Connect with us

News

ਐਸ.ਸੀ. ਕਮਿਸ਼ਨ ਦੇ ਦਖ਼ਲ ਤੋਂ ਬਾਅਦ ਪੁੱਡਾ ਦੇ ਨਿਗਰਾਨ ਇੰਜਨੀਅਰ ਨੂੰ ਮੁੱਖ ਇੰਜਨੀਅਰ ਵਜੋਂ ਮਿਲੀ ਤਰੱਕੀ

Published

on

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਮਗਰੋਂ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਵੱਲੋਂ ਨਿਗਰਾਨ ਇੰਜਨੀਅਰ ਨੂੰ ਪਿਛਲੀ ਮਿਤੀ 4 ਮਈ 2019 ਤੋਂ ਬਤੌਰ ਮੁੱਖ ਇੰਜਨੀਅਰ ਵਜੋਂ ਤਰੱਕੀ ਦਿੱਤੀ ਗਈ।

ਇਸ ਸਬੰਧ ਵਿੱਚ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਨੇ ਦੱਸਿਆ ਕਿ ਸ੍ਰੀ ਬਲਵਿੰਦਰ ਸਿੰਘ, ਜੋ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ, ਲੁਧਿਆਣਾ ਵਿੱਚ ਬਤੌਰ ਨਿਗਰਾਨ ਇੰਜਨੀਅਰ (ਸਿਵਲ), ਮਿਤੀ 3 ਜੁਲਾਈ 2015 ਤੋਂ ਕੰਮ ਕਰ ਰਿਹਾ ਸੀ। ਵਿਭਾਗ ਵਿੱਚ ਮੁੱਖ ਇੰਜਨੀਅਰ ਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਇਕ ਆਸਾਮੀ ਖ਼ਾਲੀ ਹੋਣ ਅਤੇ ਇਸ ਆਸਾਮੀ ਲਈ ਸਾਰੀਆਂ ਯੋਗਤਾਵਾਂ ਪੂਰੀਆਂ ਹੋਣ ਦੇ ਬਾਵਜੂਦ ਸਿਰਫ਼ ਸਾਲ 2018-19 ਦੀਆਂ ਗੁਪਤ ਰਿਪੋਰਟਾਂ ਸਮੇਂ ਸਿਰ ਪ੍ਰਾਪਤ ਨਾ ਹੋਣ ਕਾਰਨ ਸ਼ਿਕਾਇਤਕਰਤਾ ਨੂੰ ਮੁੱਖ ਇੰਜਨੀਅਰ ਦੀ ਤਰੱਕੀ ਤੋਂ ਵਾਂਝਾ ਰੱਖਿਆ ਗਿਆ।

ਇਸ ਸਬੰਧ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਇਸ ਮਾਮਲੇ ਦੀ ਪੜਤਾਲ ਮਗਰੋਂ ਮੁੱਖ ਪ੍ਰਸ਼ਾਸਕ, ਪੁੱਡਾ ਤੋਂ ਰਿਪੋਰਟ ਮੰਗੀ ਗਈ ਸੀ। ਪੁੱਡਾ ਵੱਲੋਂ ਪੇਸ਼ ਰਿਪੋਰਟ ਉਤੇ ਸ਼ਿਕਾਇਤਕਰਤਾ ਨੇ ਦੱਸਿਆ ਕਿ ਵਿਭਾਗ ਵੱਲੋਂ ਝੂਠੇ ਤੱਥ ਪੇਸ਼ ਕਰਕੇ ਉਸ ਦੀ ਤਰੱਕੀ ਵਿੱਚ ਰੁਕਾਵਟ ਪੈਦਾ ਕੀਤੀ ਜਾ ਰਹੀ ਹੈ। ਇਸ ਉਤੇ ਕਮਿਸ਼ਨ ਨੇ ਮੁੜ ਪੁੱਡਾ ਤੋਂ ਜਵਾਬ ਤਲਬ ਕੀਤਾ, ਜਿਸ ਉਤੇ ਮੁੱਖ ਪ੍ਰਸ਼ਾਸਕ ਪੁੱਡਾ ਨੇ ਕਮਿਸ਼ਨ ਨੂੰ ਦੱਸਿਆ ਕਿ ਇਸ ਅਧਿਕਾਰੀ ਦੀ ਤਰੱਕੀ ਕਰਨੀ ਨਹੀਂ ਬਣਦੀ।

ਸ਼ਿਕਾਇਤਕਰਤਾ ਵੱਲੋਂ ਜੋ ਕਾਰਨ ਦੱਸੇ ਗਏ ਉਨ੍ਹਾਂ ਦੇ ਆਧਾਰ ਉਤੇ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਨੇ ਇਸ ਸਾਰੇ ਮਾਮਲੇ ਨੂੰ ਘੋਖਿਆ ਅਤੇ ਕਮਿਸ਼ਨ ਦੇ ਚੇਅਰਪਰਸਨ ਨੂੰ ਆਪਣੀ ਰਿਪੋਰਟ ਪੇਸ਼ ਕੀਤੀ। ਚੇਅਰਪਰਸਨ ਵੱਲੋਂ ਇਸ ਰਿਪੋਰਟ ਦੇ ਆਧਾਰ ਉਤੇ ਮੁੱਖ ਪ੍ਰਸ਼ਾਸਕ ਪੁੱਡਾ ਤੋਂ ਐਕਸ਼ਨ ਟੇਕਨ ਰਿਪੋਰਟ ਮੰਗੀ ਗਈ। ਇਸ ਉਤੇ ਪੁੱਡਾ ਨੇ ਸ਼ਿਕਾਇਤਕਰਤਾ ਸ੍ਰੀ ਬਲਵਿੰਦਰ ਸਿੰਘ ਨੂੰ ਬਤੌਰ ਮੁੱਖ ਇੰਜਨੀਅਰ ਵਜੋਂ ਤਰੱਕੀ ਦੇ ਦਿੱਤੀ।