Connect with us

India

ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਅਥਾਰਟੀ ਨੂੰ ਮਈ, 2022 ਤੱਕ ਡੈਮ ਕਾਰਜਸ਼ੀਲ ਕਰਨ ਲਈ ਕਿਹਾ

Published

on

ਚੰਡੀਗੜ, 10 ਜੂਨ : ਸੂਬੇ ਦੀ ਸਿੰਜਾਈ ਅਤੇ ਵਾਤਾਵਰਨ-ਪੱਖੀ ਬਿਜਲੀ ਉਤਪਾਦਨ ਦੀ ਸਮਰੱਥਾ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਅੱਜ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਅਥਾਰਟੀ ਨੂੰ ਨਿਰਦੇਸ਼ ਦਿੱਤੇ ਕਿ ਮਈ, 2022 ਦੀ ਨਿਰਧਾਰਤ ਸਮਾਂ ਸੀਮਾ ਅਨੁਸਾਰ ਇਸ ਪ੍ਰਾਜੈਕਟ ਨੂੰ ਕਾਰਜਸ਼ੀਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ। ਇਸ ਪ੍ਰਾਜੈਕਟ ਦਾ ਨਿਰਮਾਣ ਰਾਵੀ ਦਰਿਆ ‘ਤੇ ਕੀਤਾ ਜਾ ਰਿਹਾ ਹੈ, ਜਿਸ ਨਾਲ ਦਰਿਆ ਦੇ ਪਾਣੀ ਦਾ ਵਹਾਅ ਪਾਕਿਸਤਾਨ ਨੂੰ ਘੱਟ ਜਾਵੇਗਾ ਅਤੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਉਤੇ ਪੰਜਾਬ ਅਤੇ ਜੰਮੂ-ਕਸ਼ਮੀਰ ਦੋਵੇਂ ਸੂਬਿਆਂ ਨੂੰ ਵੱਡਾ ਲਾਭ ਹੋਵੇਗਾ।
ਸ਼ਾਹਪੁਰਕੰਡੀ ਡੈਮ ਨਿਰਮਾਣ ਬੋਰਡ ਦੀ ਸਟੈਂਡਿੰਗ ਕਮੇਟੀ ਦੀ 11ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਇਹ ਰਾਜ ਦਾ ਇਕ ਵੱਕਾਰੀ ਪ੍ਰਾਜੈਕਟ ਹੈ ਅਤੇ ਇਸ ਦੇ ਚਾਲੂ ਹੋਣ ਨਾਲ ਸਿੰਧ ਜਲ ਸੰਧੀ ਅਨੁਸਾਰ ਦੇਸ਼ ਰਾਵੀ ਦਰਿਆ ਦੀ ਸਮਰੱਥਾ ਨੂੰ ਪੂਰਨ ਰੂਪ ਵਿੱਚ ਵਰਤਣ ਦੇ ਯੋਗ ਹੋ ਜਾਵੇਗਾ।
ਇਸ ਪ੍ਰਾਜੈਕਟ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ 55.50 ਮੀਟਰ ਉੱਚਾ ਡੈਮ, 7.7 ਕਿਲੋਮੀਟਰ ਲੰਬਾ ਹਾਈਡਲ ਚੈਨਲ ਅਤੇ 206 ਮੈਗਾਵਾਟ ਦੀ ਸਮਰੱਥਾ ਵਾਲੇ ਦੋ ਪਾਵਰ ਹਾਊਸ ਸ਼ਾਮਲ ਹਨ। ਇਸ ਪ੍ਰਾਜੈਕਟ ਰਾਹੀਂ ਪੰਜਾਬ ਵਿੱਚ ਤਕਰੀਬਨ 5000 ਹੈਕਟੇਅਰ ਅਤੇ ਜੰਮੂ ਕਸ਼ਮੀਰ ਵਿੱਚ ਤਕਰੀਬਨ 32173 ਹੈਕਟੇਅਰ ਰਕਬੇ ਦੀ ਸਿੰਜਾਈ ਹੋਵੇਗੀ। ਯੂ.