ ਦਾ ਅਨੁਮਾਨ ਲਾਇਆ ਗਿਆ ਸੀ। ਹੁਣ ਸਰਕਾਰ ਵੱਲੋਂ ਦਫ਼ਤਰੀ ਸਮਾਂ ਬਦਲਣ ਦੇ ਫ਼ੈਸਲੇ ਅਤੇ ਅਪਰੈਲ ਮਹੀਨੇ ਦੀ ਠੰਢ ਨੇ ਪਾਵਰਕੌਮ ਦੀਆਂ ਮੁਸ਼ਕਲਾਂ ਨੂੰ ਹੋਰ ਘਟਾ ਦਿੱਤਾ ਹੈ।

ਪੰਜਾਬ ਵਿੱਚ ਇਹ ਪਹਿਲੀ ਵਾਰ ਹੈ ਕਿ ਬਿਜਲੀ ਦੀ ਬੱਚਤ ਲਈ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ ਗਿਆ ਹੈ। ਪਾਵਰਕੌਮ ਦੇ ਅਧਿਕਾਰੀਆਂ ਅਨੁਸਾਰ ਪੀਕ ਲੋਡ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੈ। ਜੇਕਰ ਇਸ ਦੌਰਾਨ ਸਰਕਾਰੀ ਦਫ਼ਤਰ ਬੰਦ ਰਹਿਣ ਤਾਂ ਰੋਜ਼ਾਨਾ 250 ਮੈਗਾਵਾਟ ਤੱਕ ਬਿਜਲੀ ਦੀ ਬੱਚਤ ਹੋ ਸਕਦੀ ਹੈ। ਚੋਣਾਂ ਕਾਰਨ ਵਧੀ ਮੰਗ ਦੇ ਮੱਦੇਨਜ਼ਰ ਪੰਜਾਬ ਤੋਂ ਬੈਂਕਿੰਗ ਆਧਾਰ ‘ਤੇ ਕਰਨਾਟਕ ਨੂੰ 1000 ਮੈਗਾਵਾਟ ਤੱਕ ਦੀ ਬਿਜਲੀ ਦਿੱਤੀ ਜਾ ਰਹੀ ਹੈ। ਪਾਵਰਕੌਮ ਦੇ ਅਧਿਕਾਰੀਆਂ ਅਨੁਸਾਰ ਝੋਨੇ ਦੇ ਸੀਜ਼ਨ ਦੌਰਾਨ ਕਰਨਾਟਕ ਅਤੇ ਹੋਰ ਰਾਜਾਂ ਤੋਂ 3000 ਮੈਗਾਵਾਟ ਤੱਕ ਬਿਜਲੀ ਦੀ ਨਿਕਾਸੀ ਕੀਤੀ ਜਾ ਸਕਦੀ ਹੈ। ਪਾਵਰਕੌਮ ਨੂੰ ਆਪਣੇ ਥਰਮਲਾਂ ਅਤੇ ਹਾਈਡਲਾਂ ਤੋਂ 6400 ਮੈਗਾਵਾਟ, ਕੇਂਦਰੀ ਪੂਲ ਤੋਂ 4500 ਮੈਗਾਵਾਟ ਬਿਜਲੀ ਮਿਲੇਗੀ। ਇਸ ਦੇ ਨਾਲ ਹੀ ਜੇਕਰ ਲੋੜ ਪਈ ਤਾਂ ਐਕਸਚੇਂਜ ਤੋਂ ਬਿਜਲੀ ਖਰੀਦੀ ਜਾਵੇਗੀ। ਅਜਿਹੇ ‘ਚ ਕਿਸੇ ਨਾ ਕਿਸੇ ਤਰ੍ਹਾਂ ਇਸ ਵਾਰ ਪਾਵਰਕਾਮ ਝੋਨੇ ਦੇ ਸੀਜ਼ਨ ‘ਚ ਬਿਜਲੀ ਦੀ ਮੰਗ ਪੂਰੀ ਕਰ ਸਕੇਗਾ।

ਹਰ ਵਾਰ ਮੌਸਮ ‘ਤੇ ਨਿਰਭਰ ਨਹੀਂ ਹੋ ਸਕਦਾ, ਸਰਕਾਰੀ ਖੇਤਰ ‘ਚ ਉਤਪਾਦਨ ਵਧਾਇਆ ਜਾਵੇ: ਐਸੋਸੀਏਸ਼ਨ
ਪੀਐਸਈਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜਨੀਅਰ ਅਜੇ ਪਾਲ ਸਿੰਘ ਅਟਵਾਲ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਅਤੇ ਹੁਣ ਦਫ਼ਤਰੀ ਸਮੇਂ ਵਿੱਚ ਤਬਦੀਲੀ ਨੇ ਪਾਵਰਕੌਮ ਲਈ ਝੋਨੇ ਦੇ ਸੀਜ਼ਨ ਵਿੱਚ ਵਧੀ ਮੰਗ ਨੂੰ ਪੂਰਾ ਕਰਨਾ ਆਸਾਨ ਕਰ ਦਿੱਤਾ ਹੈ। ਪਰ ਇਹ ਹਰ ਵਾਰ ਮੌਸਮ ‘ਤੇ ਨਿਰਭਰ ਨਹੀਂ ਕੀਤਾ ਜਾ ਸਕਦਾ। ਸਰਕਾਰੀ ਖੇਤਰ ਵਿੱਚ ਬਿਜਲੀ ਉਤਪਾਦਨ ਵਧਾਉਣ ਦੀ ਲੋੜ ਹੈ। ਇਸ ਦੇ ਲਈ ਬਠਿੰਡਾ ਵਿੱਚ 250 ਮੈਗਾਵਾਟ ਦਾ ਸੋਲਰ ਪਲਾਂਟ ਅਤੇ ਰੋਪੜ ਵਿੱਚ 800 ਮੈਗਾਵਾਟ ਦਾ ਸੁਪਰ ਕ੍ਰਿਟੀਕਲ ਪਲਾਂਟ ਲਗਾਇਆ ਜਾਣਾ ਚਾਹੀਦਾ ਹੈ।