Punjab
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਟਰੈਵਲ ਏਜੰਟਾਂ ਸਬੰਧੀ ਐਡਵਾਈਜ਼ਰੀ ਜਾਰੀ
ਪਟਿਆਲਾ: ਵਿਦੇਸ਼ ਭੇਜਣ ਦੇ ਮਾਮਲਿਆਂ ਵਿੱਚ ਧੋਖਾਧੜੀ ਨੂੰ ਨੱਥ ਪਾਉਣ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਇਸੰਸ ਸ਼ੁਦਾ ਟਰੈਵਲ ਏਜੰਟਾਂ ਰਾਹੀਂ ਹੀ ਕੰਮ ਕਰਵਾਉਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਜਿਸਟਰਡ ਕੀਤੇ ਗਏ ਟਰੈਵਲ ਏਜੰਟਾਂ ਦੀ ਸੂਚੀ ਪਟਿਆਲਾ ਜ਼ਿਲ੍ਹੇ ਦੀ ਵੈਬਸਾਈਟ ‘ਤੇ ਪਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਟਰੈਵਲ ਦੇ ਕੰਮ ਕਾਰ ਵਿੱਚ ਲੱਗੀਆਂ ਰਜਿਸਟਰਡ ਫਰਮਾਂ ਅਤੇ ਕੰਪਨੀਆਂ ਦੀ ਸਮੇਂ ਸਮੇਂ ‘ਤੇ ਜਾਂਚ ਕਰਨ ਲਈ ਸਬ ਡਵੀਜ਼ਨ ਪੱਧਰ ‘ਤੇ ਜਾਂਚ ਟੀਮਾਂ ਦੀ ਗਠਨ ਵੀ ਕੀਤਾ ਹੋਇਆ ਹੈ। ਇਨ੍ਹਾਂ ਟੀਮਾਂ ਵੱਲੋਂ ਟਰੈਵਲ ਏਜੰਟਾਂ, ਆਇਲਟਸ ਸੈਂਟਰ ਤੇ ਇਮੀਗਰੇਸ਼ਨ ਕੰਨਸਲਟੈਂਸੀ ਦੇ ਲਾਇਸੰਸ, ਪਤੇ, ਦਫ਼ਤਰ ਵਿਚ ਰਿਕਾਰਡ ਰਜਿਸਟਰ, ਫੀਸ ਸਮੇਤ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਛਿਮਾਹੀ ਰਿਪੋਰਟ ਪ੍ਰਾਪਤ ਕੀਤੀ ਜਾਂਦੀ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਵਾਸੀਆਂ ਨੂੰ ਰਜਿਸਟਰਡ ਟਰੈਵਲ ਏਜੰਟਾਂ ਰਾਹੀਂ ਹੀ ਆਪਣਾ ਕੰਮ ਕਰਵਾਉਣ ਤੇ ਅਣ ਰਜਿਸਟਰਡ ਟਰੈਵਲ ਏਜੰਟਾਂ ਤੋਂ ਬਚਾਅ ਲਈ ਪਟਿਆਲਾ ਜ਼ਿਲ੍ਹੇ ਦੀ ਵੈਬਸਾਈਟ ‘ਤੇ ਪਈ ਰਜਿਸਟਰਡ ਟਰੈਵਲ ਏਜੰਟਾਂ ਦੀ ਲਿਸਟ ਨੂੰ ਘੋਖਣ ਲਈ ਕਿਹਾ ਤਾਂ ਕਿ ਧੋਖਾਧੜੀ ਤੋਂ ਬਚਿਆ ਜਾ ਸਕੇ।