News
ਅਕਾਲੀ ਦਲ ਦੇ ਵਿਧਾਇਕ ਦਲ ਨੇ ਰਾਣਾ ਕੇ.ਪੀ. ਸਿੰਘ ਨੂੰ ਕੀਤੀ ਅਪੀਲ
ਚੰਡੀਗੜ੍ਹ 04 ਮਾਰਚ: ਪੰਜਾਬ ਵਿਧਾਨ ਸਭਾ ਦੇ ਨੌਵੇਂ ਦਿਨ ਵੀ ਆਕਲੈ ਦਲ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਨੇ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਅਪੀਲ ਕੀਤੀ ਹੈ। ਕਿ ਉਹ ਉਹਨਾਂ ਪੁਲਿਸ ਕਰਮੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਜਿਹਨਾਂ ਨੇ ਅਕਾਲੀ-ਭਾਜਪਾ ਵਿਧਾਇਕਾਂ ਦੇ ਦਫ਼ਤਰਾਂ ਦੀ ਘੇਰਾਬੰਦੀ ਕਰਕੇ ਉਹਨਾਂ ਦੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਕੀਤੀ ਹੈ। ਵਿਧਾਇਕ ਦਲ ਨੇ ਕਿਹਾ, ਕਿ ਪੁਲਿਸ ਨੇ ਇਹ ਕਾਰਵਾਈ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਕੇਸ ਦੇ ਮੁੱਖ ਗਵਾਹ ਦੀ ਪਤਨੀ ਅਤੇ ਬੇਟੇ ਨੂੰ ਵਿਧਾਇਕਾਂ ਕੋਲ ਆਪਣੇ ਦੁੱਖੜੇ ਬਿਆਨ ਕਰਨ ਤੋਂ ਰੋਕਣ ਲਈ ਕੀਤੀ ਸੀ।
ਇਸ ਸੰਬੰਧੀ ਸਪੀਕਰ ਨੂੰ ਮਿਲਦਿਆਂ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਵਾਲੇ ਅਕਾਲੀ ਵਿਧਾਇਕ ਦਲ ਨੇ ਦੱਸਿਆ ਕਿ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਪਤਨੀ ਜਸਬੀਰ ਕੌਰ ਅਤੇ ਬੇਟੇ ਲਖਵਿੰਦਰ ਸਿੰਘ ਨੇ ਅਕਾਲੀ-ਭਾਜਪਾ ਵਿਧਾਇਕਾਂ ਕੋਲ ਪਹੁੰਚ ਕੀਤੀ ਸੀ, ਕਿਉਂਕਿ ਉਹ ਸਵਰਗੀ ਸੁਰਜੀਤ ਸਿੰਘ ਦੀ ਮੌਤ ਦਾ ਇਨਸਾਫ ਲੈਣ ਲਈ ਉਹਨਾਂ ਨੂੰ ਆ ਰਹੀ ਮੁਸ਼ਕਿਲਾਂ ਬਾਰੇ ਦੱਸਣਾ ਚਾਹੁੰਦੇ ਸਨ। ਉਹਨਾਂ ਦੱਸਿਆ ਕਿ ਜਦੋਂ ਮਾਂ ਅਤੇ ਪੁੱਤਰ ਅਕਾਲੀ-ਭਾਜਪਾ ਮੈਂਬਰਾਂ ਕੋਲ ਬੈਠੇ ਸਨ ਤਾਂ ਪੀੜਤ ਪਰਿਵਾਰ ਨੂੰ ਅਗਵਾ ਕਰਨ ਦੇ ਮੰਤਵ ਨਾਲ 30-40 ਪੁਲਿਸ ਕਰਮੀਆਂ ਨੇ ਅਕਾਲੀ-ਭਾਜਪਾ ਦੇ ਦਫਤਰਾਂ ਦੀ ਘੇਰਾਬੰਦੀ ਕਰ ਲਈ ਸੀ। ਵਫ਼ਦ ਨੇ ਦੱਸਿਆ ਕਿ ਪੁਲਿਸ ਕਰਮੀ ਮਾਂ-ਪੁੱਤ ਨੂੰ ਆਪਣੀ ਦੁੱਖ ਭਰੀ ਗਾਥਾ ਮੀਡੀਆ ਕੋਲ ਦੱਸਣ ਤੋਂ ਰੋਕਣਾ ਚਾਹੁੰਦੇ ਸਨ।