Punjab
ਡਾ. ਸੰਦੀਪ ਗਰਗ ਨੇ ਪਟਿਆਲਾ ਦੇ ਨਵੇਂ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲਿਆ
ਪਟਿਆਲਾ,
ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਨਵੇਂ ਐਸ.ਐਸ.ਪੀ. ਵਜੋਂ ਤਾਇਨਾਤ ਕੀਤੇ ਗਏ 2012 ਬੈਚ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਡਾ. ਸੰਦੀਪ ਗਰਗ ਨੇ ਇੱਥੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਐਸ.ਐਸ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹੇ ‘ਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਸਮੇਤ ਨਸ਼ਿਆਂ ਅਤੇ ਜੁਰਮ ਦੀ ਰੋਕਥਾਮ ਲਈ ਪੁਲਿਸ ਨੂੰ ਸਹਿਯੋਗ ਕਰਨ ਅਤੇ ਨਸ਼ਾ ਤਸਕਰਾਂ ਸਮੇਤ ਸਮਾਜ ਵਿਰੋਧੀ ਅਨਸਰਾਂ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ।
ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਨਿਵਾਸੀਆਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪਹਿਲਕਦਮੀ, ਪਾਰਦਰਸ਼ੀ, ਕੁਸ਼ਲ ਪੁਲਿਸ ਪ੍ਰਸ਼ਾਸਨ ਅਤੇ ਥਾਣਿਆਂ ‘ਚ ਲੋਕਾਂ ਦੀ ਸੁਣਵਾਈ ਹੈ, ਜਿਸ ਲਈ ਜ਼ਿਲ੍ਹਾ ਪੁਲਿਸ ਨੂੰ ਹਦਾਇਤ ਕਰ ਦਿੱਤੀ ਗਈ ਹੈ। ਐਸ.ਐਸ.ਪੀ. ਨੇ ਉਨ੍ਹਾਂ ਨੂੰ ਪਟਿਆਲਾ ‘ਚ ਮੁੜ ਤੋਂ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜੁਰਮ ਅਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ ਲਈ ਹਦਾਇਤਾਂ ‘ਤੇ ਪਟਿਆਲਾ ਪੁਲਿਸ ਵੱਲੋਂ ਸਖਤੀ ਨਾਲ ਅਮਲ ਕੀਤਾ ਜਾਵੇਗਾ।
ਡਾ. ਗਰਗ ਨੇ ਕਿਹਾ ਕਿ ਚੋਣਾਂ ਸਿਰ ‘ਤੇ ਹੋਣ ਕਰਕੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣਾਂ, ਡਰ-ਭੈ ਮੁਕਤ, ਨਿਰਪੱਖ ਤੇ ਸੁਤੰਤਰ ਕਰਵਾਉਣ ਲਈ ਪਟਿਆਲਾ ਪੁਲਿਸ ਪੁਰਜ਼ੋਰ ਤਿਆਰੀ ਕਰਦੇ ਹੋਏ ਆਪਣਾ ਫ਼ਰਜ਼ ਬਾਖੂਬੀ ਅਦਾ ਕਰੇਗੀ।
ਐਸ.ਐਸ.ਪੀ. ਨੇ ਲਾਇਸੰਸੀ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਤੁਰੰਤ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਬੂਥਾਂ ਦੀ ਪਛਾਣ ਕਰਕੇ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਭਗੌੜਿਆਂ, ਗੁੰਡਾ ਅਨਸਰਾਂ, ਸ਼ਰਾਬ ਤੇ ਹੋਰ ਨਸ਼ਿਆਂ ਦੇ ਤਸਕਰਾਂ, ਸ਼ਰਾਰਤੀ ਜਾਂ ਸਮਾਜ ਵਿਰੋਧੀ ਅਨਸਰਾਂ ਨਾਲ ਨਰਮੀ ਨਹੀਂ ਵਰਤੀ ਜਾਵੇਗੀ। ਇਸ ਤੋਂ ਬਿਨ੍ਹਾਂ ਅੰਤਰਰਾਜੀ ਤੇ ਅੰਤਰ ਜ਼ਿਲ੍ਹਾ ਨਾਕਿਆਂ ‘ਤੇ ਪੂਰੀ ਚੌਕਸੀ ਰੱਖੀ ਜਾਵੇਗੀ।
ਐਸ.ਐਸ.ਪੀ. ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪਟਿਆਲਾ ਸ਼ਹਿਰ ‘ਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਨੂੰ ਹੋਰ ਵਧੇਰੇ ਚੁਸਤ-ਦਰੁਸਤ ਕੀਤਾ ਜਾਵੇਗਾ ਅਤੇ ਹੁਲੜਬਾਜਾਂ ਤੇ ਗ਼ਲਤ ਪਾਰਕਿੰਗ ਸਮੇਤ ਆਵਾਜਾਈ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕੋਵਿਡ ਮਹਾਂਮਾਰੀ ਦੇ ਖ਼ਤਰੇ ਕਰਕੇ ਪੁਲਿਸ ਜ਼ਿਲ੍ਹਾ ਮੈਜਿਸਟ੍ਰੇਟ ਤੇ ਸਰਕਾਰ ਦੇ ਹੁਕਮਾਂ ‘ਤੇ ਸਖ਼ਤੀ ਨਾਲ ਅਮਲ ਕਰੇਗੀ।
ਐਸ.ਐਸ.ਪੀ. ਡਾ. ਗਰਗ ਵੱਲੋਂ ਅਹੁਦਾ ਸੰਭਾਲਣ ਮੌਕੇ ਐਸ.ਪੀ. ਸਿਟੀ ਹਰਪਾਲ ਸਿੰਘ ਸਮੇਤ ਡੀ.ਐਸ.ਪੀਜ ਗੁਰਦੇਵ ਸਿੰਘ ਧਾਲੀਵਾਲ, ਕ੍ਰਿਸ਼ਨ ਕੁਮਾਰ ਪਾਂਥੇ, ਅਜੇਪਾਲ ਸਿੰਘ, ਮੋਹਿਤ ਅਗਰਵਾਲ, ਰਜੇਸ਼ ਛਿੱਬੜ, ਸੁਖਮਿੰਦਰ ਸਿੰਘ ਚੌਹਾਨ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਡਾ. ਸੰਦੀਪ ਗਰਗ, 10 ਮਈ ਤੋਂ 14 ਅਕਤੂਬਰ 2021 ਦੇ ਸਮੇਂ ਦੌਰਾਨ ਵੀ ਪਟਿਆਲਾ ਦੇ ਐਸ.ਐਸ.ਪੀ. ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਉਹ ਮਾਨਸਾ ਤੋਂ ਬਦਲਕੇ ਇੱਥੇ ਆਏ ਹਨ। ਡਾ. ਸੰਦੀਪ ਗਰਗ ਨੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਜ਼ਿਲ੍ਹੇ ਦੀ ਪੁਲਿਸਿੰਗ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਇਸ ਤੋਂ ਪਹਿਲਾਂ ਪੁਲਿਸ ਦੀ ਟੁਕੜੀ ਨੇ ਐਸ.ਐਸ.ਪੀ. ਨੂੰ ਗਾਰਡ ਆਫ਼ ਆਨਰ ਦਿੱਤਾ।