Governance
ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਅੱਜ ਸਿੰਘੂ ਕੁੰਡਲੀ ਦਿੱਲੀ ਬਾਰਡਰ ਵਿਖੇ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨੂਰ, ਗੁਰਮੁੱਖ ਸਿੰਘ ਖਾਨ ਮਲੱਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹੋਰ ਮੁੱਦਿਆਂ ਤੋਂ ਇਲਾਵਾ ਜੰਮੂ ਕੱਟੜਾ ਐਕਸਪ੍ਰੈਸ ਵੇਅ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਦਾ ਉਜਾੜਾ ਕਰਦਾ ਹੈ, ਉਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਪੰਜਾਬ ਇੱਕ ਛੋਟਾ ਜਿਹਾ ਸਰਹੱਦੀ ਸੂਬਾ ਹੈ। ਇਥੋਂ ਦੀ ਉਪਜਾਊ ਜ਼ਮੀਨ ਸਾਰੇ ਦੇਸ਼ ਦਾ ਢਿੱਡ ਭਰਦੀ ਹੈ। ਹੁਣ ਕਾਰਪੋਰੇਟਾਂ ਦੇ ਦਬਾਅ ਹੇਠ ਵਿਕਾਸ ਦੇ ਨਾਮ ਉਤੇ ਵੱਡੇ ਵੱਡੇ ਪੁੱਲਾਂ ਅਤੇ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਕੋਲੋਂ ਸਸਤੇ ਭਾਅ ਉਤੇ ਜ਼ਮੀਨਾਂ ਜਬਰੀ ਇਕਵਾਇਰ ਕੀਤੀ ਜਾ ਰਹੀਆਂ ਹਨ।
ਇਸ ਨਾਲ ਕਿਸਾਨਾਂ ਨੂੰ ਭੋਰਾ ਵੀ ਫਾਇਦਾ ਨਹੀਂ ਹੋਵੇਗਾ, ਪਰ ਆਪਣਾ ਪਰਿਵਾਰ ਪਾਲਣ ਲਈ ਜ਼ਮੀਨ ਉਨ੍ਹਾਂ ਤੋਂ ਖੁੱਸ ਰਹੀ ਹੈ। ਅੰਮ੍ਰਿਤਸਰ ਜੰਮੂ ਕੱਟੜਾ ਐਕਸਪਰੈੱਸ ਸੜਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਾੜੀ ਟਾਂਡਾ ਤੋਂ ਸ਼ੁਰੂ ਹੋ ਕੇ ਪਿੰਡ ਬੱਲੜਵਾਲ, ਮਾੜੀ ਬੁੱਚੀਆਂ, ਸਮਸਾ, ਪੇਜੋਚੱਕ, ਕਿਸ਼ਨਕੋਟ , ਚੀਮਾ ਖੁੱਡੀ , ਸ਼ਕਾਲਾ , ਭਰਥ , ਨੰਗਲ ਝਾਵਰ , ਭਾਮ , ਤੁਗਲਵਾਲ , ਕਾਲਾ ਬਾਲਾ , ਕੋਟ ਟੋਡਰ ਮੱਲ , ਕੋਟ ਧੰਦਲ , ਵੜੈਚ , ਕੋਟ ਯੋਗਰਾਜ , ਹਾਰਨੀਆਂ, ਤਿੱਬੜ ਆਦਿ ਪਿੰਡਾਂ ਨੂੰ ਪ੍ਰਭਾਵਿਤ ਕਰਕੇ ਦੀਨਾ ਨਗਰ ਬਾਈਪਾਸ ਉਤੇ ਮਿਲਦੀ ਹੈ। ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਜ਼ਮੀਨਾਂ ਦਾ ਉਜਾੜਾ ਕਰਕੇ ਸੜਕ ਦਾ ਨਿਰਮਾਣ ਕਰਨਾ ਹੈ ਤਾਂ ਫਿਰ ਸੈਕਸ਼ਨ 26 ਦਾ ਐਵਾਰਡ ਕਰਕੇ ਸੈਕਸ਼ਨ 28 ਦੇ ਅਨੁਸਾਰ ਕਿਸਾਨਾਂ ਨੂੰ ਜ਼ਮੀਨ ਦਾ ਮਾਰਕੀਟ ਰੇਟ ਦੇ ਨਾਲ ਚਾਰ ਗੁਣਾ ਉਜਾੜਾ ਭੱਤਾ ਦਿੱਤਾ ਜਾਵੇ।
ਇਸ ਦੇ ਨਾਲ ਸਰਵਿਸ ਲੇਨ ਅਤੇ ਪੁਲਾਂ ਹੇਠੋਂ ਜ਼ਮੀਨਾਂ ਨੂੰ ਸਿੱਧੇ ਰਸਤੇ ਦਿੱਤੇ ਜਾਣ। ਕਿਸਾਨਾਂ ਨੂੰ ਸਾਂਝੇ ਖਾਤੇ ਦੀ ਥਾਂ ਕਬਜ਼ੇ ਦੇ ਅਧਾਰ ਉਤੇ ਪੈਸੇ ਦਿੱਤੇ ਜਾਣ। ਜੇਕਰ ਜ਼ਮੀਨਾਂ ਦੇ ਦੋ ਭਾਗ ਹੁੰਦੇ ਹਨ ਤਾਂ ਪਾਰਲੀ ਜ਼ਮੀਨ ਨੂੰ ਕਨੈਕਸ਼ਨ ਸਿੰਚਾਈ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ। ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਆਉਂਦੀਆਂ ਹਨ, ਉਨ੍ਹਾਂ ਦੇ ਬੱਚਿਆਂ ਨੂੰ ਪਹਿਲ ਦੇ ਅਧਾਰ ਉਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ। ਜੇਕਰ ਸਰਕਾਰ ਨੇ ਜਬਰੀ ਸੜਕ ਦਾ ਨਿਰਮਾਣ ਕਰਨਾ ਚਾਹਿਆ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਸ ਤੇ ਤਿੱਖਾ ਸੰਘਰਸ਼ ਵਿੱਢੇਗੀ। ਇਸ ਮੌਕੇ ਅਨੋਖ ਸਿੰਘ ਸੁਲਤਾਨੀ , ਰਣਬੀਰ ਸਿੰਘ ਡੁੱਗਰੀ , ਭਜਨ ਸਿੰਘ , ਝਿਰਮਿਲ ਸਿੰਘ , ਹਰਦੀਪ ਸਿੰਘ , ਪਲਵਿੰਦਰ ਸਿੰਘ , ਪਰਮਜੀਤ ਸਿੰਘ , ਬੀਬੀ ਜਸਵਿੰਦਰ ਕੌਰ ਚੱਗਰ , ਮੀਰ ਅਲੀ , ਅਜੈਬ ਸਿੰਘ ਆਦਿ ਆਗੂ ਹਾਜ਼ਰ ਸਨ।