Punjab
ਲੈਫਟੀਨੈਂਟ ਜਨਰਲ ਮਨੋਜ ਪਾਂਡੇ ਹੋਣਗੇ ਨਵੇਂ ਆਰਮੀ ਚੀਫ਼
ਨਵੀਂ ਦਿੱਲੀ: ਲੈਫਟੀਨੈਂਟ ਜਨਰਲ ਮਨੋਜ ਪਾਂਡੇ ਥਲ ਸੈਨਾ ਦੇ ਅਗਲੇ ਮੁਖੀ ਹੋਣਗੇ ਅਤੇ ਜਨਰਲ ਐਮ;ਐਮ ਨਰਵਾਣੇ ਦੀ ਥਾਂ ਲੈਣਗੇ , ਜਿਨ੍ਹਾਂ ਦਾ ਕਾਰਜਕਾਲ ਇਸ ਮਹੀਨੇ ਦੇ ਅੰਤ ਵਿੱਚ ਖ਼ਤਮ ਹੋ ਰਿਹਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਲੈਫਟੀਨੈਂਟ ਜਨਰਲ ਪਾਂਡੇ ਇਸ ਸਮੇਂ ਥਲ ਸੈਨਾ ਦੇ ਉਪ ਮੁਖੀ ਹਨ। ਥਲ ਸੈਨਾ ਦਾ ਉਪ ਮੁਖੀ ਬਣਨ ਤੋਂ ਪਹਿਲਾਂ ਉਹ ਫੌਜ ਦੀ ਪੂਰਬੀ ਕਮਾਂਡ ਦੀ ਅਗਵਾਈ ਕਰ ਰਹੇ ਸਨ। ਇਹ ਕਮਾਂਡ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸੈਕਟਰਾਂ ਵਿੱਚ ਅਸਲ ਕੰਟਰੋਲ ਰੇਖਾ ਦੀ ਰਾਖੀ ਲਈ ਜ਼ਿੰਮੇਵਾਰ ਹੈ। ਜਨਰਲ ਨਰਵਾਣੇ ਦਾ ਕਾਰਜਕਾਲ 30 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ।
ਲੈਫਟੀਨੈਂਟ ਜਨਰਲ ਪਾਂਡੇ ਨੂੰ ਦਸੰਬਰ 1982 ਵਿੱਚ ‘ਬੰਬੇ ਸੈਪਰਸ’ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਉਨ੍ਹਾਂ ਨੇ ਆਪਣੇ ਸ਼ਾਨਦਾਰ ਕੈਰੀਅਰ ਵਿੱਚ ਕਈ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ ਅਤੇ ਵੱਖ-ਵੱਖ ਖੇਤਰਾਂ ਵਿੱਚ ਅੱਤਵਾਦ ਵਿਰੋਧੀ ਮੁਹਿੰਮਾਂ ਵਿੱਚ ਹਿੱਸਾ ਲਿਆ।
ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਆਪਰੇਸ਼ਨ ਪਰਾਕਰਮ ਦੌਰਾਨ ਕੰਟਰੋਲ ਰੇਖਾ ਦੇ ਨਾਲ ਇੱਕ ਇੰਜੀਨੀਅਰ ਰੈਜੀਮੈਂਟ ਦੀ ਕਮਾਂਡ ਸੰਭਾਲੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੱਛਮੀ ਲੱਦਾਖ ਦੇ ਉੱਚੇ ਖੇਤਰਾਂ ਵਿੱਚ ਇੱਕ ਪਹਾੜੀ ਡਿਵੀਜ਼ਨ ਅਤੇ ਉੱਤਰ-ਪੂਰਬ ਵਿੱਚ ਇੱਕ ਕੋਰ ਦੀ ਕਮਾਂਡ ਸੰਭਾਲੀ।
ਉਨ੍ਹਾਂ ਨੇ ਇਥੋਪੀਆ ਅਤੇ ਏਰੀਟਰੀਆ ਵਿੱਚ ਸੰਯੁਕਤ ਰਾਸ਼ਟਰ ਮਿਸ਼ਨਾਂ ਵਿੱਚ ਮੁੱਖ ਇੰਜੀਨੀਅਰ ਵਜੋਂ ਵੀ ਕੰਮ ਕੀਤਾ ਹੈ। ਉਹ ਜੂਨ 2020 ਤੋਂ ਮਈ 2021 ਤੱਕ ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ ਕਮਾਂਡਰ-ਇਨ-ਚੀਫ਼ ਰਹੇ।
ਉਨ੍ਹਾਂ ਦੀ ਵਿਲੱਖਣ ਸੇਵਾ ਲਈ, ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ, ਚੀਫ਼ ਆਫ਼ ਆਰਮੀ ਸਟਾਫ਼ ਵੱਲੋਂ ਪ੍ਰਸ਼ੰਸਾ ਆਦਿ ਨਾਲ ਸਨਮਾਨਿਤ ਕੀਤਾ ਗਿਆ ਹੈ।