Punjab
ਸਿੱਖ ਇਤਿਹਾਸ ਬਾਰੇ ਅਣਮੁੱਲੀ ਰਚਨਾ ‘ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ’ ਦਾ ਲੋਕ ਅਰਪਣ
ਵਿਦਵਾਨ ਤੇ ਚਿੰਤਕ ਡਾ: ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਨਵ ਰਚਿਤ ਪੁਸਤਕ ’’ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ’’ ਅੱਜ ਮਿਤੀ 17 ਨਵੰਬਰ ਨੂੰ ਸਵੇਰੇ ਲੋਕ ਅਰਪਣ ਕੀਤੀ ਗਈ ਹੈ।
17 ਨਵੰਬਰ,ਅੰਮ੍ਰਿਤਸਰ : ਕਹਿੰਦੇ ਨੇ ਉਹ ਕੌਮਾਂ ਹਮੇਸ਼ਾ ਲਈ ਖ਼ਤਮ ਹੋ ਜਾਂਦੀਆਂ ਹਨ ਜੋ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ ਅਤੇ ਸਾਡੀ ਕੌਮ ਦਾ ਸਰਮਾਇਆ ਸਾਡੇ ਲੇਖਕ,ਕਵੀ ਅਤੇ ਇਤਿਹਾਸਕਾਰ ਆਪਣੀਆਂ ਲਿਖੀਆਂ ਕਿਤਾਬਾਂ ਕਰਕੇ ਇਤਿਹਾਸ ਨੂੰ ਜਿਉਂਦਾ ਰੱਖਣ ਵਿੱਚ ਸਹਾਈ ਹੁੰਦੇ ਹਨ। ਸਾਡੇ ਸਿੱਖ ਇਤਿਹਾਸ ਬਾਰੇ ਹੁਣੇ-ਹੁਣੇ ਇੱਕ ਕਿਤਾਬ ਰਿਲੀਜ਼ ਹੋਈ “ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ” ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਪੰਥ ਦੇ ਪ੍ਰੌਢ ਵਿਦਵਾਨ ਤੇ ਚਿੰਤਕ ਡਾ: ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਨਵ ਰਚਿਤ ਪੁਸਤਕ ’’ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ’’ ਅੱਜ ਮਿਤੀ 17 ਨਵੰਬਰ ਨੂੰ ਸਵੇਰੇ ਲੋਕ ਅਰਪਣ ਕੀਤੀ ਗਈ ਹੈ। ਅੰਮ੍ਰਿਤਸਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁਸਤਕ ਨੂੰ ਰਿਲੀਜ਼ ਕੀਤਾ ਗਿਆ,ਇਸ ਮੌਕੇ ਸ਼੍ਰੋਮਣੀ ਅਕਾਲੀ ਦੇ ਸੁਖਬੀਰ ਸਿੰਘ ਬਾਦਲ,ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ,ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ,ਮਨਜਿੰਦਰ ਸਿੰਘ ਸਿਰਸਾ,ਅਜੈਬ ਸਿੰਘ ਅਭਿਆਸੀ ਅਤੇ ਬੀਬੀ ਕਿਰਨਜੋਤ ਕੌਰ ਸ਼ਾਮਿਲ ਸਨ।
