Connect with us

Punjab

ਜ਼ਿਲ੍ਹਾ ਸਵੀਪ ਟੀਮ ਵੱਲੋਂ ਸਲੋਗਨ ਅਤੇ ਕੰਧ ਚਿੱਤਰਕਾਰੀ ਰਾਹੀਂ ਵੋਟਰ ਜਾਗਰੂਕਤਾ ਦਾ ਸੁਨੇਹਾ

Published

on

ਪਟਿਆਲਾ,


ਪੰਜਾਬ ਵਿਧਾਨ ਸਭਾ ਚੋਣਾਂ ’ਚ ਬਜ਼ੁਰਗ ਵੋਟਰਾਂ ਤੇ ਦਿਵਿਆਂਗਜਨ ਵੋਟਰਾਂ ਨੂੰ ਲੋਕਤੰਤਰ ਦੇ ਮਹਾਂ ਤਿਉਹਾਰ ਵਿੱਚ ਸ਼ਮੂਲੀਅਤ ਕਰਵਾਉਣ ਲਈ ਜ਼ਿਲ੍ਹਾ ਸਵੀਪ ਟੀਮ ਲਗਾਤਾਰ ਨਵੇਂ ਉਪਰਾਲੇ ਕਰ ਰਹੀ ਹੈ। ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਦੀ ਅਗਵਾਈ ਵਿਚ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਰਾਸ਼ਟਰੀ ਅਤੇ ਰਾਜ ਪੱਧਰੀ ਪ੍ਰਾਪਤੀਆਂ ਕਰ ਚੁੱਕੀਆਂ ਸ਼ਖ਼ਸੀਅਤਾਂ ਦੀਆਂ ਸੇਵਾਵਾਂ ਲੈ ਕੇ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਇਸ ਲੜੀ ਦੌਰਾਨ ਰਾਸ਼ਟਰਪਤੀ ਅਵਾਰਡੀ ਅਧਿਆਪਕ ਗੁਰਪ੍ਰੀਤ ਸਿੰਘ ਨਾਮਧਾਰੀ ਅਤੇ ਸਾਬਕਾ ਅਧਿਆਪਕ ਧਰਮਪਾਲ ਸ਼ਾਸਤਰੀ ਦੀਆਂ ਸੇਵਾਵਾਂ ਨਾਲ ਸਲੋਗਨ ਲਿਖ ਕੇ ਅਤੇ ਲੋਕਤੰਤਰ ਨਾਲ ਸਬੰਧਤ ਪੇਂਟਿੰਗਾਂ ਅਤੇ ਕੰਧ ਚਿੱਤਰਾਂ ਨਾਲ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਜਾਗਰੂਕ ਕੀਤਾ ਜਾ ਰਿਹਾ ਹੈ।


ਇਸ ਕਾਰਜ ਵਿੱਚ ਹਲਕਾ ਨਾਭਾ ਦੇ ਨੋਡਲ ਅਫ਼ਸਰ ਸਵੀਪ ਪ੍ਰੋ ਸੁਰਿੰਦਰ ਪੁਰੀ ਸਰਕਾਰੀ ਰਿਪੁਦਮਨ ਕਾਲਜ, ਅਤੇ ਲਵਪ੍ਰੀਤ ਸਿੰਘ (ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ) ਵੱਲੋਂ ਵੀ ਵਿਸ਼ੇਸ਼ ਯੋਗਦਾਨ ਦਿੱਤਾ ਜਾ ਰਿਹਾ ਹੈ। ਅੱਜ ਗੁਰਪ੍ਰੀਤ ਸਿੰਘ ਨਾਮਧਾਰੀ ਆਪਣੀ ਟੀਮ ਸਮੇਤ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਦੇ ਦਫ਼ਤਰ ਪਹੁੰਚੇ ਇਸ ਸਮੇਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਵੀ ਉਨ੍ਹਾਂ ਦੇ ਨਾਲ ਸਨ।


ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨਾਮਧਾਰੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਡੌਰ, ਸਰਕਾਰੀ ਰਿਪੁਦਮਨ ਕਾਲਜ ਨਾਭਾ, ਸਰਕਾਰੀ ਮਾਡਲ ਹਾਈ ਸਕੂਲ ਨਾਭਾ, ਸਰਕਾਰੀ ਹਾਈ ਸਕੂਲ ਨਰੜੂ ਸਰਕਾਰੀ ਮਿਡਲ ਸਕੂਲ ਪੇਧਨ ਵਿਖੇ ਵੋਟਰ ਜਾਗਰੂਕਤਾ ਸਬੰਧੀ ਕੰਧ ਚਿੱਤਰ ਤਿਆਰ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਦੀ ਚੰਡੀਗੜ੍ਹ ਦੋ ਰੋਜ਼ਾ ਰੀਵਿਊ ਮੀਟਿੰਗ ਦੌਰਾਨ ਵੀ ਨਾਮਧਾਰੀ ਜੀ ਦੀਆਂ ਪੇਂਟਿੰਗਾਂ ਦੀ ਬਹੁਤ ਪ੍ਰਸ਼ੰਸਾ ਹੋਈ ਸੀ। ਉਪਰੋਕਤ ਜੋੜੀ ਵੱਲੋਂ ਕੰਧ ਚਿੱਤਰਾਂ ਦੇ ਨਾਲ ਨਾਲ ਕਵਿਤਾਵਾਂ ਬੋਲ ਕੇ ਲਗਭਗ 70 ਪਿੰਡਾਂ ਵਿੱਚ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੱਤਾ ਗਿਆ ਹੈ। ਪ੍ਰੋ ਅੰਟਾਲ ਨੇ ਦੱਸਿਆ ਕਿ ਰਾਸ਼ਟਰੀ ਵੋਟਰ ਦਿਵਸ ਤੋਂ ਪਹਿਲਾਂ ਉਪਰੋਕਤ ਟੀਮ ਵੱਲੋਂ ਮਿੰਨੀ ਸਕੱਤਰੇਤ ਵਿਖੇ ਵੀ ਕੰਧ ਚਿੱਤਰ ਤਿਆਰ ਕੀਤੇ ਜਾਣਗੇ।