Connect with us

Punjab

36ਵੀਆਂ ਕੌਮੀ ਖੇਡਾਂ; ਪੰਜਾਬ ਦੀ ਤੈਰਾਕ ਚਾਹਤ ਅਰੋੜਾ ਨੇ ਦੋ ਨਵੇਂ ਨੈਸ਼ਨਲ ਰਿਕਾਰਡ ਨਾਲ ਦੋ ਸੋਨੇ ਤੇ ਇਕ ਚਾਂਦੀ ਦਾ ਤਮਗ਼ਾ ਜਿੱਤਿਆ

Published

on

ਚੰਡੀਗੜ੍ਹ:

ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਦੀ ਤੈਰਾਕ ਚਾਹਤ ਅਰੋੜਾ ਨੇ ਦੋ ਨਵੇਂ ਨੈਸ਼ਨਲ ਰਿਕਾਰਡਾਂ ਨਾਲ ਦੋ ਸੋਨੇ ਤੇ ਇਕ ਚਾਂਦੀ ਦਾ ਤਮਗ਼ਾ ਜਿੱਤ ਕੇ ਤੈਰਾਕੀ ਖੇਡ ਵਿੱਚ ਪੰਜਾਬ ਨੂੰ ਕੌਮੀ ਖੇਡ ਨਕਸ਼ੇ ਉੱਤੇ ਉਭਾਰਿਆ ਹੈ।ਜੂਡੋ ਤੇ ਸਾਈਕਲਿੰਗ ਵਿੱਚ 1-1 ਸੋਨ ਤਮਗ਼ੇ ਦੇ ਨਾਲ ਜੂਡੋ ਵਿੱਚ ਪੰਜ ਚਾਂਦੀ ਦੇ ਤਮਗ਼ੇ ਜਿੱਤੇ ਹਨ। ਕੌਮੀ ਖੇਡਾਂ ਵਿੱਚ ਪੰਜਾਬ ਨੇ ਹੁਣ ਤੱਕ 17 ਸੋਨੇ, 27 ਚਾਂਦੀ ਤੇ 22 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 66 ਤਮਗ਼ੇ ਜਿੱਤੇ ਹਨ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚਾਹਤ ਅਰੋੜਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਚਾਹਤ ਅਰੋੜਾ ਦੀ ਸੁਨਹਿਰੀ ਪ੍ਰਾਪਤੀ ਨਾਲ ਪੰਜਾਬ ਵਿੱਚ ਤੈਰਾਕੀ ਖੇਡ ਨੂੰ ਬਹੁਤ ਪ੍ਰਫੁੱਲਿਤਾਂ ਮਿਲੇਗੀ। ਇਸ ਨਾਲ ਨਵੀਂ ਉਮਰ ਦੇ ਤੈਰਾਕਾਂ ਨੂੰ ਪ੍ਰੇਰਨਾ ਮਿਲੇਗੀ।ਖੇਡ ਮੰਤਰੀ ਨੇ ਦੂਜੇ ਜੇਤੂਆਂ ਨੂੰ ਵੀ ਮੁਬਾਰਕਬਾਦ ਦਿੱਤੀ

ਚਾਹਤ ਨੇ 50 ਮੀਟਰ ਬਰੈਸਟ ਸਟਰੋਕ ਤੇ 100 ਮੀਟਰ ਬਰੈਸਟ ਸਟਰੋਕਦੋਵੇਂ ਵਰਗਾਂ ਵਿੱਚ ਵਿੱਚ ਨਵੇਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਦੋ ਸੋਨੇ ਦੇ ਤਮਗ਼ੇ ਜਿੱਤੇ ਹਨ। ਇਸ ਤੋਂ ਇਲਾਵਾ 200 ਮੀਟਰ ਬਰੈਸਟ ਸਟਰੋਕ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਇਸ ਦੇ ਨਾਲ ਹੀ ਚਾਹਤ ਦੀ ਦਸੰਬਰ ਮਹੀਨੇ ਮੈਲਬਰਨ ਵਿਖੇ ਹੋਣ ਵਾਲੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਲਈ ਵੀ ਚੋਣ ਹੋਈ ਹੈ।

ਇਸ ਤੋਂ ਇਲਾਵਾ ਜੂਡੋ ਵਿੱਚ ਪੰਜਾਬ ਨੇ ਇਕ ਸੋਨੇ ਤੇ ਪੰਜ ਚਾਂਦੀ ਦੇ ਤਮਗ਼ੇ ਜਿੱਤੇ। ਅਵਤਾਰ ਸਿੰਘ ਨੇ 100 ਕਿਲੋ ਤੋਂ ਘੱਟ ਵਰਗ ਵਿੱਚ ਸੋਨੇ ਅਤੇ ਰਣਜੀਤਾ, ਕੰਵਰਪ੍ਰੀਤ ਕੌਰ, ਰਵਨੀਤ ਕੌਰ, ਸੋਨਮ ਤੇ ਹਰਸ਼ਪ੍ਰੀਤ ਸਿੰਘ ਨੇ ਚਾਂਦੀ ਦੇ ਤਮਗ਼ੇ ਜਿੱਤੇ। ਇਸੇ ਤਰ੍ਹਾਂ ਸਾਈਕਲਿੰਗ ਵਿੱਚ ਪੰਜਾਬ ਦੇ ਹਰਸ਼ਵੀਰ ਸਿੰਘ ਨੇ 120 ਕਿੱਲੋਮੀਟਰ ਰੋਡ ਰੇਸ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ।