Punjab
ਪੰਜਾਬ ਦੇ ਲੋਕਾਂ ਨੂੰ 16 ਨੂੰ ਮਿਲੇਗਾ ਵੱਡਾ ਤੋਹਫ਼ਾ, ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ- ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕੱਲ੍ਹ ਯਾਨੀ ਕਿ 16 ਅਪ੍ਰੈਲ ਨੂੰ ਆਪਣੇ ਕਾਰਜਕਾਲ ਦਾ ਇੱਕ ਮਹੀਨਾ ਪੂਰਾ ਕਰੇਗੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਵੱਡਾ ਐਲਾਨ ਕਰ ਸਕਦੇ ਹਨ। ਮੁੱਖ ਮੰਤਰੀ ਸ਼ਨੀਵਾਰ ਨੂੰ ਸੂਬੇ ਦੇ ਲੋਕਾਂ ਲਈ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਸਕਦੇ ਹਨ। ਮਾਨ ਨੇ 14 ਅਪ੍ਰੈਲ ਨੂੰ ਜਲੰਧਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ, ’16 ਤਰੀਕ ਨੂੰ ਅਸੀਂ ਪੰਜਾਬ ਵਾਸੀਆਂ ਨੂੰ ਵੱਡੀ ਖੁਸ਼ਖਬਰੀ ਦੇਵਾਂਗੇ।’
ਪ੍ਰੈੱਸ ਕਾਨਫਰੰਸ ਵਿੱਚ ਜਦੋਂ ਉਨ੍ਹਾਂ ਨੂੰ ਚੋਣ ਵਾਅਦਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਹਾਲੇ ਤਾਂ ਬੀਜ ਬਿਜਿਆ ਹੈ ਤੇ ਹੁਣ ਤੁਸੀਂ ਪੁੱਛ ਰਹੇ ਹੋ ਕਿ ਅੰਬ ਕਿਉਂ ਨਹੀਂ ਲੱਗ ਰਹੇ? ਮੈਨੂੰ ਕੁਝ ਸਮਾਂ ਦਿਓ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।’ ਇਸ ਤੋਂ ਪਹਿਲਾਂ ਪੰਜਾਬ ਦੀ ਨਵੀਂ ਸਰਕਾਰ ਨੇ ਪਿਛਲੇ ਮਹੀਨੇ ਸੂਬੇ ਵਿੱਚ ਘਰ-ਘਰ ਰਾਸ਼ਨ ਵੰਡਣ ਦੀ ਸਕੀਮ ਸ਼ੁਰੂ ਕੀਤੀ ਸੀ। ਧਿਆਨ ਯੋਗ ਹੈ ਕਿ ਇਹ ਪਾਰਟੀ ਦੇ ਮੁੱਖ ਚੋਣ ਏਜੰਡੇ ਵਿੱਚ ਸ਼ਾਮਲ ਸੀ। ਹੁਣ ਸਭ ਨੂੰ 16 ਅਪ੍ਰੈਲ ਦਾ ਇੰਤਜ਼ਾਰ ਹੈ।
ਆਮ ਆਦਮੀ ਪਾਰਟੀ ਦੇ ਸੂਤਰਾਂ ਅਨੁਸਾਰ ਮਾਨ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਪੰਜਾਬ ‘ਚ 300 ਯੂਨਿਟ ਤੱਕ ਮੁਫਤ ਬਿਜਲੀ ਦੇਣ ਦੀ ਯੋਜਨਾ ‘ਤੇ ਚਰਚਾ ਕੀਤੀ ਸੀ।