punjab
ਜੂਨ ਦੇ ਆਖਰੀ ਹਫਤੇ ਗਰਮੀ ਦਿਖਾ ਰਹੀ ਆਪਣਾ ਪ੍ਰਚੰਡ ਰੂਪ

ਗਰਮੀ ਦਾ ਕਹਿਰ ਸਾਰੇ ਪਾਸੇ ਬੁਰੀ ਤਰ੍ਹਾ ਫੈਲੀਆਂ ਹੋਇਆ ਹੈ। ਪੰਜਾਬ ‘ਚ ਗਰਮੀ ਆਪਣਾ ਪ੍ਰਚੰਡ ਰੂਪ ਧਾਰਨ ਕਰ ਰਹੀ ਹੈ। ਜੂਨ ਦੇ ਆਖਰੀ ਹਫ਼ਤੇ ਗਰਮੀ ਪ੍ਰਚੰਡ ਰੂਪ ਦਿਖਾ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਾਰਾ 43 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਗਿਆ ਹੈ। ਤਪਸ਼ ਤੇ ਹੁੰਮਸ ਵਧਣ ਨਾਲ ਲੋਕ ਪਸੀਨੇ ਨਾਲ ਤਰਬਤਰ ਹਨ। ਪੱਖੇ, ਕੂਲਰ ਤਾਂ ਛੱਡੋ, ਏਸੀ ਦੀ ਹਵਾ ਨਾਲ ਵੀ ਲੋਕਾਂ ਦੀ ਬੇਚੈਨੀ ਘੱਟ ਨਹੀਂ ਰਹੀ। ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਗਰਮੀ ਸਿਖਰ ‘ਤੇ ਹੈ। ਇੰਡੀਆ ਮੈਟ੍ਰੋਲਾਜੀਕਲ ਡਿਪਾਰਟਮੈਂਟ ਚੰਡੀਗੜ੍ਹ ਅਨੁਸਾਰ ਅੱਜ ਤੇਜ਼ ਧੁੱਪ ਰਹੇਗੀ। ਪਰ ਕੱਲ੍ਹ ਤੋਂ ਯਾਨੀ 2 ਜੁਲਾਈ ਤੋਂ ਮੌਸਮ ਬਦਲੇਗਾ। ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੌਨਸੂਨ ਰੱਜ ਕੇ ਵਰ੍ਹੇਗਾ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ 1 ਜੁਲਾਈ ਦੀ ਸ਼ਾਮ ਤੋਂ ਪੰਜਾਬ ਨੂੰ ਬੱਦਲ ਆਪਣੀ ਬੁੱਕਲ ‘ਚ ਲੈ ਲੈਣਗੇ। ਉਸ ਤੋਂ ਬਾਅਦ ਅਗਲੇ ਦਿਨ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਜਿਵੇਂ ਅੰਮ੍ਰਿਤਸਰ, ਪਟਿਆਲਾ, ਆਨੰਦਪੁਰ ਸਾਹਿਬ, ਚੰਡੀਗੜ੍ਹ ਤੇ ਬਠਿੰਡਾ ‘ਚ ਬਾਰਸ਼ ਦੀ ਸੰਭਾਵਨਾ ਹੈ। ਕਈ ਜ਼ਿਲ੍ਹਿਆਂ ‘ਚ ਗਰਜ ਦੇ ਨਾਲ ਛਿੱਟਾਂ ਪੈ ਸਕਦੀਆਂ ਹਨ, ਜਦਕਿ ਕੁਝ ਜ਼ਿਲ੍ਹਿਆਂ ‘ਚ ਸਿਰਫ਼ ਬੱਦਲ ਛਾਏ ਰਹਿ ਸਕਦੇ ਹਨ। ਉੱਥੇ ਹੀ 3 ਜੁਲਾਈ ਨੂੰ ਵੀ ਮੌਸਮ ਦਾ ਮਿਜ਼ਾਜ ਅਜਿਹਾ ਹੀ ਰਹੇਗਾ। 4 ਜੁਲਾਈ ਨੂੰ ਬੱਦਲ ਛਾਏ ਰਹਿਣਗੇ। ਵਿਭਾਗ ਦੇ ਅਨੁਮਾਨ ਮੁਤਾਬਕ ਬੱਦਲਾਂ ਤੇ ਬਾਰਸ਼ ਦੀ ਵਜ੍ਹਾ ਨਾਲ ਤਾਪਮਾਨ ‘ਚ ਗਿਰਾਵਟ ਆਵੇਗੀ।
ਮਾਹਿਰਾਂ ਦਾ ਮੰਨਣਾ ਹੈ ਕਿ ਲੂ ਸਿਹਤ ਵਿਗਾੜ ਸਕਦੀ ਹੈ। ਤੇਜ਼ ਧੁੱਪ ‘ਚ ਜ਼ਿਆਦਾ ਦੇਰ ਤਕ ਰਹਿਣ ਨਾਲ ਡੀਹਾਈਡ੍ਰੇਸ਼ਨ ਹੋ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਤੇਜ਼ ਧੁੱਪ ‘ਚ ਹੀਟ ਸਟ੍ਰੋਕ ਦਾ ਖ਼ਤਰਾ ਵੀ ਹੋ ਸਕਦਾ ਹੈ। ਅਜਿਹੇ ਵਿਚ ਲੋਕ ਸਵੇਰੇ 11 ਤੋਂ ਸ਼ਾਮ ਚਾਰ ਵਜੇ ਤਕ ਧੁੱਪ ਤੋਂ ਬਚਾਅ ਕਰਨ। ਤਰਲ ਪਦਾਰਥਾਂ ਦਾ ਸੇਵਨ ਜ਼ਿਆਦਾ ਕਰਨ। ਤਰਲ ਪਦਾਰਥਾਂ ‘ਚ ਨਾਰੀਅਲ ਪਾਣੀ, ਨਿੰਬੂ ਪਾਣੀ, ਲੱਸੀ ਫਲ਼ਾਂ ਦਾ ਜੂਸ ਲੈ ਸਕਦੇ ਹੋ। ਇਸ ਨਾਲ ਸ਼ਹਿਰ ‘ਚ ਐਨਰਜੀ ਬਣੀ ਰਹਿੰਦੀ ਹੈ। ਇਸ ਮੌਸਮ ‘ਚ ਲੋਕਾਂ ਨੂੰ ਘਰੋਂ ਬਾਹਰ ਘੱਟ ਨਿਕਲਣਾ ਚਾਹੀਦਾ ਹੈ।