ਬੀ.ਡੀ.ਸੀ. ਪ੍ਰਣਾਲੀ ਤਹਿਤ ਇਹ ਪ੍ਰਾਜੈਕਟ 1.18 ਲੱਖ ਹੈਕਟੇਅਰ ਰਕਬੇ ਵਿੱਚ ਸਿੰਜਾਈ ਸਹੂਲਤਾਂ ਪ੍ਰਦਾਨ ਕਰੇਗਾ। ਰਣਜੀਤ ਸਾਗਰ ਡੈਮ ਲਈ ਸ਼ਾਹਪੁਰਕੰਡੀ ਡੈਮ ਸੰਤੁਲਨ ਭੰਡਾਰ ਵਜੋਂ ਕੰਮ ਕਰੇਗਾ ਅਤੇ ਇਸ ਨੂੰ ਪੀਕਿੰਗ ਪਾਵਰ ਸਟੇਸ਼ਨ ਵਜੋਂ ਚਲਾਉਣ ਦੇ ਨਾਲ ਨਾਲ ਮੌਨਸੂਨ ਦੌਰਾਨ ਇਸ ਦੀ ਪੂਰੀ ਸਮਰੱਥਾ ਦੀ ਵਰਤੋਂ ਦੇ ਯੋਗ ਬਣਾਏਗਾ। ਇਹ ਪ੍ਰਾਜੈਕਟ ਮੁਕੰਮਲ ਹੋਣ ਉਤੇ ਸਾਲਾਨਾ 1042 ਮਿਲੀਅਨ ਯੂਨਿਟ ਬਿਜਲੀ ਪੈਦਾ ਕਰੇਗਾ।
ਵਧੀਕ ਮੁੱਖ ਸਕੱਤਰ (ਉਦਯੋਗ ਅਤੇ ਵਣਜ) ਵਿਨੀ ਮਹਾਜਨ ਨੇ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਵਿੱਚ ਹਿੱਸਾ ਲਿਆ। ਇਸ ਦੌਰਾਨ ਵਧੀਕ ਮੁੱਖ ਸਕੱਤਰ (ਪਾਵਰ) ਅਨਿਰੁਧ ਤਿਵਾੜੀ, ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (ਪੀਐਸਪੀਸੀਐਲ) ਏ. ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ (ਜਲ ਸਰੋਤ) ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ (ਵਿੱਤ) ਕੇ.ਏ.ਪੀ. ਸਿਨਹਾ, ਪੰਜਾਬ ਸਰਕਾਰ ਦੇ ਤਕਨੀਕੀ ਸਲਾਹਕਾਰ ਰੌਬਿਨ ਸੰਧੂ, ਚੀਫ ਇੰਜਨੀਅਰ (ਸ਼ਾਹਪੁਰਕੰਡੀ ਡੈਮ ਪ੍ਰਾਜੈਕਟ) ਐਸ ਕੇ ਸਲੂਜਾ, ਚੀਫ ਇੰਜਨੀਅਰ (ਸ਼ਾਹਪੁਰਕੰਡੀ ਡੈਮ ਡਿਜ਼ਾਈਨ) ਆਈ.ਡੀ. ਗੋਇਲ, ਵਿੱਤ ਸਲਾਹਕਾਰ ਅਤੇ ਮੁੱਖ ਲੇਖਾ ਅਧਿਕਾਰੀ (ਸ਼ਾਹਪੁਰਕੰਡੀ ਡੈਮ ਪ੍ਰੋਜੈਕਟ) ਸੁਰਿੰਦਰ ਮੋਹਨ ਹਾਜ਼ਰ ਸਨ।

Continue Reading
Click to comment

Leave a Reply

Your email address will not be published. Required fields are marked *