Connect with us

Punjab

ਗੁਰਦਾਸਪੁਰ ‘ਚ 3 ਲੁਟੇਰਿਆਂ ਨੇ ਪਤੀ-ਪਤਨੀ ‘ਤੇ ਚਲਾਈਆਂ ਗੋਲੀਆਂ….

Published

on

ਗੁਰਦਾਸਪੁਰ 13ਸਤੰਬਰ 2023:  ਗੁਰਦਾਸਪੁਰ ‘ਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਮੰਗਲਵਾਰ ਦੇਰ ਰਾਤ ਬਟਾਲਾ-ਕਾਦੀਆਂ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਦੇਰ ਰਾਤ ਤਿੰਨ ਅਣਪਛਾਤੇ ਲੁਟੇਰਿਆਂ ਨੇ ਗੁਰਦੁਆਰਾ ਫਲਾਈ ਸਾਹਿਬ ਨੇੜੇ ਅੰਮ੍ਰਿਤਸਰ ਜਾ ਰਹੇ ਪਤੀ-ਪਤਨੀ ਤੋਂ ਬੁਲਟ ਮੋਟਰਸਾਇਕਲ ਲੁੱਟ ਲਿਆ ਅਤੇ ਹਵਾ ਵਿੱਚ ਫਾਇਰਿੰਗ ਕਰਕੇ ਫ਼ਰਾਰ ਹੋ ਗਏ। ਪਰਿਵਾਰ ਮੁਤਾਬਕ ਮੁਲਜ਼ਮਾਂ ਨੇ ਕੁੱਲ ਤਿੰਨ ਰਾਉਂਡ ਫਾਇਰ ਕੀਤੇ। ਘਟਨਾ ਤੋਂ ਬਾਅਦ ਗੁਰਦਾਸਪੁਰ ਪੁਲਸ ਜਾਂਚ ਲਈ ਮੌਕੇ ‘ਤੇ ਪਹੁੰਚ ਗਈ।

ਹਵਾ ‘ਚ ਚਲਾਈਆਂ  3 ਗੋਲੀਆਂ

ਪੀੜਤ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਸਹੁਰੇ ਪਿੰਡ ਤਲਵੰਡੀ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਜਦੋਂ ਉਹ ਗੁਰਦੁਆਰਾ ਫਲਾਈ ਸਾਹਿਬ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆਏ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਉਨ੍ਹਾਂ ਨੂੰ ਪਿਸਤੌਲ ਦਿਖਾ ਕੇ ਰੁਕਣ ਲਈ ਕਿਹਾ ਅਤੇ ਹਵਾ ਵਿੱਚ ਤਿੰਨ ਗੋਲੀਆਂ ਚਲਾ ਦਿੱਤੀਆਂ। ਜਿਸ ਦੇ ਡਰ ਕਾਰਨ ਉਸ ਨੇ ਆਪਣਾ ਮੋਟਰਸਾਈਕਲ ਰੋਕ ਲਿਆ ਅਤੇ ਆਪਣੀ ਜਾਨ ਬਚਾਉਣ ਲਈ ਮੋਟਰਸਾਈਕਲ ਤੋਂ ਪਿੱਛੇ ਹਟ ਗਿਆ।

ਲੁਟੇਰੇ ਬਟਾਲਾ ਵੱਲ ਭੱਜ ਗਏ

ਮੁਲਜ਼ਮ ਬੁਲਟ ਮੋਟਰਸਾਈਕਲ ਲੈ ਕੇ ਬਟਾਲਾ ਵੱਲ ਫ਼ਰਾਰ ਹੋ ਗਏ। ਬਾਅਦ ‘ਚ ਉਸ ਨੇ ਮੌਕੇ ‘ਤੇ ਪੁਲਸ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ। ਉਨ੍ਹਾਂ ਦੱਸਿਆ ਕਿ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਹੁਣ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ।

ਘਟਨਾ ਤੋਂ ਬਾਅਦ ਵਾਇਰਲੈੱਸ ਕੀਤਾ ਗਿਆ

ਘਟਨਾ ਤੋਂ ਬਾਅਦ ਡੀਐਸਪੀ ਲਲਿਤ ਕੁਮਾਰ ਜਾਂਚ ਲਈ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਪਤੀ-ਪਤਨੀ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਾਇਰਲੈੱਸ ਰਾਹੀਂ ਪੁਲੀਸ ਚੌਕੀਆਂ ਨੂੰ ਇਸ ਲੁੱਟ ਬਾਰੇ ਸੁਚੇਤ ਕੀਤਾ ਗਿਆ ਹੈ। ਜਲਦੀ ਹੀ ਸਾਰੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।