Punjab
ਰਾਜਿੰਦਰਾ ਹਸਪਤਾਲ ਵਿਖੇ ਲਗਾਇਆ ਖੂਨਦਾਨ ਕੈਂਪ
ਪਟਿਆਲਾ: ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਅੱਜ 131ਵੇਂ ਜਨਮ ਦਿਵਸ ਨੂੰ ਸਮਰਪਿਤ ਸਰਕਾਰੀ ਰਾਜਿੰਦਰ ਹਸਪਤਾਲ ਵਿਖੇ ਖੂਨਦਾਨ ਕੈਪ ਲਗਾਇਆ ਗਿਆ, ਜਿਸ ‘ਚ 75 ਵਲੰਟੀਅਰਾਂ ਵੱਲੋਂ ਖੂਨਦਾਨ ਕੀਤਾ ਗਿਆ।
ਸਰਕਾਰੀ ਮੈਡੀਕਲ ਕਾਲਜ ਤੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਲਗਾਏ ਇਸ ਖੂਨਦਾਨ ਕੈਪ ਦਾ ਉਦਘਾਟਨ ਡਾਇਰੈਕਟਰ ਰਿਸਰਚ ਅਤੇ ਮੈਡੀਕਲ ਸਿੱਖਿਆ ਡਾ. ਅਵਨੀਸ਼ ਕੁਮਾਰ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸੇ ਦੂਸਰੇ ਦੀ ਜਾਨ ਬਚਾਉਣ ਲਈ ਖੂਨਦਾਨੀ ਵੱਲੋਂ ਦਿੱਤਾ ਗਿਆ ਖੂਨ ਕਿਸੇ ਦੀ ਜ਼ਿੰਦਗੀ ਬਚਾਅ ਸਕਦਾ ਹੈ। ਉਨ੍ਹਾਂ ਹਰੇਕ ਤੰਦਰੁਸਤ ਵਿਅਕਤੀ ਨੂੰ ਆਪਣਾ ਖੂਨ ਦਾਨ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਦੀ ਸਗੋਂ ਸਰੀਰ ‘ਚ ਖੂਨ ਥੋੜ੍ਹੇ ਸਮੇਂ ‘ਚ ਹੀ ਪੂਰਾ ਹੋ ਜਾਂਦਾ ਹੈ।
ਇਸ ਮੌਕੇ ਮੈਡੀਕਲ ਸੁਪਰਡੈਂਟ ਸਰਕਾਰੀ ਰਾਜਿੰਦਰਾ ਹਸਪਤਾਲ ਡਾ. ਐਚ.ਐਸ ਰੇਖੀ ਨੇ ਕਿਹਾ ਕਿ ਹਸਪਤਾਲ ‘ਚ ਬਲੱਡ ਬੈਕ ਬਣਿਆ ਹੋਇਆ ਹੈ ਤੇ ਇਥੇ ਵਲੰਟੀਅਰਜ਼ ਵੱਲੋਂ ਲੋੜਵੰਦਾਂ ਦੀ ਮਦਦ ਲਈ ਖੂਨਦਾਨ ਵੀ ਨਿਰੰਤਰ ਕੀਤਾ ਜਾਂਦਾ ਹੈ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਇਸ ਮਨੁੱਖਤਾ ਦੀ ਸੇਵਾ ਵਾਲੇ ਕੰਮ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਇੰਚਾਰਜ ਬਲੱਡ ਬੈਕ ਹਰਪਾਲ ਸਿੰਘ ਵੀ ਮੌਜੂਦ ਸਨ। ਕੈਂਪ ਦੌਰਾਨ ਹਾਜ਼ਰ ਖੂਨਦਾਨੀਆਂ ਨੇ ਮਨੁੱਖਤਾ ਦੀ ਸੇਵਾ ਲਈ ਬਿਨਾਂ ਕਿਸੇ ਭੇਦ ਭਾਵ ਦੇ ਖੂਨਦਾਨ ਕਰਨ ਦੀ ਸਹੁੰ ਖਾਧੀ।