Connect with us

Health

ਐਨ.ਐਫ.ਐਚ.ਐਸ.-5 ਅੰਕੜਿਆਂ ਅਨੁਸਾਰ ਪੰਜਾਬ ਸਭ ਤੋਂ ਘੱਟ ਤੰਬਾਕੂ ਵਰਤੋਂ ਵਾਲੇ ਸੂਬੇ ਵਜੋਂ ਰਜਿਸਟਰਡ- ਓ.ਪੀ ਸੋਨੀ

Published

on

om parkash soni

ਐਨ.ਐਫ.ਐਚ.ਐਸ.-5 ਅੰਕੜਿਆਂ ਵਿੱਚ ਹੋਇਆ ਖੁਲਾਸਾ, ਪੰਜਾਬ ਕੋਟਪਾ ਨੂੰ ਲਾਗੂ ਕਰਨ ਵਿੱਚ ਹੋਇਆ ਸਫਲ

ਪੰਜਾਬ ਤੰਬਾਕੂ ਦੀ ਜ਼ੀਰੋ ਵਰਤੋਂ ਨੂੰ ਪ੍ਰਾਪਤ ਕਰਨ ਦੀ ਰਾਹ ‘ਤੇ

ਚੰਡੀਗੜ੍ਹ, ਨਵੰਬਰ : ਤੰਬਾਕੂ ਦੇ ਸੇਵਨ ਦੀ ਸਮੱਸਿਆ ਦੇ ਖਾਤਮੇ ਲਈ ਇਤਿਹਾਸ ਰਚਦਿਆਂ ਪੰਜਾਬ ਨੇ ਕੌਮੀ ਪਰਿਵਾਰ ਸਿਹਤ ਸਰਵੇਖਣ (ਐਨ.ਐਫ.ਐਚ.ਐਸ.-5) ਦੇ ਤਾਜ਼ਾ ਅੰਕੜਿਆਂ ਅਨੁਸਾਰ ਤੰਬਾਕੂ ਦੀ ਸਭ ਤੋਂ ਘੱਟ ਵਰਤੋਂ ਵਾਲੇ ਸਥਾਨ ਦਾ ਦਰਜਾ ਹਾਸਲ ਕਰਕੇ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ।

ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਉਪ ਮੁੱਖ ਮੰਤਰੀ, ਜਿਨ੍ਹਾਂ ਕੋਲ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦਾ ਚਾਰਜ ਵੀ ਹੈ, ਸ੍ਰੀ ਓ.ਪੀ. ਸੋਨੀ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਬਾਲਗਾਂ ਵਿੱਚ ਮੌਤ ਦਰ ਦਾ ਵੱਡਾ ਕਾਰਨ ਬਣੀ ਹੋਈ ਹੈ, ਖਾਸ ਕਰਕੇ ਭਾਰਤ ਵਰਗੇ ਦੇਸ਼ਾਂ ਵਿੱਚ, ਜਿੱਥੇ ਤੰਬਾਕੂ ਨਾਲ ਸਬੰਧਤ ਬਿਮਾਰੀਆਂ ਅਤੇ ਮੌਤਾਂ ਦੀ ਦਰ ਬਹੁਤ ਜਿਆਦਾ ਹੈ। ਭਾਰਤ ਵਿੱਚ ਹਰ ਸਾਲ 10 ਲੱਖ ਤੋਂ ਵੱਧ ਬਾਲਗ ਤੰਬਾਕੂ ਦੀ ਵਰਤੋਂ ਕਾਰਨ ਮਰਦੇ ਹਨ ਜੋ ਕੁੱਲ ਮੌਤਾਂ ਦਾ 9.5 ਫ਼ੀਸਦੀ ਬਣਦਾ ਹੈ। ਭਾਰਤ ਨੂੰ ਤੰਬਾਕੂਨੋਸ਼ੀ ਅਤੇ ਧੂੰਆਂ ਰਹਿਤ ਤੰਬਾਕੂ ਦੇ ਰੂਪ ਵਿੱਚ ਤੰਬਾਕੂ ਦੀ ਵਰਤੋਂ ਦੀ ਦੋਹਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਿਹਤ ਵਿਭਾਗ ਵੱਲੋਂ ਤੰਬਾਕੂ ਦੀ ਵਰਤੋਂ ਦੀ ਲਾਹਨਤ ਨੂੰ ਜੜ੍ਹੋਂ ਖਤਮ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸਾਰਥਕ ਸਿੱਧ ਹੋ ਰਹੇ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਕੌਮੀ ਪਰਿਵਾਰ ਸਿਹਤ ਸਰਵੇਖਣ (ਐਨਐਫਐਚਐਸ-5) ਦੇ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਤੰਬਾਕੂ ਦੀ ਵਰਤੋਂ ਹੁਣ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਸਭ ਤੋਂ ਘੱਟ ਹੈ। ਪੰਜਾਬ ਵਿੱਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੁਰਸ਼ਾਂ ਵਿੱਚ ਤੰਬਾਕੂ ਦੀ ਵਰਤੋਂ ਪਿਛਲੇ ਪੰਜ ਸਾਲਾਂ ਵਿੱਚ 19.2 ਫ਼ੀਸਦੀ (ਐਨਐਫਐਚਐਸ-4) ਤੋਂ ਘਟ ਕੇ 12.9 ਫ਼ੀਸਦੀ (ਐਨਐਫਐਚਐਸ-5) ਰਹਿ ਗਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ 15 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਸਿਰਫ 0.6 ਫ਼ੀਸਦ ਤੰਬਾਕੂ ਦੀ ਵਰਤੋਂ ਕਰਦੀਆਂ ਹਨ ਜਿਸ ਨਾਲ ਪੰਜਾਬ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਸਿਖਰ ‘ਤੇ ਹੈ।

