Connect with us

punjab

ਨਸ਼ਾ ਤਸਕਰ ਜੈਪਾਲ ਭੁੱਲਰ ਦਾ ਇੱਕ ਹੋਰ ਕਰੀਬੀ ਸਾਥੀ ਲੁਧਿਆਣਾ ਤੋਂ ਕੀਤਾ ਗ੍ਰਿਫ਼ਤਾਰ

Published

on

Drug smuggler Jaipal Bhullar

ਪੰਜਾਬ ਪੁਲਿਸ ਵੱਲੋਂ ਸੀ.ਆਈ.ਏ. ਦੇ ਸਹਾਇਕ ਸਬ ਇੰਸਪੈਕਟਰਾਂ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੇ ਕਾਤਲ ਦੇ ਮੁੱਖ ਦੋਸ਼ੀ ਨਸ਼ਾ ਸਮੱਗਲਰ ਅਤੇ ਅਪਰਾਧੀ ਜੈਪਾਲ ਭੁੱਲਰ ਦੇ ਇੱਕ ਹੋਰ ਕਰੀਬੀ ਸਾਥੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹਨਾਂ ਏ.ਐਸ.ਆਈਜ਼ ਦੀ ਹੱਤਿਆਂ 15 ਮਈ ਨੂੰ ਜਗਰਾਉਂ ਦੀ ਅਨਾਜ ਮੰਡੀ ਵਿੱਚ ਕੀਤੀ ਗਈ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਲੱਕੀ ਰਾਜਪੂਤ ਉਰਫ਼ ਲੱਕੀ ਵਜੋਂ ਹੋਈ ਹੈ ਜੋ ਕਿ ਲੁਧਿਆਣਾ ਦੇ ਨਿਊ ਪ੍ਰਤਾਪ ਨਗਰ ਦਾ ਨਿਵਾਸੀ ਹੈ ਅਤੇ ਇਸ ਨੇ ਦੋ ਏ.ਐਸ.ਆਈ. ਦੇ ਕਾਤਲਾਂ ਨੂੰ ਸੂਬੇ ਵਿੱਚੋਂ ਫਰਾਰ ਹੋਣ ਵਿੱਚ ਸਹਾਇਤਾ ਕੀਤੀ ਸੀ। ਪੁਲਿਸ ਨੇ ਉਸ ਕੋਲੋਂ ਇਕ .32 ਬੋਰ ਦੀ ਦੇਸੀ ਪਿਸਤੌਲ ਨਾਲ 3 ਜਿੰਦਾ ਕਾਰਤੂਸ, ਦੋ ਪਲਸਰ ਮੋਟਰਸਾਈਕਲ ਅਤੇ ਇਕ ਫਿਏਟ ਪੁੰਟੋ ਕਾਰ ਵੀ ਬਰਾਮਦ ਕੀਤੀ ਹੈ।

ਇਹ ਗ੍ਰਿਫ਼ਤਾਰੀ, ਪੰਜਾਬ ਪੁਲਿਸ ਵੱਲੋਂ ਗਵਾਲੀਅਰ, ਮੱਧ ਪ੍ਰਦੇਸ਼ ਤੋਂ ਜਗਰਾਉਂ ਗੋਲੀਬਾਰੀ ਦੇ ਦੋ ਮੁੱਖ ਮੁਲਜ਼ਮਾਂ, ਜਿਹਨਾਂ ਦੀ ਪਛਾਣ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਉਰਫ ਬੱਬੀ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰਨ ਤੋਂ ਦੋ ਦਿਨ ਬਾਅਦ ਹੋਈ ਹੈ। ਇੰਟੈਲੀਜੈਂਸ ਵਿਭਾਗ ਵੱਲੋਂ ਸੂਹ ਮਿਲਣ ‘ਤੇ ਸੀ.ਪੀ. ਲੁਧਿਆਣਾ ਰਾਕੇਸ਼ ਅਗਰਵਾਲ ਨੇ ਇੱਕ ਪੁਲਿਸ ਟੀਮ ਭੇਜੀ ਗਈ ਜਿਸ ਵੱਲੋਂ ਲੱਕੀ ਨੂੰ ਖਾਨਪੁਰ ਨਹਿਰ ਦੇ ਪੁਲ ਤੋਂ ਗ੍ਰਿਫ਼ਤਾਰ ਕੀਤਾ ਗਿਆ। ਲੱਕੀ ਪਹਿਲਾ ਵੀ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੈ ਅਤੇ ਉਸਨੂੰ 2008 ਵਿੱਚ ਕਤਲ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਇਲਾਵਾ ਉਹ ਡੇਹਲੋਂ ਪੁਲਿਸ ਵੱਲੋਂ ਨਵੰਬਰ 2020 ਦੇ ਇੱਕ ਕਾਰ ਖੋਹਣ ਦੇ ਕੇਸ ਵਿੱਚ ਵੀ ਲੋੜੀਂਦਾ ਸੀ। ਲੱਕੀ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਉਸ ਨੇ ਜੈਪਾਲ ਭੁੱਲਰ, ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਉਰਫ ਬੱਬੀ ਨਾਲ ਮਿਲ ਕੇ ਨਵੰਬਰ 2020 ਵਿਚ ਮਾਲੇਰਕੋਟਲਾ ਰੋਡ (ਲੁਧਿਆਣਾ ਵਿਚ ਡੇਹਲੋਂ ਥਾਣੇ ਅਧੀਨ) ਤੋਂ ਬੰਦੂਕ ਦੀ ਨੋਕ ’ਤੇ ਇੱਕ ਆਈ 10 ਕਾਰ ਖੋਹੀ ਸੀ।

