Connect with us

India

ਪੰਜਾਬ ਦੇ ਮੁੱਖ ਮੰਤਰੀ ਨੇ ਲਾਂਸ ਨਾਇਕ ਸਲੀਮ ਖਾਨ ਦੇ ਪਰਿਵਾਰਕ ਮੈਂਬਰ ਨੂੰ ਐਕਸ ਗ੍ਰੇਸ਼ੀਆ ਤੇ ਨੌਕਰੀ ਦੇਣ ਦਾ ਕੀਤਾ ਐਲਾਨ

Published

on

ਚੰਡੀਗੜ, 27 ਜੂਨ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਲਾਂਸ ਨਾਇਕ ਸਲੀਮ ਖਾਨ ਜਿਸ ਨੇ ਲੱਦਾਖ ਵਿਖੇ ਡਿਊਟੀ ਨਿਭਾਉਂਦਿਆਂ ਆਪਣੀ ਜਾਨ ਦਿੱਤੀ, ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਨੂੰ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ। ਭਾਰਤ-ਚੀਨ ਸਰਹੱਦ ਨੇੜੇ ਸ਼ਿਓਕ ਵਿਖੇ ਆਪਣੀ ਜਾਨ ਦੇਣ ਵਾਲੇ ਪਟਿਆਲਾ ਦੇ 24 ਸਾਲਾਂ ਨੌਜਵਾਨ ਸੈਨਿਕ ਦੇ ਪਰਿਵਾਰ ਨਾਲ ਆਪਣੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਉਹਨਾਂ ਦੇ ਪਰਿਵਾਰ ਦੀ ਹਰ ਸੰਭਵ ਮੱਦਦ ਕਰੇਗੀ ਅਤੇ ਪੂਰਨ ਸਹਿਯੋਗ ਦੇਵੇਗੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ, ”ਲੱਦਾਖ ਵਿੱਚ ਲਾਂਸ ਨਾਇਕ ਸਲੀਮ ਖਾਨ ਦੇ ਦੇਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਉਹ ਪਟਿਆਲਾ ਜ਼ਿਲੇ ਦੇ ਪਿੰਡ ਮਰਦਾਂਹੇੜੀ ਦਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਦੇਸ਼ ਆਪਣੇ ਬਹਾਦਰ ਸੈਨਿਕ ਨੂੰ ਸਲਾਮ ਕਰਦਾ ਹੈ। ਜੈ ਹਿੰਦ।”

ਬੰਗਾਲ ਇੰਜਨੀਅਰ ਗਰੁੱਪ ਦਾ ਲਾਂਸ ਨਾਇਕ ਸਲੀਮ ਖਾਨ 25 ਜੂਨ ਨੂੰ ਲੱਦਾਖ ਖੇਤਰ ਵਿੱਚ ਅਸਲ ਕੰਟਰੋਲ ਰੇਖਾ ‘ਤੇ ਦਰਿਆ ਕੋਲ ਗਸ਼ਤ ਕਰਦਿਆਂ ਲੜਾਈ ਦਾ ਸ਼ਿਕਾਰ ਹੋ ਗਿਆ ਸੀ।
ਸਲੀਮ ਖਾਨ ਦੀ ਮ੍ਰਿਤਕ ਦੇਹ ਨੂੰ ਅੱਜ ਉਸ ਦੇ ਪਿੰਡ ਵਿੱਚ ਪੂਰੇ ਸੈਨਿਕ ਸਨਮਾਨਾਂ ਨਾਲ ਦਫਨਾਇਆ ਗਿਆ ਜਿੱਥੇ ਸੂਬਾ ਸਰਕਾਰ ਵੱਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ਼ਰਧਾਂਜਲੀ ਭੇਂਟ ਕੀਤੀ। ਸੈਨਿਕ ਆਪਣੇ ਪਿੱਛੇ ਮਾਤਾ ਪਿਤਾ, ਵਿਆਹੀ ਭੈਣ ਤੇ ਇਕ ਭਰਾ ਛੱਡ ਗਿਆ ਹੈ।