Punjab
ਪੰਜਾਬ ਵਿਧਾਨ ਸਭਾ ਚੋਣਾਂ 2022: ਭਾਰਤੀ ਚੋਣ ਕਮਿਸ਼ਨ ਨੇ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਲਈ ਮੁਲਾਂਕਣ ਪ੍ਰੋਗਰਾਮ ਕਰਵਾਇਆ
ਚੰਡੀਗੜ੍ਹ,
ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ) ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਦਫ਼ਤਰ ਮੁੱਖ ਚੋਣ ਅਧਿਕਾਰੀ, ਪੰਜਾਬ ਨੇ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮੈਗਸੀਪਾ) ਵਿਖੇ ਰਿਟਰਨਿੰਗ ਅਫਸਰਾਂ (ਆਰ.ਓਜ਼) ਅਤੇ ਸਹਾਇਕ ਰਿਟਰਨਿੰਗ ਅਫਸਰਾਂ (ਏ.ਆਰ.ਓਜ਼) ਲਈ ਇੱਕ ਮੁਲਾਂਕਣ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਵਿੱਚ ਸੂਬੇ ਭਰ ਦੇ 111 ਆਰ.ਓਜ਼ ਅਤੇ ਏ.ਆਰ.ਓਜ਼ ਨੇ ਹਿੱਸਾ ਲਿਆ ਅਤੇ ਚੋਣਾਂ ਦੀ ਆਮ ਜਾਣਕਾਰੀ ਦੇ ਆਧਾਰ `ਤੇ ਆਯੋਜਿਤ ਕੀਤੇ ਗਏ ਦੋ ਆਨਲਾਈਨ ਟੈਸਟ ਵੀ ਦਿੱਤੇ।
ਇਹ ਟੈਸਟ ਸੈਕਸ਼ਨ ਅਫਸਰ ਯੋਗੇਸ਼ ਸਹਾਰਨ, ਜਿਨ੍ਹਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਇਨਵਿਜੀਲੇਟਰ ਤਾਇਨਾਤ ਕੀਤਾ ਗਿਆ ਸੀ, ਦੀ ਨਿਗਰਾਨੀ ਹੇਠ ਕਰਵਾਏ ਗਏ। ਇਸ ਪ੍ਰੋਗਰਾਮ ਦੌਰਾਨ ਪੰਜਾਬ ਦੇ ਸੀਈਓ ਡਾ. ਐਸ ਕਰੁਣਾ ਰਾਜੂ, ਵਧੀਕ ਸੀਈਓ ਅਮਨਦੀਪ ਕੌਰ ਅਤੇ ਜੁਆਇੰਟ ਸੀਈਓ ਇੰਦਰਪਾਲ ਸਿੰਘ ਵੀ ਮੌਜੂਦ ਸਨ।
ਡਾ. ਰਾਜੂ ਨੇ ਮੁਲਾਂਕਣ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਤੇ ਸਾਰੇ ਆਰ.ਓਜ਼ ਅਤੇ ਏ.ਆਰ.ਓਜ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਕੋਈ ਪ੍ਰੀਖਿਆ ਨਹੀਂ ਸੀ ਬਲਕਿ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਚੋਣਾਂ ਕਰਵਾਉਣ ਬਾਰੇ ਹੋਰ ਜਾਣਕਾਰੀ ਦੇਣ ਦਾ ਇੱਕ ਉਪਰਾਲਾ ਸੀ। ਉਨ੍ਹਾਂ ਕਿਹਾ ਕਿ ਚੋਣਾਂ ਕਰਵਾਉਣ ਲਈ ਆਰ.ਓਜ਼ ਅਤੇ ਏ.ਆਰ.ਓਜ਼ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੁਤੰਤਰ, ਨਿਰਪੱਖ ਅਤੇ ਸੁਰੱਖਿਅਤ ਚੋਣਾਂ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ। ਇਸ ਦੌਰਾਨ, ਡਾ. ਰਾਜੂ ਨੇ ਆਰ.ਓਜ਼ ਅਤੇ ਏ.ਆਰ.ਓਜ਼ ਨੂੰ ਜ਼ਿਲ੍ਹਾ ਚੋਣ ਪ੍ਰਬੰਧਨ ਯੋਜਨਾ ਬਾਰੇ ਵੀ ਜਾਣੂ ਕਰਵਾਇਆ।