Connect with us

Punjab

ਡਿਜੀਟਲੀ ਨਾਗਰਿਕ ਸੇਵਾਵਾਂ ਇੱਕੋ ਛੱਤ ਹੇਠਾਂ ਮਿਲਣ ਨਾਲ ਲੋਕਾਂ ਨੂੰ ਹੋਇਆ ਲਾਭ

Published

on

ਪਟਿਆਲਾ : ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਲੋਕਾਂ ਨੂੰ ਇੱਕੋ ਛੱਤ ਥੱਲੇ ਸਰਕਾਰੀ ਸੇਵਾਵਾਂ ਡਿਜੀਟਲੀ ਤਰੀਕੇ ਨਾਲ ਮੁਹੱਈਆ ਕਰਵਾਉਣ ਲਈ ਪਟਿਆਲਾ ਜ਼ਿਲ੍ਹੇ ‘ਚ 41 ਸੇਵਾ ਕੇਂਦਰ ਸਥਾਪਤ ਕੀਤੇ ਗਏ ਹਨ, ਜਿਥੇ 332 ਜੀ ਟੂ ਸੀ (ਗੌਰਮਿੰਟ ਟੂ ਸਿਟੀਜ਼ਨ) ਸੇਵਾਵਾਂ ਅਤੇ 10 ਬੀ ਟੂ ਸੀ (ਬਿਜ਼ਨਸ ਟੂ ਸਿਟੀਜ਼ਨ) ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਸੇਵਾ ਕੇਂਦਰਾਂ ‘ਚ ਮਿਲਣ ਵਾਲੀਆਂ ਵੱਖ ਵੱਖ ਸੇਵਾਵਾਂ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਜੀ ਟੂ ਸੀ (ਗੌਰਮਿੰਟ ਟੂ ਸਿਟੀਜ਼ਨ) ਸੇਵਾਵਾਂ ‘ਚ 332 ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਸੇਵਾ ਕੇਂਦਰਾਂ ‘ਚ ਉਪਲਬਧ ਹਨ ਤੇ ਬੀ ਟੂ ਸੀ (ਬਿਜ਼ਨਸ ਟੂ ਸਿਟੀਜ਼ਨ) ਤਹਿਤ 10 ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਜ਼ਿਲ੍ਹਾ ਈ. ਗਵਰਨੈਂਸ ਕੋਆਰਡੀਨੇਟਰ ਰੋਬਿਨ ਸਿੰਘ ਦੱਸਿਆ ਕਿ ਬੀ ਟੂ ਸੀ (ਬਿਜ਼ਨਸ ਟੂ ਸਿਟੀਜ਼ਨ) ਸਰਵਿਸ ਤਹਿਤ ਸੇਵਾ ਕੇਂਦਰ ‘ਚ ਆਉਣ ਵਾਲੇ ਲਾਭਪਾਤਰੀਆਂ ਨੂੰ ਫਾਰਮ ਖਰੀਦਣ, ਫਾਰਮ ਭਰਨ, ਫਾਈਲ ਤਿਆਰ ਕਰਨ, ਫੋਟੋ ਕਾਪੀ, ਲੈਮੀਨੇਸ਼ਨ, ਰੰਗੀਨ ਪ੍ਰਿੰਟ ਆਊਟ, ਪੈਨ ਕਾਰਡ, ਟੈਨ ਕਾਰਡ, ਜੀ.ਐਸ.ਟੀ ਰਜਿਸਟਰੇਸ਼ਨ ਅਤੇ ਡੋਰ ਸਟੈਪ

ਡਿਲੀਵਰੀ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਹੂਲਤ ਡਾ. ਆਈ.ਟੀ ਕੰਪਨੀ ਵੱਲੋਂ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਰੇਟਾਂ ‘ਤੇ ਦਿੱਤੀ ਜਾਂਦੀ ਹੈ ਤਾਂ ਜੋ ਸੇਵਾ ਕੇਂਦਰ ‘ਚ ਆਉਣ ਵਾਲੇ ਵਿਅਕਤੀ ਨੂੰ ਇੱਕੋ ਛੱਤ ਥੱਲੇ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਸਕਣ ਅਤੇ ਉਨ੍ਹਾਂ ਦੇ ਸਮੇਂ ਤੇ ਪੈਸੇ ਦੀ ਬੱਚਤ ਹੋ ਸਕੇ।

ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ‘ਚ ਜੀ ਟੂ ਸੀ (ਗੌਰਮਿੰਟ ਟੂ ਸਿਟੀਜ਼ਨ) ਸਰਵਿਸ ਤਹਿਤ ਜ਼ਿਲ੍ਹੇ ਦੇ 41 ਸੇਵਾ ਕੇਂਦਰਾਂ ਰਾਹੀ 56 ਹਜ਼ਾਰ 214 ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ, ਜਿਸ ਤਹਿਤ ਮੁੱਖ ਤੌਰ ‘ਤੇ ਆਧਾਰ ਕਾਰਡ, ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਅਸਲਾ ਲਾਇਸੈਂਸ, ਜਨਮ/ਮੌਤ ਦੇ ਸਰਟੀਫਿਕੇਟ ਅਤੇ ਵਿਆਹ ਦੀ ਰਜਿਸਟਰੇਸ਼ਨ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਡਿਜੀਟਲ ਯੁੱਗ ‘ਚ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਇੱਕੋ ਸਥਾਨ ‘ਤੇ ਉਪਲਬਧ ਕਰਵਾਉਣ ਲਈ ਸੇਵਾ ਕੇਂਦਰ ਬਣਾਏ ਗਏ ਹਨ, ਜਿਥੇ ਬਿਨ੍ਹਾਂ ਕਿਸੇ ਹੋਰ ਵਿਭਾਗ ‘ਚ ਗਏ ਸੇਵਾ ਕੇਂਦਰ ‘ਚ ਫਾਰਮ ਜਮ੍ਹਾਂ ਕਰਵਾਉਣ ਤੋਂ ਬਾਅਦ ਨਿਰਧਾਰਤ ਸਮੇਂ ‘ਤੇ ਸੇਵਾ ਪ੍ਰਾਪਤ ਹੋ ਜਾਂਦੀ ਹੈ, ਜਿਸ ਸਦਕਾ ਲਾਭਪਾਤਰੀ ਨੂੰ ਬਿਨ੍ਹਾਂ ਕਿਸੇ ਦਿੱਕਤ ਦੇ ਇੱਕੋ ਸਥਾਨ ਤੋਂ ਸੇਵਾਵਾਂ ਮਿਲ ਜਾਂਦੀਆਂ ਹਨ।