National
ਨਰਿੰਦਰ ਮੋਦੀ ਨੂੰ ਮਨਜੀਤ ਜੀ.ਕੇ ਨੇ ਸਿੱਖ ਕੁੜੀਆ ਦੇ ਧਰਮ ਤਬਦੀਲੀ ਦੇ ਮਾਮਲੇ ਨੂੰ ਲੈ ਕੇ ਲਿਖੀ ਚਿੱਠੀ
ਜੰਮੂ-ਕਸ਼ਮੀਰ ਵਿਚ ਸਿੱਖ ਕੁੜੀਆਂ ਨੂੰ ਅਗਵਾ ਕਰ ਧਰਮ ਤਬਦੀਲੀ ਕਰਵਾਉਣ ਤੋਂ ਬਾਅਦ ਉਨ੍ਹਾਂ ਦਾ ਨਿਕਾਹ ਪੜ੍ਹਾਇਆ ਗਿਆ। ਇਹ ਮਾਮਲਾ ਹੁਣ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ‘ਜਗ ਆਸਰਾ ਗੁਰੂ ਓਟ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਜੀ. ਕੇ. ਨੇ ਲਿਖਿਆ ਕਿ ਧਾਰਾ-370 ਹੱਟਣ ਮਗਰੋਂ ਜੰਮੂ-ਕਸ਼ਮੀਰ ਦੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਕੇਂਦਰ ਸਰਕਾਰ ਕੋਲ ਆਉਣ ਦੇ ਬਾਵਜੂਦ ਇੱਥੇ ਘੱਟ ਗਿਣਤੀ ’ਚ ਰਹਿੰਦਾ ਸਿੱਖ ਭਾਈਚਾਰਾ ਆਪਣੀ ਸੁਰੱਖਿਆ ਨੂੰ ਲੈ ਕੇ ਬੇਵੱਸ ਨਜ਼ਰ ਆ ਰਿਹਾ ਹੈ। ਦੋ ਸਿੱਖ ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਉਣ ਤੋਂ ਬਾਅਦ ਉਨ੍ਹਾਂ ਦਾ ਨਿਕਾਹ ਪੜ੍ਹਾਇਆ ਗਿਆ। ਕਸ਼ਮੀਰ ਘਾਟੀ ਤੋਂ ਆਏ ਦਿਲ ਨੂੰ ਝੰਜੋੜ ਦੇਣ ਵਾਲੇ ਦੋ ਮਾਮਲਿਆਂ ਨੂੰ ਲੈ ਕੇ ਦੇਸ਼-ਵਿਦੇਸ਼ ਦਾ ਸਿੱਖ ਪਰੇਸ਼ਾਨ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਜੰਮੂ-ਕਸ਼ਮੀਰ ’ਚ ਜੇਹਾਦੀ ਮਾਨਸਿਕਤਾ ਵਾਲੇ ਧਰਮ ਤਬਦੀਲੀ ਖ਼ਿਲਾਫ਼ ਕੋਈ ਠੋਸ ਕਾਨੂੰਨ ਬਨਵਾਉਣ ਦੀ ਪਹਿਲ ਕੀਤੀ ਜਾਵੇ। ਜੇਕਰ ਅੱਜ ਕਸ਼ਮੀਰ, ਪਾਕਿਸਤਾਨ ਨਾਲ ਨਹੀਂ ਜਾ ਸਕਿਆ ਤਾਂ ਉਸ ਦੇ ਪਿੱਛੇ ਘਾਟੀ ’ਚ ਵਸੇ ਸਿੱਖਾਂ ਦਾ ਯੋਗਦਾਨ ਅਹਿਮ ਹੈ। ਜਿਨ੍ਹਾਂ ਨੇ ਆਪਣੇ ਵਤਨ ਨੂੰ ਕਸ਼ਮੀਰੀ ਪੰਡਤਾਂ ਵਾਂਗ ਛੱਡਣ ਦੀ ਬਜਾਏ ਹਾਲਾਤ ਦਾ ਮੁਕਾਬਲਾ ਕਰਨਾ ਬਿਹਤਰ ਸਮਝਿਆ।
ਜੀ. ਕੇ. ਮੁਤਾਬਕ ਸੂਬੇ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਦੇ ਬਾਵਜੂਦ ਸਿੱਖਾਂ ਨੂੰ ਅੱਜ ਤੱਕ ਕਸ਼ਮੀਰੀ ਸ਼ਰਨਾਰਥੀਆਂ ਦੇ ਬਰਾਬਰ ਸਹੂਲਤਾਂ ਨਹੀਂ ਮਿਲੀਆਂ, ਇੰਨਾ ਹੀ ਨਹੀਂ ਜੰਮੂ-ਕਸ਼ਮੀਰ ਦੇ ਬਿਹਤਰ ਭਵਿੱਖ ਦੀ ਕਾਮਨਾ ਲਈ ਪ੍ਰਧਾਨ ਮੰਤਰੀ ਵਲੋਂ ਬੁਲਾਈ ਗਈ ਸਰਵ ਪਾਰਟੀ ਬੈਠਕ ’ਚ ਸਿੱਖਾਂ ਦੇ ਕਿਸੇ ਨੁਮਾਇੰਦੇ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਜਦਕਿ ਜੰਮੂ-ਕਸ਼ਮੀਰ ਵਿਚ ਸਿੱਖਾਂ ਦੀ ਕੁੱਲ ਆਬਾਦੀ 5 ਲੱਖ ਦੇ ਕਰੀਬ ਹੈ, ਜਿਸ ’ਚ ਕਸ਼ਮੀਰ ਘਾਟੀ ’ਚ 3200 ਸਿੱਖ ਰਹਿੰਦੇ ਹਨ। ਦੇਸ਼ ਦੀ ਵੰਡ ਦੌਰਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਭਾਰਤ ਭੇਜੇ ਗਏ ਸਿੱਖਾਂ ਕੋਲ ਅੱਜ ਵੀ ਰਹਿਣ ਲਈ ਪੂਰਨ ਤੌਰ ’ਤੇ ਜ਼ਮੀਨ, ਮਕਾਨ ਅਤੇ ਨੌਕਰੀਆਂ ਨਹੀਂ ਹਨ। ਪਿਛਲੇ 73 ਸਾਲਾਂ ਤੋਂ ਸਰਕਾਰ ਨੇ ਇਨ੍ਹਾਂ ਸਿੱਖਾਂ ਦੀ ਹਾਲਤ ਨੂੰ ਸੁਧਾਰਨਾ ਜ਼ਰੂਰੀ ਨਹੀਂ ਸਮਝਿਆ।