ਲੱਕੀ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਸਜਾ ਦੌਰਾਨ ਦਰਸ਼ਨ ਅਤੇ ਬੱਬੀ ਦੇ ਸੰਪਰਕ ਵਿੱਚ ਆਇਆ ਸੀ ਜਿਹਨਾਂ ਨੇ ਬਾਅਦ ਵਿੱਚ ਉਸ ਨੂੰ ਗੈਂਗਸਟਰ ਤੋਂ ਨਸ਼ਾ ਤਸਕਰ ਬਣੇ ਜੈਪਾਲ ਭੁੱਲਰ ਨਾਲ ਮਿਲਵਾਇਆ ਸੀ। ਉਹਨਾਂ ਅੱਗੇ ਦੱਸਿਆ ਕਿ ਜਦੋਂ ਵੀ ਜੈਪਾਲ ਲੁਧਿਆਣਾ ਤੋਂ ਲੰਘਦਾ ਸੀ ਤਾਂ ਲੱਕੀ ਅਤੇ ਦਰਸ਼ਨ ਉਸ ਨੂੰ ਪੁਲਿਸ ਨਾਕਿਆਂ ਬਾਰੇ ਅਗਾਊਂ ਜਾਣਕਾਰੀ ਦੇਣ ਲਈ ਆਪਣੀ ਫਿਏਟ ਪੁੰਟੋ ਕਾਰ ਵਿਚ ਉਸਦੀ ਗੱਡੀ ਦੀ ਅਗਵਾਈ ਕਰਦੇ ਸਨ। ਪੁਲਿਸ ਵੱਲੋਂ ਇਹ ਕਾਰ ਬਰਾਮਦ ਕਰ ਲਈ ਗਈ ਹੈ। ਲੱਕੀ ਮੁਹਾਲੀ ਨਿਵਾਸੀ ਪ੍ਰਿਤਪਾਲ ਸਿੰਘ ਉਰਫ ਬੌਬੀ ਦੇ ਅਗਵਾ ਮਾਮਲੇ ਵਿੱਚ ਵੀ ਲੋੜੀਂਦਾ ਸੀ। ਲੱਕੀ ਨੇ 12 ਦਸੰਬਰ, 2020 ਨੂੰ ਪ੍ਰਿਤਪਾਲ ਸਿੰਘ ਨੂੰ ਅਗਵਾ ਕੀਤਾ ਸੀ, ਉਸਨੂੰ ਕੁਟਿਆ ਅਤੇ 1.5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਹਾਲਾਂਕਿ, ਉਸਦੀ ਹਾਲਤ ਵਿਗੜਨ ਤੋਂ ਬਾਅਦ ਲੱਕੀ ਅਤੇ ਉਸ ਦੇ ਅਪਰਾਧਿਕ ਸਾਥੀ ਜੈਪਾਲ, ਬੱਬੀ, ਦਰਸ਼ਨ, ਜਸਪ੍ਰੀਤ ਸਿੰਘ ਉਰਫ ਜੱਸੀ ਨੇ 86000 ਰੁਪਏ ਖੋਹਣ ਤੋਂ ਬਾਅਦ ਉਸ ਨੂੰ ਕਾਰ ਸਮੇਤ ਛੱਡ ਦਿੱਤਾ।

ਇੱਕ ਹੋਰ ਕੇਸ ਵਿੱਚ ਲੱਕੀ, ਦਰਸ਼ਨ ਅਤੇ ਗਗਨਦੀਪ ਸਿੰਘ ਉਰਫ ਨੋਨਾ, ਜਸਪ੍ਰੀਤ ਉਰਫ ਜੱਸੀ ਨੇ ਬਨੂੜ ਬੈਂਕ ਕੈਸ਼ ਵੈਨ ਲੁੱਟ-ਖੋਹ ਦੇ ਕੇਸ ਦੇ ਪ੍ਰਮੁੱਖ ਗਵਾਹਾਂ, ਜਿਨ੍ਹਾਂ ਵਿੱਚ ਖਰੜ ਦੇ ਪਿੰਡ ਬੱਤਾ ਦੇ ਸੁਖਵੰਤ ਸਿੰਘ, ਸ਼ਾਹਬਾਦ, ਹਰਿਆਣਾ ਦੇ ਪਿੰਡ ਜ਼ਾਰਾ ਨਿਵਾਸੀ ਸ਼ਮਸ਼ੇਰ ਸਿੰਘ ਅਤੇ ਪਿੰਡ ਖਾਨਪੁਰਾ ਗੰਡੂਆ ਦੇ ਜਤਿੰਦਰ ਸਿੰਘ ਸ਼ਾਮਲ ਸਨ, ਨੂੰ ਜੈਪਾਲ ਅਤੇ ਉਸਦੇ ਸਾਥੀਆਂ ਖਿਲਾਫ ਅਦਾਲਤ ਵਿੱਚ ਗਵਾਹੀ ਦੇਣ ਦੇ ਵਿਰੁੱਧ ਧਮਕੀ ਦਿੱਤੀ ਸੀ।