Governance
‘ਆਪ’ ਪਾਰਟੀ ਰਾਘਵ ਚੱਢਾ ਵੱਲੋਂ ਨਵਜੋਤ ਸਿੱਧੂ ਨੂੰ ਮੁਬਾਰਕਬਾਦ ਦੇ ਨਾਲ ਦਿੱਤੀਆਂ ਨਸੀਹਤਾਂ
ਆਪ ਪਾਰਟੀ ਵੱਲੋਂ ਰਾਘਵ ਚੱਢਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਕਾਂਗਰਸ ਦੇ 2017 ਦੇ ਅਧੂਰੇ ਪਏ ਸਾਰੇ ਚੋਣ ਵਾਅਦੇ ਤੁਰੰਤ ਪੂਰੇ ਕਰਨ ਦੀ ਮੰਗ ਕੀਤੀ ਹੈ। ਚਿੱਠੀ ਦੇ ਨਾਲ ਕਾਂਗਰਸ ਦਾ 129 ਪੰਨਿਆਂ ਦਾ ਚੋਣ ਮੈਨੀਫੈਸਟੋ ਨੱਥੀ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਨੇ ਇਸ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਤੋਂ ਹਟਾ ਦਿੱਤਾ ਹੈ। ‘ਆਪ’ ਆਗੂ ਨੇ ਨਵਜੋਤ ਸਿੰਘ ਸਿੱਧੂ ਨੂੰ ਮੁਬਾਰਕਬਾਦ ਦੇ ਨਾਲ-ਨਾਲ ਨਸੀਹਤਾਂ ਵੀ ਦਿੱਤੀਆਂ ਹਨ। ਰਾਘਵ ਚੱਢਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੁਣ ਵਿਰੋਧੀ ਧਿਰ ਦੇ ਨੇਤਾ ਵਾਂਗ ਵਿਚਰਨਾ ਬੰਦ ਕਰਨ ਕਿਉਂਕਿ ਉਹ ਸੱਤਾਧਾਰੀ ਕਾਂਗਰਸ ਦਾ ਕੇਵਲ ਹਿੱਸਾ ਹੀ ਨਹੀਂ, ਸਗੋਂ ਪ੍ਰਧਾਨ ਵੀ ਹਨ ਅਤੇ ਸੂਬਾ ਸਰਕਾਰ ਉਨ੍ਹਾਂ ਦੇ ਅਧੀਨ ਹੈ।
ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੋਣ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਸਿੱਧੂ ਨੂੰ ਸਾਰੇ ਵਾਅਦੇ ਆਉਂਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਪੂਰੇ ਕਰਨੇ ਪੈਣਗੇ ਕਿਉਂਕਿ ਸਾਢੇ ਚਾਰ ਸਾਲਾਂ ’ਚ ਕਾਂਗਰਸ ਚੋਣ ਮੈਨੀਫੈਸਟੋ ਦਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਰਾਘਵ ਚੱਢਾ ਨੇ ਕਿਹਾ ਕਿ ਸਿੱਧੂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਕਿ ਅਗਲੀ ਸਰਕਾਰ ਕਾਂਗਰਸ ਦੀ ਬਣਾਓ, ਸਾਰੇ ਵਾਅਦੇ ਪੂਰੇ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਢੇ ਚਾਰ ਸਾਲਾਂ ਦੌਰਾਨ ਨਾ ਬੇਅਦਬੀ ਦਾ ਇਨਸਾਫ਼ ਮਿਲਿਆ, ਨਾ ਮਾਫ਼ੀਆ ਰਾਜ ਖ਼ਤਮ ਹੋਇਆ ਤੇ ਨਾ ਹੀ ਮੁਲਾਜ਼ਮਾਂ ਦੇ ਮਸਲੇ ਹੱਲ ਹੋਏ ਅਤੇ ਇਹ ਗੱਲਾਂ ਨਵਜੋਤ ਸਿੱਧੂ ਵੀ ਆਖਦੇ ਹਨ। ‘ਆਪ’ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਆਮ ਆਦਮੀ ਪਾਰਟੀ ਸੱਤਾਧਾਰੀ ਕਾਂਗਰਸੀਆਂ ਦੇ ਇਸ ਝੂਠ ਦਾ ਅਗਲੇ ਹਫ਼ਤੇ ਤੱਥਾਂ ਅਤੇ ਦਸਤਾਵੇਜ਼ਾਂ ਨਾਲ ਪਰਦਾਫ਼ਾਸ਼ ਕਰੇਗੀ।