ਉਪ ਮੁੱਖ ਮੰਤਰੀ ਓ.ਪੀ. ਸੋਨੀ ਨੇ ਰਾਜ ਤੰਬਾਕੂ ਕੰਟਰੋਲ ਸੈੱਲ, ਪੰਜਾਬ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈ ਦਿੰਦਿਆਂ ਦੱਸਿਆ ਕਿ ਪਿਛਲੇ 10 ਮਹੀਨਿਆਂ ਵਿੱਚ ਕੋਟਪਾ-2003 ਤਹਿਤ ਕੁੱਲ 5541 ਚਲਾਨ ਕੀਤੇ ਗਏ ਹਨ। ਸਾਰੇ ਜ਼ਿਲ੍ਹਿਆਂ ਵਿੱਚ ਤੰਬਾਕੂ ਮੁਕਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਵਿੱਚ ਮਰੀਜ਼ਾਂ ਨੂੰ ਤੰਬਾਕੂ ਛੱਡਣ ਲਈ ਮੁਫ਼ਤ ਕਾਊਂਸਲਿੰਗ ਅਤੇ ਬੁਪਰੋਪੀਅਨ, ਨਿਕੋਟੀਨ ਗਮਮ ਅਤੇ ਪੈਚਿਸ ਵਰਗੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਕੇਂਦਰਾਂ (ਅਪ੍ਰੈਲ-ਅਕਤੂਬਰ 2021) ਤੋਂ 7307 ਤੰਬਾਕੂ ਉਪਭੋਗਤਾਵਾਂ ਨੇ ਸੇਵਾਵਾਂ ਪ੍ਰਾਪਤ ਕੀਤੀਆਂ ਹਨ। ਸੂਬੇ ਦੇ 800 ਤੋਂ ਵੱਧ ਪਿੰਡਾਂ ਨੂੰ ਤੰਬਾਕੂ ਮੁਕਤ ਐਲਾਨਿਆ ਗਿਆ ਹੈ।

ਸ੍ਰੀ ਸੋਨੀ ਨੇ ਇਸ ਖੇਤਰ ਵਿੱਚ ਸਿਵਲ ਸੋਸਾਇਟੀ ਸੰਸਥਾਵਾਂ ਨੂੰ ਆਪਣਾ ਯੋਗਦਾਨ ਦੇਣ ਅਤੇ ਤੰਬਾਕੂ ਦੇ ਸੇਵਨ ਨਾਲ ਵਿਅਕਤੀਆਂ ਅਤੇ ਸਮਾਜ ਨੂੰ ਹੋਣ ਵਾਲੇ ਨੁਕਸਾਨ ਨੂੰ ਦੂਰ ਕਰਨ ਲਈ ਕਿਫਾਇਤੀ ਸਮਰੱਥਾ ਅਤੇ ਮਾਰਕੀਟਿੰਗ ਪਾਬੰਦੀਆਂ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਨੀਤੀਆਂ ਲਿਆਉਣ ‘ਤੇ ਜ਼ੋਰ ਦਿੱਤਾ।

ਸਿਹਤ ਅਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਡਾ. ਅੰਦੇਸ਼ ਕੰਗ, ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਦਿਆਂ ਕਿਹਾ ਕਿ ਤੰਬਾਕੂ ਦੀ ਵਰਤੋਂ ਕਈ ਤਰ੍ਹਾਂ ਦੀਆਂ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਅਤੇ ਮਾਨਸਿਕ ਸਿਹਤ ਵਿਗਾੜਾਂ ਨਾਲ ਜੁੜੀ ਹੋਈ ਹੈ, ਜਿਸ ਨਾਲ ਇਹਨਾਂ ਦੀ ਵਰਤੋਂ ਸਮਾਜਿਕ ਪ੍ਰਤਿਸ਼ਠਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਨੂੰ ਨੋਵਲ ਕਰੋਨਾ ਵਾਇਰਸ ਦਾ ਵਧੇਰੇ ਖ਼ਤਰਾ ਹੋ ਸਕਦਾ ਹੈ।