500 ਪੰਨਿਆਂ ਦੀ ਇਸ ਪੁਸਤਕ ਦੇ ਆਉਣ ਨਾਲ ਸਿੱਖ ਰਹਿਤ ਮਰਯਾਦਾ ਪ੍ਰਤੀ ਜਿਗਿਆਸੂਆਂ ਅਤੇ ਸੰਗਤ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਉਡੀਕ ਖ਼ਤਮ ਹੋਵੇਗੀ। ਇਸ ਪੁਸਤਕ ਵਿਚ ਸਿੱਖ ਰਹਿਤ ਮਰਯਾਦਾ ਕਿੰਨ੍ਹਾ ਪੜਾਵਾਂ ਵਿੱਚੋਂ ਲੰਘਿਆ, ਕਿਵੇਂ ਸਮੂਹਿਕ ਸਿੱਖ ਚੇਤਨਾ ਨੇ ਸੰਵਾਰਿਆ ਅਤੇ ਸ਼ਿੰਗਾਰਿਆ, ਇਸ ਦਾ ਸਿਧਾਂਤਕ ਅਧਾਰ ਕੀ ਹੈ? ਇਨ੍ਹਾਂ ਸਭ ਪ੍ਰਸ਼ਨਾਂ ਦਾ ਜਵਾਬ ਉਚੇਰੇ ਬੌਧਿਕ ਪੱਧਰ ’ਤੇ ਗੰਭੀਰ ਵਿਸ਼ਲੇਸ਼ਣ ਨਾਲ ਪਹਿਲੀ ਵਾਰ ਡਾ: ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਦਿੱਤਾ ਗਿਆ ਹੈ। ਪਾਠਕਾਂ ਜਿਗਿਆਸੂਆਂ ਨੂੰ ਸੰਵਾਦ ਰਚਾਉਣ ਲਈ ਮਰਯਾਦਾ ਦਾ ਪਿਛੋਕੜ, ਫ਼ਲਸਫ਼ਾ ਅਤੇ ਨੈਤਿਕ ਸ਼ਾਸਤਰ ਬਾਰੇ ਗਿਆਤ ਹੋਵੇਗਾ।
ਗੁਰਚਰਨਜੀਤ ਸਿੰਘ ਲਾਂਬਾ ਰਾਹੀਂ ਰਚਿਤ ਇਹ ਵਡ ਆਕਾਰੀ ਪੁਸਤਕ ਸਿੱਖ ਰਹਿਤ ਮਰਯਾਦਾ ਦੀਆਂ ਪ੍ਰਮੁੱਖ ਹਸਤੀਆਂ ਅਕਾਲੀ ਕੌਰ ਸਿੰਘ ਜੀ ਨਿਹੰਗ,ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੂੰ ਸਮਰਪਿਤ ਕੀਤੀ ਗਈ ਹੈ। ਲੇਖਕ ਸੰਤ ਸਿਪਾਹੀ ਮੈਗਜ਼ੀਨ ਦਾ ਸਾਬਕਾ ਸੰਪਾਦਕ ਤੇ ਗੁਰਮਤਿ ਵਿਚਾਰਧਾਰਾ ਦਾ ਧਾਰਨੀ ਹੈ ਸੋ ਇਸ ਪੁਸਤਕ ਤੋਂ ਸਪੱਸ਼ਟ ਹੁੰਦਾ ਹੈ। ਅਜੋਕੇ ਸਮੇਂ ਵਿਚ ਅਜਿਹੀਆਂ ਪੁਸਤਕਾਂ ਲਿਖਣ ਦੀ ਬਹੁਤ ਲੋੜ ਹੈ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨਾਲੋਂ ਟੁੱਟ ਕੇ ਕੁਰਾਹੇ ਪੈ ਰਹੀ ਹੈ, ਸਿੱਖੀ ਤੇ ਗੁਰਮਤਿ ਮਰਯਾਦਾ ਤੋਂ ਬੇਮੁੱਖ ਹੋ ਰਹੀ ਹੈ। ਏਡੀ ਵਡ ਆਕਾਰੀ ਪੁਸਤਕ ਤਿਆਰ ਕਰਨੀ ਤੇ ਹਰ ਵਿਸ਼ੇ ਉਤੇ ਬਹੁਪੱਖੀ ਭਰਪੂਰ ਚਾਨਣਾ ਪਾਉਣਾ, ਸਿੱਖ ਰਹਿਤ ਮਰਿਯਾਦਾ ਨੂੰ ਵਿਸਥਾਰ ਨਾਲ ਪੇਸ਼ ਕਰਨਾ, ਗੁਰਬਾਣੀ ਨੂੰ ਆਧਾਰ ਬਣਾ ਕੇ ਹਰ ਵਿਸ਼ੇ ਦੀ ਪੁਸ਼ਟੀ ਕਰਨੀ ਲੇਖਕ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ।ਇਸ ਪੁਸਤਕ ਰਾਹੀਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਗੁਰਮਤਿ/ਸਿੱਖ ਰਹਿਤ ਮਰਿਯਾਦਾ ਦੀ ਜਾਣਕਾਰੀ ਦੇ ਕੇ ਸਿੱਖੀ ਨਾਲ ਜੋੜਨਾ ਇਕ ਵਿਲੱਖਣ ਢੰਗ ਹੈ। ਇਹ ਪੁਸਤਕ ਸਮੁੱਚੇ ਸਮਾਜ ਲਈ ਮਾਰਗ ਦਰਸ਼ਕ ਹੈ ਤੇ ਸੁਚੱਜੀ ਜੀਵਨ-ਜਾਚ ਜਿਊਣ ਦਾ ਰਾਹ ਦਰਸਾਉਂਦੀ ਹੈ।ਇਸ ਮਹਾਨ ਕਾਰਜ ਲਈ ਲੇਖਕ ਸ਼ਲਾਘਾ ਦਾ ਪਾਤਰ ਹੈ।
Continue Reading